
ਕਿਸਾਨ ਕਰੈਡਿਟ ਕਾਰਡ ’ਤੇ ਘੱਟ ਵਿਆਜ਼ ’ਤੇ ਮਿਲੇਗਾ ਕਰਜ਼ਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਝੋਨਾ, ਕਪਾਹ, ਸੋਇਆਬੀਨ ਅਤੇ ਅਰਹਰ ਸਣੇ ਸਾਉਣੀ ਦੀਆਂ 14 ਫਸਲਾਂ ’ਤੇ ਐਮ.ਐਸ.ਪੀ. ਵਧਾ ਦਿੱਤੀ ਹੈ। ਕੇਂਦਰੀ ਕੈਬਨਿਟ ਨੇ ਅੱਜ ਬੁੱਧਵਾਰ ਨੂੰ ਇਸ ਸਬੰਧੀ ਫੈਸਲਾ ਲਿਆ ਹੈ। ਕੇਂਦਰੀ ਸੂਚਨਾ ਐਂਡ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਝੋਨੇ ਦੀ ਨਵੀਂ ਐਮ.ਐਸ.ਪੀ. 2369 ਰੁਪਏ ਤੈਅ ਕੀਤੀ ਗਈ ਹੈ, ਜੋ ਕਿ ਪਿਛਲੀ ਐਮ.ਐਸ.ਪੀ. ਤੋਂ 69 ਰੁਪਏ ਜ਼ਿਆਦਾ ਹੈ। ਇਸੇ ਤਰ੍ਹਾਂ ਕਪਾਹ ਦੀ ਨਵੀਂ ਐਮ.ਐਸ.ਪੀ. 7710 ਰੁਪਏ ਤੈਅ ਕੀਤੀ ਗਈ ਹੈ। ਇਸਦੀ ਇਕ ਦੂੁਜੀ ਕਿਸਮ ਦੀ ਨਵੀਂ ਐਮ.ਐਸ.ਪੀ. 8110 ਰੁਪਏ ਕਰ ਦਿੱਤੀ ਗਈ ਹੈ, ਜੋ ਪਹਿਲਾਂ ਨਾਲੋਂ 589 ਰੁਪਏ ਜ਼ਿਆਦਾ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਐਮ.ਐਸ.ਪੀ. ਫਸਲ ਦੀ ਲਾਗਤ ਨਾਲੋਂ ਘੱਟ ਤੋਂ ਘੱਟ 50 ਫੀਸਦੀ ਜ਼ਿਆਦਾ ਹੋਵੇ, ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ।

