
9 ਜੁਲਾਈ ਨੂੰ ਹੋਣੀ ਹੈ ਦੋਵੇਂ ਦੇਸ਼ਾਂ ਵਿਚਾਲੇ ਡੀਲ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਜਲਦ ਹੀ ਇਕ ਵਪਾਰਕ ਸਮਝੌਤਾ ਹੋਵੇਗਾ ਅਤੇ ਜਿਸ ਵਿਚ ਟੈਰਿਫ ਕਾਫੀ ਘੱਟ ਹੋਣਗੇ। ਟਰੰਪ ਨੇ ਇਸ ਵਪਾਰਕ ਸਮਝੌਤੇ ਨੂੰ ਦੋਵੇਂ ਦੇਸ਼ਾਂ ਲਈ ਬਿਹਤਰ ਦੱਸਿਆ ਹੈ। ਦੱਸਣਯੋਗ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਇਸ ਸਮੇਂ ਦੋ-ਪੱਖੀ ਵਪਾਰਕ ਸਮਝੌਤੇ ਨੂੰ ਲੈ ਕੇ ਵਾਸ਼ਿੰਗਟਨ ’ਚ ਲੰਘੇ 6 ਦਿਨਾਂ ਤੋਂ ਗੱਲਬਾਤ ਜਾਰੀ ਹੈ। ਇਸਦਾ ਮਕਸਦ ਆਉਂਦੀ 9 ਜੁਲਾਈ ਦੀ ਅਹਿਮ ਡੈਡਲਾਈਨ ਤੋਂ ਪਹਿਲਾਂ ਇਕ ਅੰਤਰਿਮ ਸਮਝੌਤਾ ਕਰਨਾ ਹੈ। ਧਿਆਨ ਰਹੇ ਕਿ ਡੋਨਾਲਡ ਟਰੰਪ ਨੇ 2 ਅਪ੍ਰੈਲ ਨੂੰ ਦੁਨੀਆ ਭਰ ਦੇ ਕਰੀਬ 100 ਦੇਸ਼ਾਂ ’ਤੇ ਟੈਰਿਫ ਦਾ ਐਲਾਨ ਕੀਤਾ ਸੀ। ਇਸ ਦੌਰਾਨ ਭਾਰਤ ’ਤੇ ਵੀ 26 ਫੀਸਦੀ ਟੈਰਿਫ ਲਗਾਇਆ ਸੀ ਅਤੇ ਫਿਰ 9 ਅਪ੍ਰੈਲ ਨੂੰ ਟਰੰਪ ਪ੍ਰਸ਼ਾਸਨ ਨੇ ਇਸ ਨੂੰ 90 ਦਿਨਾਂ ਲਈ ਟਾਲ ਦਿੱਤਾ ਸੀ।

