ਮੇਰਾ ਸਾਰਾ ਧਿਆਨ ਹਾਲੇ ਮਿਸੀਸਾਗਾ ਦੇ ਮੇਅਰਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵੱਲ
ਮਿਸੀਸਾਗਾ/ਬਿਊਰੋ ਨਿਊਜ਼ : ਓਨਟਾਰੀਓ ਦੀ ਲਿਬਰਲ ਪਾਰਟੀ ਵੱਲੋਂ ਲੀਡਰਸ਼ਿਪ ਲਈ ਖੜ੍ਹੇ ਹੋਣ ਦਾ ਸੱਦਾ ਮਿਲਣ ਦੀਆਂ ਖਬਰਾਂ ਦਰਮਿਆਨ ਬੋਨੀ ਕ੍ਰੌਂਬੀ ਨੇ ਆਖਿਆ ਹੈ ਕਿ ਉਨ੍ਹਾਂ ਦਾ ਪੂਰਾ ਧਿਆਨ ਅਜੇ ਮਿਸੀਸਾਗਾ ਦੀ ਮੇਅਰ ਦੀਆਂ ਜ਼ਿੰਮੇਵਾਰੀਆਂ ਉੱਤੇ ਹੀ ਪੂਰੀ ਤਰ੍ਹਾਂ ਕੇਂਦਰਿਤ ਹੈ।
ਸਿਟੀ ਲਈ ਨਵੀਂ ਹਾਊਸਿੰਗ ਸਟਰੈਟੇਜੀ ਉਲੀਕਣ ਲਈ ਮਿਸੀਸਾਗਾ ਵਿੱਚ ਰੱਖੀ ਗਈ ਨਿਊਜ਼ ਕਾਨਫਰੰਸ ਤੋਂ ਬਾਅਦ ਕ੍ਰੌਂਬੀ ਵੱਲੋਂ ਇਹ ਟਿੱਪਣੀ ਕੀਤੀ ਗਈ। ਜ਼ਿਕਰਯੋਗ ਹੈ ਕਿ ਮੀਡੀਆ ਵਿੱਚ ਆਈਆਂ ਰਿਪੋਰਟਾਂ, ਜਿਨ੍ਹਾਂ ਵਿੱਚ ਆਖਿਆ ਗਿਆ ਸੀ ਕਿ ਲਿਬਰਲ ਪਾਰਟੀ ਦੇ ਮੈਂਬਰਾਂ ਵੱਲੋਂ ਕ੍ਰੌਂਬੀ ਨੂੰ ਪ੍ਰੋਵਿੰਸੀਅਲ ਸਿਆਸਤ ਵਿੱਚ ਸ਼ਾਮਲ ਹੋਣ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ, ਦੇ ਸਬੰਧ ਵਿੱਚ ਕ੍ਰੌਂਬੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ।
ਲਿਬਰਲ ਲੀਡਰਸ਼ਿਪ ਵਿੱਚ ਕੋਈ ਦਿਲਚਸਪੀ ਹੋਣ ਜਾਂ ਨਾ ਹੋਣ ਬਾਰੇ ਕ੍ਰੌਂਬੀ ਤੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਇਸ ਸਮੇਂ ਉਨ੍ਹਾਂ ਕੋਲ ਮਿਸੀਸਾਗਾ ਵਿੱਚ ਕਾਫੀ ਕੰਮ ਹਨ। ਉਨ੍ਹਾਂ ਆਖਿਆ ਕਿ ਉਹ ਆਪਣੀ ਸਿਟੀ ਨੂੰ ਬਹੁਤ ਪਿਆਰ ਕਰਦੀ ਹੈ ਤੇ ਮੇਅਰ ਵਜੋਂ ਆਪਣਾ ਕੰਮ ਵੀ ਉਨ੍ਹਾਂ ਨੂੰ ਕਾਫੀ ਪਸੰਦ ਹੈ। ਉਨ੍ਹਾਂ ਆਖਿਆ ਕਿ ਅਸੀਂ ਹਾਊਸਿੰਗ ਪਲੈਨ ਪੇਸ਼ ਕੀਤਾ ਹੈ।
ਇਸ ਤੋਂ ਪਹਿਲਾਂ ਅਸੀਂ ਆਪਣੇ ਨਵੇਂ ਹਸਪਤਾਲ ਲਈ 75 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਆਖਿਆ ਕਿ ਮਿਸੀਸਾਗਾ ਵਿੱਚ ਹੀ ਐਨਾ ਕੁੱਝ ਵਾਪਰ ਰਿਹਾ ਹੈ ਤੇ ਉਹ ਇੱਥੋਂ ਦੇ ਮੁੱਦਿਆਂ ਤੇ ਆਪਣੀ ਸਿਟੀ ਦੇ ਵਿਕਾਸ ਵੱਲ ਹੀ ਸਾਰਾ ਧਿਆਨ ਦੇ ਪਾ ਰਹੀ ਹੈ। ਇੱਕ ਸੀਨੀਅਰ ਪਾਰਟੀ ਅਧਿਕਾਰੀ ਦੇ ਹਵਾਲੇ ਨਾਲ ਮੀਡੀਆ ਵਿੱਚ ਇਹ ਖਬਰ ਆਈ ਸੀ ਕਿ ਲਿਬਰਲ ਪਾਰਟੀ ਦੇ ਕਈ ਮੈਂਬਰ ਚਾਹੁੰਦੇ ਹਨ ਕਿ ਕ੍ਰੌਂਬੀ ਪਾਰਟੀ ਦੀ ਲੀਡਰਸ਼ਿਪ ਲਈ ਉਮੀਦਵਾਰ ਬਣੇ। ਪਰ ਕ੍ਰੌਂਬੀ ਵੱਲੋਂ ਇਸ ਕੰਮ ਵਿੱਚ ਕੋਈ ਦਿਲਚਸਪੀ ਜਨਤਕ ਤੌਰ ਉੱਤੇ ਨਹੀਂ ਵਿਖਾਈ ਗਈ ਹੈ ਪਰ ਉਨ੍ਹਾਂ ਸਪੱਸਟ ਤੌਰ ਉੱਤੇ ਇਸ ਤੋਂ ਇਨਕਾਰ ਵੀ ਨਹੀਂ ਕੀਤਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …