
ਰਾਹੁਲ ਨੇ ਕਿਹਾ, ਮੈਂ ਅਜਿਹੇ ਕੇਸਾਂ ਤੋਂ ਨਹੀਂ ਡਰਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੀ ‘ਭਾਰਤ ਜੋੜੇ ਨਿਆਏ ਯਾਤਰਾ’ ਦਾ ਅੱਜ 11ਵਾਂ ਦਿਨ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਤੇ ਹੋਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਅੱਜ ਅਸਾਮ ਦੇ ਬਰਪੋਟਾ ਵਿਚ ਯਾਤਰਾ ਕੀਤੀ ਹੈ। ਇਸ ਤੋਂ ਪਹਿਲਾਂ ਲੰਘੇ ਕੱਲ੍ਹ ਗੁਹਾਟੀ ਵਿਚ ਰਾਹੁਲ ਗਾਂਧੀ, ਕੇ.ਸੀ. ਵੇਣੂਗੋਪਾਲ, ਕਨੱਈਆ ਕੁਮਾਰ ਅਤੇ ਹੋਰ ਕਾਂਗਰਸੀਆਂ ਦੇ ਖਿਲਾਫ ਅਸਾਮ ਦੀ ਪੁਲਿਸ ਨੇ ਐਫ.ਆਈ.ਆਰ. ਦਰਜ ਕੀਤੀ ਸੀ। ਇਨ੍ਹਾਂ ਕਾਂਗਰਸੀਆਂ ਖਿਲਾਫ ਹਿੰਸਾ ਭੜਕਾਉਣ, ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਪੁਲਿਸ ਕਰਮੀਆਂ ’ਤੇ ਹਮਲਾ ਕਰਨ ਦੇ ਆਰੋਪਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੇਰੇ ਖਿਲਾਫ ਜਿੰਨੇ ਮਰਜ਼ੀ ਕੇਸ ਕਰ ਦਿਓ, ਮੈਂ ਇਨ੍ਹਾਂ ਕੇਸਾਂ ਦਾ ਡਰਦਾ ਨਹੀਂ ਹਾਂ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਮੰਗਲਵਾਰ ਨੂੰ ਰਾਹੁਲ ਆਪਣੇ ਕਾਫਲੇ ਦੇ ਨਾਲ ਗੁਹਾਟੀ ਸ਼ਹਿਰ ਦੇ ਵਿਚੋਂ ਦੀ ਲੰਘਣਾ ਚਾਹੁੰਦੇ ਸਨ, ਪਰ ਪ੍ਰਸ਼ਾਸਨ ਨੇ ਇਸਦੀ ਇਜ਼ਾਜਤ ਨਹੀਂ ਦਿੱਤੀ ਸੀ। ਪੁਲਿਸ ਨੇ ਗੁਹਾਟੀ ਸ਼ਹਿਰ ’ਚ ਜਾਣ ਵਾਲੀ ਸੜਕ ’ਤੇ ਬੈਰੀਕੇਡਿੰਗ ਕਰ ਦਿੱਤੀ ਸੀ। ਇਸ ਤੋਂ ਬਾਅਦ ਕਾਂਗਰਸ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਬਹਿਸ ਵੀ ਹੋ ਗਈ ਸੀ। ਇਸ ਦੌਰਾਨ ਕਾਂਗਰਸ ਦੇ ਸਮਰਥਕਾਂ ਨੇ ਬੈਰੀਕੇਡਿੰਗ ਤੋੜ ਦਿੱਤੀ ਸੀ, ਜਿਸ ਤੋਂ ਬਾਅਦ ਰਾਹੁਲ ਨੇ ਕਿਹਾ ਸੀ ਕਿ ਕਾਂਗਰਸ ਨੇ ਸਿਰਫ ਬੈਰੀਕੇਡਿੰਗ ਹੀ ਤੋੜੀ ਹੈ, ਕੋਈ ਕਾਨੂੰਨ ਨਹੀਂ ਤੋੜਿਆ। ਉਧਰ ਦੂਜੇ ਪਾਸੇ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਖੜਗੇ ਨੇ ਚਿੱਠੀ ਵਿਚ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਜੈਡ ਪਲੱਸ ਸਕਿਉਰਿਟੀ ਮਿਲਣੀ ਚਾਹੀਦੀ ਹੈ।