ਡਾ: ਹਰਕਮਲਜੋਤ
ਜਦੋਂ ਭਗਤ ਨਾਮ ਦੇਵ ਜੀ ਨੇ 29 ਅਕਤੂਬਰ 1270 ਵਿੱਚ ਮਹਾਰਾਸ਼ਟਰ ਦੇ ਨਰਸੀ ਬਾਹਮਣੀ ਵਿੱਚ ਮਾਤਾ ਗੋਨਾਬਾਈ ਦੀ ਕੁੱਖੋਂ ਜਨਮ ਲਿਆ ਉਸ ਸਮੇਂ ਜਾਤ-ਪਾਤ, ਬ੍ਰਾਹਮਣਵਾਦ, ਪਾਖੰਡ, ਕਰਮ-ਕਾਂਡ ਅਤੇ ਵਹਿਮਾਂ ਭਰਮਾਂ ਦਾ ਬੋਲ ਬਾਲਾ ਸੀ। ਪਛੜੀਆਂ ਸ਼੍ਰੇਣੀਆਂ ਖਾਸ ਤੌਰ ਤੇ ਦਲਿਤਾਂ ਨਾਲ ਅਣਮਨੁੱਖੀ ਵਰਤਾਓ ਕੀਤਾ ਜਾਂਦਾ ਸੀ। ਦਲਿਤਾਂ ਦੇ ਪਿੱਛੇ ਮੋੜ੍ਹੀਆਂ ਬੰਨ੍ਹ ਦਿੱਤੀਆਂ ਜਾਂਦੀਆਂ ਸਨ ਤਾਂਕਿ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਰਸਤੇ ਤੇ ਨਾ ਰਹਿਣ ਕਿਉਂਕਿ ਉਥੋਂ ਹੀ ਤਥਾ-ਕਥਿਤ ਕੁਲੀਨ ਜਾਤੀਆਂ ਦੇ ਲੋਕਾਂ ਨੇ ਵੀ ਲੰਘਣਾ ਹੁੰਦਾ ਸੀ। ਉਨ੍ਹਾਂ ਨੂੰ ਗ੍ਰੰਥ ਪੜ੍ਹਨ ਅਤੇ ਮੰਦਰਾਂ ਵਿੱਚ ਜਾ ਕੇ ਪੂਜਾ ਕਰਨ ਦੀ ਵੀ ਮਨਾਹੀ ਸੀ। ਅਜਿਹੇ ਸਮੇਂ ਵਿੱਚ ਇਹਨਾਂ ਕੁਰੀਤੀਆਂ ਵਿਰੁੱਧ ਅਵਾਜ਼ ਉਠਾਉਣਾ ਇੱਕ ਬਹੁਤ ਹੀ ਵੱਡੀ ਗੱਲ ਸੀ।
ਗਰੂ ਨਾਨਕ ਦੇਵ ਜੀ ਨੇ ਜਿਸ ਗੁਰਮਤਿ ਵਿਚਾਰਧਾਰਾ ਦੀ ਸਿੱਖ ਲਹਿਰ ਪੈਦਾ ਕੀਤੀ ਇੱਕ ਤਰ੍ਹਾਂ ਨਾਲ ਉਸ ਦੀ ਸ਼ੁਰੂਆਤ ਦੋ ਸਦੀਆਂ ਪਹਿਲਾਂ ਹੀ ਭਗਤ ਨਾਮ ਦੇਵ ਜੀ ਨੇ ਕਰ ਦਿੱਤੀ ਸੀ। ਉਨ੍ਹਾ ਨੇ ਦੂਰ ਦੂਰ ਤੱਕ ਯਾਤਰਾ ਕਰਦਿਆਂ ਆਪਣੇ ਬਹੁਤ ਸਾਰੇ ਸ਼ਬਦਾਂ ਦੀ ਰਚਨਾ ਕੀਤੀ। ਗੁਰੂ ਗਰੰਥ ਸਾਹਿਬ ਵਿੱਚ ੳਨ੍ਹਾਂ ਦੇ 18 ਰਾਗਾਂ ਵਿੱਚ 61 ਸ਼ਬਦ ਹਨ। ਇਹਨਾਂ ਸ਼ਬਦਾਂ ਤੋਂ ਉਹਨਾਂ ਦੇ ਜੀਵਨ ਅਤੇ ਵਿਚਾਰਾਂ ਬਾਰੇ ਜਾਣਕਾਰੀ ਮਿਲਦੀ ਹੈ। ਉਹਨਾਂ ਦੇ ਸ਼ਬਦ ਸਾਧ-ਭਾਖਾ ਜਾਂ ਸਧੂਕੜੀ ਬੋਲੀ ਵਿੱਚ ਹਨ ਜਿੰਨ੍ਹਾਂ ਨੂੰ ਭਾਰਤ ਦੇ ਬਹੁਤ ਸਾਰੇ ਹਿੱਸੇ ਦੇ ਲੋਕ ਸਮਝ ਸਕਦੇ ਹਨ। ਇਸ ਦੇ ਨਾਲ ਹੀ ਉਹਨਾਂ ਵਿੱਚ ਮਰਾਠੀ, ਪੰਜਾਬੀ, ਦੱਖਣ ਭਾਰਤੀ ਭਾਸ਼ਾਵਾਂ ਅਤੇ ਇਸਲਾਮੀ ਸ਼ਬਦਾਵਲੀ ਦੇ ਸ਼ਬਦ ਵੀ ਮਿਲਦੇ ਹਨ। ਉਹਨਾਂ ਦੇ ਸ਼ਬਦਾਂ ਨੂੰ ਪੜ੍ਹ ਕੇ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਉਨ੍ਹਾ ਨੇ ਆਪਣੇ ਸਮੇਂ ਦੀਆਂ ਰਾਜਨੀਤਕ ਅਤੇ ਧਾਰਮਿਕ ਸੰਸਥਾਵਾਂ ਨਾਲ ਕਿਸ ਤਰ੍ਹਾਂ ਵਿਚਾਰਾਤਮਕ ਲੜਾਈ ਲੜੀ ਅਤੇ ਆਪਣੀਆਂ ਲਿਖਤਾਂ ਅਤੇ ਗੱਲਬਾਤ ਰਾਹੀਂ ਆਪਣੀ ਵਿਚਾਰਧਾਰਾ ਦਾ ਪੱਖ ਪੇਸ਼ ਕੀਤਾ। ਉਹਨਾਂ ਦੀ ਲੋਕਪ੍ਰਿਅਤਾ ਤੋਂ ਪੁਜਾਰੀ ਅਤੇ ਮੁੁੱਲਾਂ ਖਾਰ ਖਾਂਦੇ ਸਨ। ਉਹਨਾਂ ਦੀ ਜੀਵਨੀ ਵਿੱਚ ਆਉਂਦਾ ਹੈ ਕਿ ਉਹਨਾਂ ਨੂੰ ਸੁਲਤਾਨ ਦੇ ਬੰਦਿਆਂ ਨੇ ਪਕੜ ਲਿਆਂਦਾ ਤੇ ਬਿਸਮਿਲ ( ਮਰੀ ) ਹੋਈ ਗਾਂ ਨੁੰ ਜਿੰਦਾ ਕਰਨ ਦਾ ਹੁਕਮ ਦਿੱਤਾ। ਪਰ ਨਾਮਦੇਵ ਦਾ ਜਵਾਬ ਸੀ, ”ਬਾਦਸ਼ਾਹ ਐਸੀ ਕਿਊਂ ਹੋਇ॥ ਬਿਸਮਿਲ ਕੀਆ ਨਾ ਜੀਵੈ ਕੋਈ॥ ਮੇਰਾ ਕੀਆ ਕਛੂ ਨਾ ਹੋਇ॥ ਕਰਿ ਹੈ ਰਾਮ ਹੋਇ ਹੈ ਸੋਇ॥” ਨਾਮ ਦੇਵ ਜੀ ਅਜਿਹੇ ਕੌਤਕਾਂ ਵਿੱਚ ਵਿਸ਼ਵਾਸ਼ ਨਹੀਂ ਸੀ ਰਖਦੇ। ਸੁਲਤਾਨ ਨੂੰ ਗੁੱਸਾ ਚੜ੍ਹ ਗਿਆ ਤੇ ਪਾਗਲ ਹਾਥੀ ਅੱਗੇ ਸੁੱਟਣ ਦਾ ਹੁਕਮ ਦੇ ਦਿੱਤਾ। ਪਰ ਨਾਮਦੇਵ ਜੀ ਨਾ ਡੋਲੇ ਨਾ ਡਰੇ। ਆਪਣੀ ਵਿਚਾਰਧਾਰਾ ਤੇ ਕਾਇਮ ਰਹੇ। ਇੱਥੋਂ ਤੱਕ ਜਦੋਂ ਉਹਨਾਂ ਦੀ ਮਾਤਾ ਨੇ ਕਿਹਾ ਰਾਜੇ ਦੀ ਗੱਲ ਮੰਨ ਤੇ ਰਾਮ ਦੀ ਜਗਾ ਖੁਦਾ ਨੂੰ ਭਜ ਲੈ ਤਾਂ ਉਹਨਾਂ ਨੇ ਆਪਣੀ ਮਾਤਾ ਨੂੰ ਇੱਥੋਂ ਤੱਕ ਕਹਿ ਦਿੱਤਾ, ”ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ॥” ਇੱਥੋਂ ਤੱਕ ਸੀ ਉਹਨਾਂ ਦੇ ਵਿਚਾਰਾਂ ਦੀ ਪਕਿਆਈ ਤੇ ਮਨੁੱਖ ਦੀ ਨਿਜੀ ਆਜ਼ਾਦੀ ਦਾ ਜ਼ਜ਼ਬਾ।
ਕਰਮਕਾਂਡਾ ਚੋਂ ਕੱਢਣ ਲਈ ਉਹਨਾਂ ਦੀ ਬਾਣੀ ਵਿੱਚ ਉਪਦੇਸ਼ ਦਰਜ ਹੈ। ਉਨ੍ਹਾਂ ਮਨੁੱਖ ਨੂੰ ਹਿੰਦੂ ਅਤੇ ਮੁਸਲਿਮ ਰਹੁ-ਰੀਤਾਂ ਨੂੰ ਛੱਡ ਕੇ ਗਿਆਨਵਾਨ ਹੋਣ ਦੀ ਪ੍ਰੇਰਣਾ ਦਿੱਤੀ। ਉਹਨਾਂ ਦਾ ਕਥਨ ਸੀ ” ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤੁ ॥ ਨਾਮੈ ਸੋਈ ਸੇਵਿਆ ਜਹ ਦੇਹੁਰਾ ਨਾ ਮਸੀਤੁ॥” ਅਤੇ ਇਸ ਦੇ ਨਾਲ ਹੀ,”ਹਿੰਦੂ ਅੰਨ੍ਹਾਂ ਤੁਰਕੁ ਕਾਣਾ॥ ਦੋਹਾਂ ਤੇ ਗਿਆਨੀ ਸਿਆਣਾ॥”
ਉਨ੍ਹਾਂ ਅਨੁਸਾਰ ਗਿਆਨੀ ਭਾਵ ਸਿਆਣੇ ਮਨੁੱਖ ਦੀ ਧਾਰਮਿਕਤਾ ਧਾਰਮਿਕ ਸਥਾਨਾਂ ਤੇ ਜਾ ਕੇ ਧਾਰਮਿਕ ਜਾਂ ਵਧੀਆ ਮਨੁੱਖ ਹੋਣਦਾ ਵਿਖਾਵਾ ਕਰਨ ਲਈ ਕਰਮਕਾਂਡ ਕਰਨ ਅਤੇ ਮਰਿਆਦਾ ਨਿਭਾਉਣ ਵਿੱਚ ਨਹੀਂਸਗੋਂ ਉਸਦੇ ਮਨ ਦੀ ਸ਼ੁੱਧੀ ਅਤੇ ਵਿਹਾਰਕ ਤੌਰ ਤੇ ਸੁੱਚਾ ਹੋਣ ਵਿੱਚ ਹੈ। ਉਹ ਕਹਿੰਦੇ ਹਨ, ”ਕਾਹੇ ਕਉ ਕੀਜੈ ਧਿਆਨ ਜਪੰਨਾਂ॥ ਜਬ ਤੇ ਸੁਧੁ ਨਾਹੀ ਮਨ ਆਪਣਾ॥” ਭਗਤ ਨਾਮਦੇਵ ਜੀ ਦੇ ਉਪਦੇਸ਼ ਮੁਤਾਬਿਕ ਚੰਗੇ ਵਿਚਾਰਾਂ ਅਤੇ ਚੰਗੇ ਕੰਮਾਂ ਦੁਆਰਾ ਜੀਵਨ ਜੀਅ ਕੇ ਭਗਤੀ ਕਰਨਾ ਹੀ ਸੱਚ ਦਾ ਮਾਰਗ ਹੈ। ਇਸਸੱਚੇ ਮਾਰਗ ਨੂੰ ਹੀ ਉਨ੍ਹਾਂ ਗੁਰਮਤਿ ਵਿਚਾਰਧਾਰਾ ਕਿਹਾ।
”ਭਨਤਿ ਨਾਮ ਦੇਉ ਸੁਕ੍ਰਿਤ ਸੁਮਤਿ ਭੲੈ॥ ਗੁਰਮਤਿ ਰਾਮੁ ਕਹਿ ਕੋ ਕੋਨਾ ਬੈਕੁੰਠਿ ਗੲੈ॥
ਅਤੇ, ”ਗੁਰਮਤਿ ਰਾਮ ਨਾਮ ਗਹੁ ਮੀਤਾ॥ ਪ੍ਰਣਵੈ ਨਾਮਾ ਇਉ ਕਹੇ ਗੀਤਾ॥”
ਭਗਤ ਨਾਮਦੇਵ ਮੁਤਾਬਿਕ ਗੁਰਮਤਿ ਵਿੱਚ ਮੂਰਤੀ ਪੂਜਾ ਲਈ ਕੋਈ ਸਥਾਨ ਨਹੀਂ। ਆਪਣੇ ਸ਼ਬਦਾਂ ਰਾਹੀਂ ਬੜੇ ਤਰਕ ਅਤੇ ਦਲੀਲ ਨਾਲ ਉਹ ਇਸ ਗੱਲ ਨੂੰ ਸਾਡੇ ਸਨਮੁੱਖ ਰਖਦੇ ਹਨ।
” ਏਕੇ ਪਾਥਰ ਕੀਜੈ ਭਾਉ॥ ਦੂਜੇ ਪਾਥਰ ਧਰੀੲੈ ਪਾਉ॥ ਜੇ ਉਹ ਦੇਉ ਤਾਂ ਓਹੁ ਵੀ ਦੇਵਾ॥ ਕਹਿ ਨਾਮਦੇਉ ਹਮ ਹਰ ਕੀ ਸੇਵਾ॥”
ਭਗਤ ਨਾਮ ਦੇਵ ਜੀ ਨੇ ਸਾਧ ਸੰਗਤ ਭਾਵ ਭਲੇ ਪੁਰਖਾਂ ਦੀ ਸੰਗਤ ਦੀ ਸਲਾਘਾ ਕਰਦਿਆ ਇਸ ਨੂੰ ਮਨੁੱਖ ਦੀ ਮਾਨਸਿਕ, ਆਤਮਿਕ ਅਤੇ ਵਿਹਾਰਕ ਸ਼ੁਧਤਾ ਦੀ ਪਰਾਪਤੀ ਲਈ ਜਰੂਰੀ ਦੱਸਿਆ ਕਿਉਂਕਿ ਅਜਿਹੀ ਸੰਗਤ ਨਾਲ ਮਨੁੱਖ ਬਹੁਤ ਸਾਰੇ ਵਿਕਾਰਾਂ ਤੋਂ ਛੁਟਕਾਰਾ ਪਾਉਣ ਦੇ ਯੋਗ ਹੋ ਸਕਦਾ ਹੈ। ਉਹਨਾਂ ਅਨੁਸਾਰ, ”ਕਾਮ ਕ੍ਰੋਧ ਤ੍ਰਿਸਨਾ ਅਤਿ ਜਰੈ॥ ਸਾਧ ਸੰਗਤਿ ਕਬਹੂ ਨਹੀਂ ਕਰੈ॥”
ਭਗਤ ਨਾਮ ਦੇਵ ਜੀ ਅਨੁਸਾਰ ਗੁਰੂ ਦੀ ਮਹਾਨਤਾ ਅਤੇ ਵਡਿਆਈ ਉਸ ਦੇ ਪਹਿਰਾਵੇ, ਦਿਖਾਵੇ, ਕੌਤਕਾਂ ਅਤੇ ਕਰਮ ਕਾਂਡਾ ਕਾਰਣ ਨਹੀਂ ਸਗੋਂ ਗੁਰੂ ਦੇ ਸ਼ਬਦ ਹੀ ਉਸਦੀ ਮਹਾਨਤਾ ਦਰਸਾਉਂਦੇ ਹਨ। ਗੁਰੂ ਆਪਣੀ ਸਿਖਿਆ ਜਾਂ ਸ਼ਬਦਾਂ ਕਾਰਨ ਹੀ ਗੁਰੂ ਹੁੰਦਾ ਹੈ। ਗੁਰਮਤਿ ਵਿੱਚ ਗੁਰੂ ਦੇ ਸ਼ਬਦ ਦੀ ਮਹਿਮਾ ਸਭ ਤੋਂ ਪਹਿਲਾਂ ਉਹਨਾਂ ਨੇ ਹੀ ਸਾਡੇ ਸਾਹਮਣੇ ਰੱਖੀ। ਉਹਨਾਂ ਦੇ ਸ਼ਬਦ ਵਿੱਚ ਆਉਂਦਾ ਹੈ, ” ਗੁਰੁ ਕੇ ਸ਼ਬਦਿ ਏਹੁ ਮਨੁ ਰਾਤਾ॥ ਦੁਬਿਧਾ ਸਹਿਜ ਸਮਾਣੀ॥”
ਭਗਤ ਨਾਮ ਦੇਵ ਜੀ ਨੇ ਜਾਤ-ਪਾਤ, ਵਹਿਮਾਂ ਭਰਮਾਂ, ਕਰਮ-ਕਾਂਡਾਂ ਅਤੇ ਬ੍ਰਾਹਮਣਵਾਦ ਵਿਰੁੱਧ ਜਿਹੜੀ ਆਵਾਜ਼ ਬੁਲੰਦ ਕੀਤੀ ਉਸ ਦੀ ਅਜੋਕੇ ਸਮੇਂ ਵਿੱਚ ਵੀ ਲੋੜ ਹੈ ਕਿਉਂਕਿ ਇਹ ਅਲਾਮਤਾਂ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹਨ। ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਦਰਸਾਏ ਰਾਹ ‘ਤੇ ਚਲਦੇ ਹੋਏ ਮਨੁੱਖੀ ਬਰਾਬਰੀ ਤੇ ਮਨੁੱਖਤਾ ਦੇ ਭਲੇ ਲਈ ਇਨ੍ਹਾਂ ਕੁਰੀਤੀਆਂ ਨੁੰ ਦੂਰ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਈਏ।