ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਪੁਲਿਸ ਦੇ ਸੁਰੱਖਿਆ ਕਰਮਚਾਰੀ ਨਹੀਂ ਦਿੱਤੇ ਜਾਂਦੇ ਹਨ ਪਰ ਸੰਸਦ ਮੈਂਬਰਾਂ ਨੂੰ ਜਨਤਕ ਤੌਰ ‘ਤੇ ਖਤਰਾ ਵਧਣ ਦੀ ਚੱਲ ਰਹੀ ਚਰਚਾ ਦੌਰਾਨ ਹੁਣ ਸਰਕਾਰ ਵਲੋਂ ਉਨ੍ਹਾਂ ਨੂੰ ‘ਪੈਨਿਕ ਬਟਨ’ (ਅਲਾਰਮ) ਵਾਲਾ ਇਕ ਯੰਤਰ ਦਿੱਤਾ ਜਾ ਰਿਹਾ ਹੈ, ਜਿਸ ਨੂੰ ਉਹ ਦੇਸ਼ ਭਰ ਵਿਚ ਆਪਣੇ ਨਾਲ਼ ਰੱਖ ਸਕਣਗੇ ਅਤੇ ਖਤਰਾ ਮਹਿਸੂਸ ਹੋਣ ‘ਤੇ ਪੈਨਿਕ ਬਟਨ ਦਬਾਇਆ ਜਾ ਸਕੇਗਾ, ਜਿਸ ਨਾਲ ਸਥਾਨਕ ਪੁਲਿਸ ਅਤੇ ਸੰਸਦ ਦੀ ਸੁਰੱਖਿਆ ਸਰਵਿਸ ਦੇ ਅਧਿਕਾਰੀ ਫੁਰਤੀ ਨਾਲ ਕਾਰਵਾਈ ਕਰ ਸਕਣਗੇ। ਸੰਸਦ ਮੈਂਬਰਾਂ ਨੂੰ ਪੈਨਿਕ ਬਟਨ ਆਪਣੇ ਹਲਕੇ ਸਮੇਤ ਦੇਸ਼ ਭਰ ਵਿਚ ਵਿਚਰਦਿਆਂ ਹਰ ਸਮੇਂ ਨਾਲ ਰੱਖਣ ਦੀ ਸਲਾਹ ਦਿੱਤੀ ਗਈ ਹੈ। ਇਸ ਦੌਰਾਨ ਸੰਸਦ ਮੈਂਬਰਾਂ ਨੂੰ ਕਿਸੇ ਅਣਸੁਖਾਵੇਂ ਤੇ ਖਤਰੇ ਵਾਲੇ ਹਾਲਾਤ ਨਾਲ ਨਿਪਟਣ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਮਾਰਕੋ ਮੈਂਡੀਚੀਨੋ ਨੇ ਆਖਿਆ ਸੀ ਕਿ ਹਥਿਆਰ ਰੱਖਣ ਉਪਰ ਰੋਕ ਲਗਾਉਣ ਵਾਲਾ ਬਿੱਲ ਪੇਸ਼ ਕਰਨ ਮਗਰੋਂ ਬੀਤੇ ਦਿਨੀਂ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਸੰਸਦ ਮੈਂਬਰ ਜਗਮੀਤ ਸਿੰਘ ਨੂੰ ਵੀ ਬੀਤੇ ਮਹੀਨੇ ਉਨਟਾਰੀਓ ‘ਚ ਚੋਣ ਪ੍ਰਚਾਰ ਕਰਦਿਆਂ ਗੁੱਸੇ ‘ਚ ਆਏ ਮੁਜ਼ਾਹਰਾਕਾਰੀਆਂ ਵਲੋਂ ਪ੍ਰੇਸ਼ਾਨ ਕੀਤਾ ਗਿਆ ਸੀ।