ਮੋਦੀ ਨੇ ਪਹਿਲਗਾਮ ਹਮਲੇ ਨੂੰ ਦੱਸਿਆ ਪੂਰੀ ਇਨਸਾਨੀਅਤ ’ਤੇ ਚੋਟ
ਨਵੀਂ ਦਿੱਲੀ/ਬਿਊਰੋ ਨਿਊਜ਼
ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿਚ ਹੋਏ 17ਵੇਂ ਬਰਿੱਕਸ ਸੰਮੇਲਨ ਵਿਚ ਮੈਂਬਰ ਦੇਸ਼ਾਂ ਨੇ 31 ਪੇਜ ਅਤੇ 126 ਪੁਆਂਇੰਟ ਵਾਲਾ ਇਕ ਸਾਂਝਾ ਐਲਾਨ ਪੱਤਰ ਜਾਰੀ ਕੀਤਾ ਹੈ। ਇਸ ਵਿਚ ਜੰਮੂ ਕਸ਼ਮੀਰ ਦੇ ਪਹਿਲਗਾਮ ਦਹਿਸ਼ਤੀ ਹਮਲੇ ਅਤੇ ਈਰਾਨ ’ਤੇ ਇਜ਼ਰਾਈਲੀ ਹਮਲੇ ਦੀ ਨਿੰਦਾ ਕੀਤੀ ਗਈ ਹੈ। ਇਸ ਤੋਂ ਪਹਿਲਾਂ 1 ਜੁਲਾਈ ਨੂੰ ਭਾਰਤ, ਅਮਰੀਕਾ, ਜਪਾਨ ਅਤੇ ਆਸਟਰੇਲੀਆ ਦੀ ਮੈਂਬਰਸ਼ਿਪ ਵਾਲੇ ਕਵਾਡ ਗਰੁੱਪ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਵੀ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਮੇਲਨ ਵਿਚ ਕਿਹਾ ਕਿ ਪਹਿਲਗਾਮ ਦਹਿਸ਼ਤੀ ਹਮਲਾ ਸਿਰਫ ਭਾਰਤ ਹੀ ਨਹੀਂ, ਬਲਕਿ ਪੂਰੀ ਇਨਸਾਨੀਅਤ ’ਤੇ ਚੋਟ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤਵਾਦ ਦੀ ਨਿੰਦਾ ਸਾਡਾ ਸਿਧਾਂਤ ਹੋਣਾ ਚਾਹੀਦਾ ਹੈ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਰਿੱਕਸ ਨਾਲ ਜੁੜਨ ਦੀ ਇੱਛਾ ਰੱਖਣ ਵਾਲੇ ਨਵੇਂ ਦੇਸ਼ਾਂ ’ਤੇ 10 ਫੀਸਦੀ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ।