Breaking News
Home / ਕੈਨੇਡਾ / Front / ਜਥੇਦਾਰ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਦਾ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਸਨਮਾਨ

ਜਥੇਦਾਰ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਦਾ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਸਨਮਾਨ

ਗੁਰੂ ਸਾਹਿਬ ਦੀ ਰਹਿਮਤ ਸਦਕਾ ਮੈਨੂੰ ਮਿਲੀ ਵੱਡੀ ਸੇਵਾ : ਬੁੱਟਰ

ਚੰਡੀਗੜ੍ਹ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਲ ਮੀਡੀਆ ਸਲਾਹਕਾਰ ਵਜੋਂ ਸੇਵਾ ਨਿਭਾਅ ਰਹੇ ਨਾਮਵਰ ਪੱਤਰਕਾਰ ਅਤੇ ਕਾਲਮ ਨਵੀਸ ਤਲਵਿੰਦਰ ਸਿੰਘ ਬੁੱਟਰ ਦਾ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪਹੁੰਚਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵੱਲੋਂ ਲੰਘੇ ਦਿਨੀਂ ਤਲਵਿੰਦਰ ਸਿੰਘ ਬੁੱਟਰ ਹੋਰਾਂ ਨੂੰ ਜਥੇਦਾਰ ਸਾਹਿਬ ਦੇ ਮੀਡੀਆ ਸਲਾਹਕਾਰ ਦਾ ਕਾਰਜਭਾਰ ਸੌਂਪਿਆ ਗਿਆ ਸੀ। ਇਹ ਕਾਰਜਭਾਰ ਸੰਭਾਲਣ ਤੋਂ ਬਾਅਦ ਜਦੋਂ ਤਲਵਿੰਦਰ ਸਿੰਘ ਬੁੱਟਰ ਪਹਿਲੀ ਵਾਰ ਚੰਡੀਗੜ੍ਹ ਪਹੁੰਚੇ ਤਾਂ ਉਨ੍ਹਾਂ ਦੇ ਪੁਰਾਣੇ ਮੀਡੀਆ ਦੇ ਸਾਥੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਤਲਵਿੰਦਰ ਸਿੰਘ ਬੁੱਟਰ ਨਾਲ ਪਿਛਲੇ 15 ਸਾਲਾਂ ਦੇ ਵੱਧ ਵਕਫੇ ਤੋਂ ਵੱਖੋ-ਵੱਖ ਮੀਡੀਆ ਅਦਾਰਿਆਂ ਵਿਚ ਕੰਮ ਕਰਨ ਵਾਲੇ ਪੱਤਰਕਾਰ ਸਾਥੀਆਂ ਨੇ ਇਕ ਮਿਲਣੀ ਸਮਾਗਮ ਦੌਰਾਨ ਉਨ੍ਹਾਂ ਨੂੰ ਉਚੇਚੇ ਤੌਰ ’ਤੇ ਸਨਮਾਨਤ ਕੀਤਾ।
ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਆਯੋਜਿਤ ਇਸ ਸਨਮਾਨ ਸਮਾਗਮ ਦੌਰਾਨ ਤਲਵਿੰਦਰ ਸਿੰਘ ਬੁੱਟਰ ਹੋਰਾਂ ਨੇ ਆਖਿਆ ਕਿ ਗੁਰੂ ਸਾਹਿਬ ਦੀ ਰਹਿਮਤ ਸਦਕਾ ਮੈਨੂੰ ਵੱਡੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ। ਮੈਂ ਕੌਮ ਲਈ ਅਤੇ ਸਮਾਜ ਲਈ ਜੇ ਇਸ ਭੂਮਿਕਾ ਵਿਚ ਕੋਈ ਅਹਿਮ ਰੋਲ ਅਦਾ ਕਰ ਸਕਿਆ ਤਾਂ ਮੈਂ ਆਪਣਾ ਜੀਵਨ ਸਫਲਾ ਸਮਝਾਂਗਾ।
ਇਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ ਹੋਰਾਂ ਨੇ ਤਲਵਿੰਦਰ ਸਿੰਘ ਬੁੱਟਰ ਨੂੰ ਵਧਾਈ ਦਿੰਦਿਆ ਆਖਿਆ ਕਿ ਤਲਵਿੰਦਰ ਸਿੰਘ ਬੁੱਟਰ ਹਮੇਸ਼ਾ ਹੀ ਉਸਾਰੂ ਸੋਚ ਨਾਲ ਅੱਗੇ ਵਧੇ ਹਨ ਜਿਸ ਸਦਕਾ ਉਨ੍ਹਾਂ ਨੂੰ ਇਹ ਵੱਡਾ ਮੁਕਾਮ ਛੋਟੀ ਉਮਰੇ ਹਾਸਲ ਹੋਇਆ ਹੈ। ਪੰਜਾਬ ਦੇ ਸੀਨੀਅਰ ਪੱਤਰਕਾਰ ਖੁਸ਼ਹਾਲ ਲਾਲੀ ਨੇ ਕਿਹਾ ਕਿ ਤਲਵਿੰਦਰ ਸਿੰਘ ਬੁੱਟਰ ਹੋਰਾਂ ਦੀ ਕਲਮ ਦੇ ਵਿਚ ਜੋ ਕਲਾ ਹੈ ਉਸ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਚਾਣਦਿਆਂ ਹੋਇਆਂ ਉਨ੍ਹਾਂ ਨੂੰ ਸਹੀ ਸੇਵਾ ਸੌਂਪੀ ਹੈ।
ਇਸ ਮੌਕੇ ਤਲਵਿੰਦਰ ਸਿੰਘ ਬੁੱਟਰ ਨੂੰ ਸਨਮਾਨ ਭੇਂਟ ਕਰਨ ਦੇ ਨਾਲ-ਨਾਲ ਹਾਜ਼ਰ ਸਾਰੇ ਮੀਡੀਆ ਸਾਥੀਆਂ ਦਾ ਧੰਨਵਾਦ ਕਰਦਿਆਂ ਸੀਨੀਅਰ ਪੱਤਰਕਾਰ ਅਤੇ ਕਵੀ ਦੀਪਕ ਸ਼ਰਮਾ ਚਨਾਰਥਲ ਨੇ ਆਖਿਆ ਕਿ ਤਲਵਿੰਦਰ ਸਿੰਘ ਬੁੱਟਰ ਸੱਚ ਲਿਖਣ, ਸਹੀ ਲਿਖਣ ਅਤੇ ਸੱਚ ਨਾਲ ਖਲੋ ਕੇ ਗੁਰੂ ਸਾਹਿਬ ਦੇ ਦਿਖਾਏ ਸਿਧਾਂਤਕ ਰਾਹ ’ਤੇ ਤੁਰਨ ਦਾ ਪੱਕਾ ਧਾਰਨੀ ਹੈ। ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਬੁੱਟਰ ਹੋਰਾਂ ਅਣਥੱਕ ਮਿਹਨਤ ਅਤੇ ਕੌਮ ਪ੍ਰਤੀ ਸੱਚੇ ਸਮਰਪਣ ਨੇ ਉਨ੍ਹਾਂ ਨੂੰ ਇਹ ਵੱਡੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ। ਸਮੁੱਚੇ ਮੀਡੀਆ ਸਾਥੀਆਂ ਦੀ ਹਾਜ਼ਰੀ ਵਿਚ ਤਲਵਿੰਦਰ ਸਿੰਘ ਬੁੱਟਰ ਨੂੰ ਰਾਕੇਸ਼ ਸ਼ਰਮਾ ਦੀ ਅਗਵਾਈ ਹੇਠ ਦੁਸ਼ਾਲਾ, ਗੁਲਦਸਤਾ ਅਤੇ ਸਨਮਾਨਤ ਤੋਹਫ਼ਾ ਭੇਂਟ ਕਰ ਸਮਾਨਿਤ ਕੀਤਾ ਗਿਆ। ਇਸ ਸੰਖੇਪ ਸਮਾਗਮ ਦੌਰਾਨ ਪੱਤਰਕਾਰਤਾ ਨਾਲ ਸਬੰਧਤ ਹੋਰ ਕਈ ਪ੍ਰਮੁੱਖ ਸਾਥੀਆਂ ਨੇ ਵੀ ਤਲਵਿੰਦਰ ਸਿੰਘ ਬੁੱਟਰ ਨਾਲ ਨਿੱਘੀ ਮਿਲਣੀ ਕਰਦਿਆਂ ਵਧਾਈਆਂ ਦਿੱਤੀਆਂ।

Check Also

ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਆੜ੍ਹਤੀਆਂ ਨੇ ਹੜਤਾਲ ਲਈ ਵਾਪਸ

ਪੰਜਾਬ ਦੀਆਂ ਮੰਡੀਆਂ ’ਚ ਮੰਗਲਵਾਰ ਤੋਂ ਝੋਨੇ ਦੀ ਖਰੀਦ ਹੋ ਜਾਵੇਗੀ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ : …