ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਮੰਗਲਵਾਰ ਨੂੰ ਸੰਵਿਧਾਨ ਦਿਵਸ ਦੇ ਮੌਕੇ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਨਵੀਂ ਦਿੱਲੀ ਵਿਖੇ ਇਹ ਸਾਂਝਾ ਸੈਸ਼ਨ ਸੰਸਦ ਦੇ ਸੈਂਟਰਲ ਹਾਲ ਵਿਚ ਹੋਇਆ। ਇਸ ਦੌਰਾਨ ਰਾਸ਼ਟਰਪਤੀ ਮੁਰਮੂ ਨੇ ਸੰਵਿਧਾਨ ਦਿਵਸ ਦੇ ਮੌਕੇ ’ਤੇ ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਇਕ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ। ਸੰਵਿਧਾਨ ਦਿਵਸ ਦੇ ਮੌਕੇ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸੰਸਕਿ੍ਰਤ ਭਾਸ਼ਾ ’ਚ ਸੰਵਿਧਾਨ ਦੀ ਕਾਪੀ ਵੀ ਜਾਰੀ ਕੀਤੀ। ਇਸ ਮੌਕੇ ਆਪਣੇ ਸੰਬੋਧਨ ’ਚ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਸੰਵਿਧਾਨ ਦਿਵਸ ਦੇ ਸ਼ੁਭ ਮੌਕੇ ’ਤੇ ਤੁਹਾਡੇ ਸਾਰਿਆਂ ਵਿਚਕਾਰ ਆ ਕੇ ਬਹੁਤ ਖੁਸ਼ ਹਾਂ। ਅੱਜ ਅਸੀਂ ਸਾਰੇ ਇਕ ਇਤਿਹਾਸਕ ਮੌਕੇ ਦੇ ਭਾਗੀਦਾਰ ਬਣ ਰਹੇ ਹਾਂ। ਅੱਜ ਤੋਂ 75 ਸਾਲ ਪਹਿਲਾਂ ਦੇਸ਼ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਦਾ ਬਹੁਤ ਵੱਡਾ ਕਾਰਜ ਸੰਸਦ ਦੇ ਇਸੇ ਚੈਂਬਰ ਵਿਚ ਨੇਪਰੇ ਚਾੜ੍ਹਿਆ ਗਿਆ ਸੀ ਅਤੇ ਇਸੇ ਦਿਨ ਇਸ ਸੰਵਿਧਾਨ ਨੂੰ ਅਪਣਾ ਲਿਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਸੰਵਿਧਾਨ ਸਾਡੀਆਂ ਜਮਹੂਰੀ ਕਦਰਾਂ-ਕੀਮਤਾਂ ਦਾ ਆਧਾਰ ਹੈ।