ਓਟਵਾ/ਬਿਊਰੋ ਨਿਊਜ਼ : ਗਰਮੀਆਂ ਦੀਆਂ ਛੁੱਟੀਆਂ ਲਈ ਹਾਊਸ ਆਫ ਕਾਮਨਜ ਦੇ ਉੱਠਣ ਤੋਂ ਪਹਿਲਾਂ ਮਹਿੰਗਾਈ ਦੇ ਮੁੱਦੇ ਉੱਤੇ ਐਮਰਜੈਂਸੀ ਬਹਿਸ ਕਰਵਾਉਣ ਦੀ ਚਾਹਵਾਨ ਕੰਯਰਵੇਟਿਵ ਪਾਰਟੀ ਦੀ ਇੱਛਾ ਪੂਰੀ ਨਹੀਂ ਹੋ ਸਕੀ।
ਇਸ ਬਹਿਸ ਲਈ ਹਾਊਸ ਸਪੀਕਰ ਸਾਹਮਣੇ ਬੇਨਤੀ ਕਰਨ ਤੋਂ ਬਾਅਦ ਕੰਸਰਵੇਟਿਵ ਐਮਪੀ ਤੇ ਵਿੱਤ ਅਤੇ ਹਾਊਸਿੰਗ ਇਨਫਲੇਸਨ ਕ੍ਰਿਟਿਕ ਡੈਨ ਐਲਬਸ ਆਪਣੇ ਪ੍ਰਸਤਾਵ ਬਾਰੇ ਗੱਲ ਕਰਨ ਤੇ ਇਹ ਦੱਸਣ ਲਈ ਚੈਂਬਰ ਵਿੱਚ ਮੌਜੂਦ ਨਹੀਂ ਸਨ ਕਿ ਇਸ ਦੀ ਲੋੜ ਕਿਉਂ ਹੈ। ਇਸ ਮਗਰੋਂ ਕੰਸਰਵੇਟਿਵ ਹਾਊਸ ਲੀਡਰ ਜੌਹਨ ਬ੍ਰਸਾਰਡ ਨੇ ਇਸ ਬਹਿਸ ਲਈ ਸਾਰਿਆਂ ਦੀ ਰਜਾਮੰਦੀ ਮੰਗੀ ਪਰ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕੰਜਿਊਮਰ ਪ੍ਰਾਈਸ ਇੰਡੈਕਸ (ਸੀਪੀਆਈ) ਸਾਲਾਨਾ ਦਰ ਉੱਤੇ ਵੱਧ ਗਿਆ। ਅਜਿਹਾ ਜਨਵਰੀ 1983 ਤੋਂ ਕਦੇ ਵੇਖਣ ਨੂੰ ਨਹੀਂ ਮਿਲਿਆ। ਕਾਕਸ ਮੀਟਿੰਗ ਤੋਂ ਪਹਿਲਾਂ ਕੰਸਰਵੇਟਿਵ ਹਾਊਸ ਲੀਡਰ ਜੌਹਨ ਬ੍ਰਸਾਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਾਰਟੀ ਹਾਊਸ ਸਪੀਕਰ ਨੂੰ ਚਿੰਤਾ ਦੇ ਤਿੰਨ ਮੁੱਦਿਆਂ ਉੱਤੇ ਬਹਿਸ ਕਰਵਾਉਣ ਲਈ ਆਖ ਰਹੀ ਹੈ।
ਇਨ੍ਹਾਂ ਵਿੱਚੋਂ ਇੱਕ ਰਹਿਣ ਸਹਿਣ ਲਈ ਵਧਿਆ ਖਰਚਾ ਹੈ। ਉਨ੍ਹਾਂ ਆਖਿਆ ਕਿ ਲਿਬਰਲ ਸਰਕਾਰ ਇਸ ਤਰ੍ਹਾਂ ਦੇ ਅਹਿਮ ਮੁੱਦਿਆਂ ਨੂੰ ਛੱਡ ਕੇ ਹਾਈਬ੍ਰਿਡ ਸੈਸਨ ਕਰਵਾਉਣ ਜਾਂ ਨਾ ਕਰਵਾਉਣ ਦੀ ਗੱਲ ਕਰਕੇ ਸਾਰਿਆਂ ਦਾ ਧਿਆਨ ਭਟਕਾ ਰਹੀ ਹੈ ਜਦਕਿ ਕੰਸਰਵੇਟਿਵ ਇਸ ਤਰ੍ਹਾਂ ਦੇ ਅਹਿਮ ਮੁੱਦਿਆਂ ਉੱਤੇ ਪਾਰਲੀਆਮੈਂਟ ਵਿੱਚ ਬਹਿਸ ਕਰਵਾਉਣ ਦੀ ਮੰਗ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਦੇਰ ਹੋਣ ਤੋਂ ਪਹਿਲਾਂ ਅਜਿਹੇ ਮੁੱਦਿਆਂ ਵੱਲ ਫੌਰੀ ਧਿਆਨ ਦੇਣ ਦੀ ਲੋੜ ਹੈ।
ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ ਉਹ ਪਾਸਪੋਰਟ ਵਿੱਚ ਹੋਣ ਵਾਲੀ ਦੇਰ ਤੇ ਨੋਵਾ ਸਕੋਸੀਆ ਮਾਸ ਸ਼ੂਟਿੰਗ ਦੇ ਮਾਮਲੇ ਵਿੱਚ ਆਰਸੀਐਮਪੀ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਸਿਆਸੀ ਦਖਲਅੰਦਾਜ਼ੀ ਦੇ ਮਾਮਲਿਆਂ ਉੱਤੇ ਵੀ ਬਹਿਸ ਕਰਵਾਉਣੀ ਚਾਹੁੰਦੇ ਹਨ। ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਆਖਿਆ ਗਿਆ ਕਿ ਮਈ ਵਿੱਚ ਸੀਪੀਆਈ ਇੱਕ ਸਾਲ ਪਹਿਲਾਂ ਨਾਲੋਂ 7.7 ਫੀ ਸਦੀ ਵੱਧ ਗਿਆ। ਅਜਿਹਾ ਗੈਸ ਦੀਆਂ ਉੱਚੀਆਂ ਕੀਮਤਾਂ ਕਾਰਨ ਹੋਇਆ।
ਏਜੰਸੀ ਨੇ ਆਖਿਆ ਕਿ ਸੇਵਾਵਾਂ ਲਈ ਉੱਚੀਆਂ ਕੀਮਤਾਂ ਜਿਵੇਂ ਕਿ ਹੋਟਲ ਤੇ ਰੈਸਟੋਰੈਂਟਸ ਨੇ ਵੀ ਇਸ ਵਾਧੇ ਵਿੱਚ ਯੋਗਦਾਨ ਪਾਇਆ। ਮਈ ਵਿੱਚ ਖਾਣੇ ਦੀਆਂ ਕੀਮਤਾਂ ਤੇ ਸੈਲਟਰ ਦੀਆਂ ਕੀਮਤਾਂ ਵਿੱਚ ਵੀ ਵਾਧਾ ਬਣਿਆ ਰਿਹਾ। ਇਸ ਦੌਰਾਨ ਕੰਜਰਵੇਟਿਵ ਐਮਪੀ ਤੇ ਫਾਇਨਾਂਸ ਅਤੇ ਹਾਊਸਿੰਗ ਇਨਫਲੇਸ਼ਨ ਕ੍ਰਿਟਿਕ ਡੈਨ ਐਲਬਸ ਨੇ ਆਖਿਆ ਕਿ ਪਿਛਲੀ ਵਾਰੀ ਸੀਪੀਆਈ ਇਸ ਰਫਤਾਰ ਨਾਲ ਉਸ ਸਮੇਂ ਵਧਿਆ ਸੀ ਜਦੋਂ ਪਿਏਰ ਐਲੀਅਟ ਟਰੂਡੋ ਪ੍ਰਧਾਨ ਮੰਤਰੀ ਸਨ।