
ਟੋਕੀਓ/ਬਿਊਰੋ ਨਿਊਜ਼
ਜਾਪਾਨ ਦੀ ਪ੍ਰਧਾਨ ਮੰਤਰੀ ਤਾਕਾਇਚੀ ਨੇ ਸੰਸਦ ਦੇ ਹੇਠਲੇ ਸਦਨ ਨੂੰ ਭੰਗ ਕਰ ਦਿੱਤਾ ਹੈ, ਜਿਸ ਨਾਲ ਆਉਂਦੀ 8 ਫਰਵਰੀ ਨੂੰ ਚੋਣਾਂ ਲਈ ਰਾਹ ਪੱਧਰਾ ਹੋ ਗਿਆ। ਤਾਕਾਇਚੀ ਦੀ ਇਹ ਪੇਸ਼ਕਦਮੀ ਆਪਣੀ ਹਰਮਨਪਿਆਰਤਾ ਦਾ ਲਾਹਾ ਲੈ ਕੇ ਸੱਤਾਧਾਰੀ ਪਾਰਟੀ ਨੂੰ ਲੰਘੇ ਸਾਲਾਂ ਦੌਰਾਨ ਹੋਏ ਵੱਡੇ ਨੁਕਸਾਨ ਤੋਂ ਬਾਅਦ ਮੁੜ ਤੋਂ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਹੈ। ਹਾਲਾਂਕਿ ਇਸ ਫੈਸਲੇ ਨਾਲ ਉਸ ਬਜਟ ’ਤੇ ਵੋਟਿੰਗ ਵਿਚ ਦੇਰੀ ਹੋਵੇਗੀ, ਜਿਸਦਾ ਮਕਸਦ ਸੰਘਰਸ਼ਸ਼ੀਲ ਅਰਥਚਾਰੇ ਨੂੰ ਹੁਲਾਰਾ ਦੇਣਾ ਅਤੇ ਵਧਦੀਆਂ ਕੀਮਤਾਂ ਨੂੰ ਕਾਬੂ ਹੇਠ ਲਿਆਉਣਾ ਹੈ। ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਤਾਕਾਇਚੀ ਨੂੰ ਅਜੇ ਸਿਰਫ ਤਿੰਨ ਮਹੀਨੇ ਹੋਏ ਹਨ, ਪਰ ਉਨ੍ਹਾਂ ਨੂੰ ਕਰੀਬ 70 ਫੀਸਦ ਦੀ ਮਜ਼ਬੂਤ ਪ੍ਰਵਾਨਗੀ ਰੇਟਿੰਗ ਮਿਲੀ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੱਛਾ ਹੈ ਕਿ ਜਪਾਨ ਹਥਿਆਰਾਂ ’ਤੇ ਵਧੇਰੇ ਖਰਚ ਕਰੇ ਕਿਉਂਕਿ ਵਾਸ਼ਿੰਗਟਨ ਤੇ ਬੀਜਿੰਗ ਇਸ ਖੇਤਰ ਵਿਚ ਹਥਿਆਰਾਂ ਪੱਖੋਂ ਇਕ ਦੂਜੇ ਤੋਂ ਅੱਗੇ ਲੰਘਣ ਦੀ ਫਿਰਾਕ ਵਿਚ ਹਨ।

