ਰਿਪਬਲਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਨ ਦੀ ਦੌੜ ’ਚ ਟਰੰਪ ਅੱਗੇ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿਚ ਇਸੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਰਿਪਬਲਿਕ ਅਤੇ ਡੈਮੋਕਰੇਟਿਕ ਪਾਰਟੀ ਵਿਚ ਉਮੀਦਵਾਰਾਂ ਦੇ ਲਈ ਇਲੈਕਸ਼ਨ ਚੱਲ ਰਹੇ ਹਨ। ਇਸ ਦੌਰਾਨ ਨਿਊ ਹੈਂਪਸ਼ਾਇਰ ਸੂਬੇ ਦੀ ਪ੍ਰਾਇਮਰੀ ਚੋਣ ਵਿਚ ਰਿਪਬਲਿਕ ਪਾਰਟੀ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿੱਕੀ ਹੇਲੀ ਖਿਲਾਫ ਜਿੱਤ ਦਰਜ ਕੀਤੀ ਹੈ। ਨਿੱਕੀ ਹੇਲੀ ਲਈ ਇਹ ਹਾਰ ਇਕ ਸਿਆਸੀ ਝਟਕਾ ਹੈ। ਇਹ ਜਿੱਤ ਆਇਓਵਾ ਕਾਕਸ ਵਿਚ ਟਰੰਪ ਦੀ ਦਬਦਬੇ ਵਾਲੀ ਜਿੱਤ ਦੇ ਅੱਠ ਦਿਨ ਬਾਅਦ ਆਈ ਹੈ ਅਤੇ ਇਹ ਜਿੱਤ ਰਾਸ਼ਟਰਪਤੀ ਲਈ ਰਿਪਬਲਿਕਨ ਉਮੀਦਵਾਰ ਬਣਨ ਲਈ ਟਰੰਪ ਲਈ ਇਕ ਹੋਰ ਹੁਲਾਰਾ ਹੈ। ਅਮਰੀਕੀ ਮੀਡੀਆ ਦੀ ਰਿਪੋਰਟ ਮੁਤਾਬਕ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਪਹਿਲਾਂ ਹੀ ਟਰੰਪ ਨੂੰ 56 ਫੀਸਦੀ ਦੇ ਕਰੀਬ ਵੋਟ ਮਿਲ ਚੁੱਕੇ ਸਨ, ਜਦੋਂ ਕਿ ਭਾਰਤੀ ਮੂਲ ਦੀ ਨਿੱਕੀ ਹੇਲੀ ਨੂੰ ਕਰੀਬ 42 ਫੀਸਦੀ ਵੋਟ ਮਿਲੇ ਸਨ। ਉਧਰ ਦੂਜੇ ਪਾਸੇ ਡੈਮੋਕਰੇਟਿਕ ਪਾਰਟੀ ਵਲੋਂ ਨਿਊ ਹੈਂਪਸ਼ਾਇਰ ਵਿਚ ਜੋਅ ਬਾਈਡਨ ਜਿੱਤ ਚੁੱਕੇ ਹਨ। ਉਨ੍ਹਾਂ ਨੂੰ ਕਰੀਬ 67 ਫੀਸਦੀ ਵੋਟ ਮਿਲੇ ਹਨ ਅਤੇ ਦੂਜੇ ਨੰਬਰ ’ਤੇ ਰਹੇ ਡੀਨ ਫਿਲਿਪਸ ਨੂੰ ਸਿਰਫ 20 ਫੀਸਦੀ ਵੋਟਾਂ ਹੀ ਮਿਲੀਆਂ ਹਨ।