ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਵੱਲੋਂ ਭਾਰਤ ਵਿੱਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ‘ਚ ਨਾ ਆਉਣ ਦੇ ਐਲਾਨ ‘ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਉਨ੍ਹਾਂ ਮੀਡੀਆ ਨੂੰ ਕਿਹਾ, ”ਮੈਂ ਨਿਰਾਸ਼ ਹਾਂ ਪਰ ਮੈਂ ਉਸ ਨੂੰ ਮਿਲਣ ਜਾ ਰਿਹਾ ਹਾਂ।” ਉਂਜ ਬਾਇਡਨ ਨੇ ਇਹ ਨਹੀਂ ਦੱਸਿਆ ਕਿ ਜਿਨਪਿੰਗ ਨਾਲ ਮੁਲਾਕਾਤ ਕਦੋਂ ਹੋ ਸਕਦੀ ਹੈ। ਸ਼ੀ ਅਤੇ ਬਾਇਡਨ ਵਿਚਕਾਰ ਆਖਰੀ ਵਾਰ ਪਿਛਲੇ ਸਾਲ ਬਾਲੀ (ਇੰਡੋਨੇਸ਼ੀਆ) ਵਿੱਚ ਜੀ-20 ਸਿਖਰ ਸੰਮੇਲਨ ਦੌਰਾਨ ਮੁਲਾਕਾਤ ਹੋਈ ਸੀ। ਅਮਰੀਕਾ ਵੱਲੋਂ ਵਾਰਤਾ ਸ਼ੁਰੂ ਕਰਨ ਅਤੇ ਟਕਰਾਅ ਤੋਂ ਬਚਣ ਲਈ ਇਸ ਸਾਲ ਪੇਈਚਿੰਗ ਦੇ ਕਈ ਕੂਟਨੀਤਕ ਦੌਰੇ ਕੀਤੇ ਗਏ ਪਰ ਦੋਵੇਂ ਮੁਲਕਾਂ ਵਿਚਕਾਰ ਅਜੇ ਵੀ ਸਬੰਧ ਤਣਾਅਪੂਰਨ ਹਨ।