ਨਹਿਰੂ ‘ਤੇ ਟਿੱਪਣੀ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦਾ ਯਤਨ ਕਰਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੂੰ ਲੈ ਕੇ ਕੀਤੀ ਟਿੱਪਣੀਆਂ ਦੇ ਹਵਾਲੇ ਨਾਲ ਕਿਹਾ ਕਿ ਭਾਜਪਾ ਆਗੂ ਨੂੰ ਸ਼ਾਇਦ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਉਹ ‘ਇਸ ਨੂੰ ਮੁੜ ਲਿਖਦੇ’ ਰਹਿੰਦੇ ਹਨ।
ਰਾਹੁਲ ਨੇ ਕਿਹਾ ਕਿ ਨਹਿਰੂ ‘ਤੇ ਸਿਆਸੀ ਟਿੱਪਣੀ ਦਾ ਅਸਲ ਮਕਸਦ ਜਾਤੀ ਜਨਗਣਨਾ ਤੇ ਹੋਰ ਮੁੱਦਿਆਂ ਤੋਂ ਧਿਆਨ ਭਟਕਾਉਣਾ ਹੈ। ਉਨ੍ਹਾਂ ਭਾਜਪਾ ‘ਤੇ ਅਸਲ ਮੁੱਦਿਆਂ ਤੋਂ ਭੱਜਣ ਦਾ ਆਰੋਪ ਲਾਇਆ। ਚੇਤੇ ਰਹੇ ਕਿ ਸ਼ਾਹ ਨੇ ਸੋਮਵਾਰ ਨੂੰ ਰਾਜ ਸਭਾ ਵਿੱਚ ਬੋਲਦਿਆਂ ਕਸ਼ਮੀਰ ਦੀ ਸਮੱਸਿਆ ਲਈ ਨਹਿਰੂ ਨੂੰ ਜ਼ਿੰਮੇਵਾਰ ਦੱਸਿਆ ਸੀ।
ਸ਼ਾਹ ਨੇ ਕਿਹਾ ਸੀ ਕਿ ਨਹਿਰੂ ਵੱਲੋਂ ‘ਬੇਮੌਕੇ’ ਦਿੱਤੇ ਗੋਲੀਬੰਦੀ ਦੇ ਹੁਕਮ ਤੇ ਕਸ਼ਮੀਰ ਮਸਲਾ ਸੰਯੁਕਤ ਰਾਸ਼ਟਰ ਵਿੱਚ ਲਿਜਾਣਾ ਬੱਜਰ ਗ਼ਲਤੀ ਸੀ। ਸ਼ਾਹ ਦੀਆਂ ਟਿੱਪਣੀਆਂ ਬਾਰੇ ਪੁੱਛਣ ‘ਤੇ ਰਾਹੁਲ ਨੇ ਕਿਹਾ, ”ਪੰਡਿਤ ਨਹਿਰੂ ਨੇ ਆਪਣਾ ਜੀਵਨ ਦੇਸ਼ ਦੇ ਲੇਖੇ ਲਾਇਆ।
ਉਹ ਸਾਲਾਂਬੱਧੀ ਜੇਲ੍ਹ ‘ਚ ਰਹੇ, ਅਮਿਤ ਸ਼ਾਹ ਜੀ ਨੂੰ ਸ਼ਾਇਦ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ। ਮੈਨੂੰ ਉਮੀਦ ਨਹੀਂ ਹੈ ਕਿ ਉਨ੍ਹਾਂ ਨੂੰ ਇਤਿਹਾਸ ਬਾਰੇ ਕੁਝ ਪਤਾ ਹੈ ਕਿਉਂਕਿ ਉਹ ਇਤਿਹਾਸ ਮੁੜ ਮੁੜ ਲਿਖਦੇ ਹਨ।” ਸਾਬਕਾ ਕਾਂਗਰਸ ਪ੍ਰਧਾਨ ਨੇ ਸੰਸਦ ਦੇ ਬਾਹਰ ਮੀਡੀਆ ਨੂੰ ਦੱਸਿਆ, ”ਇਹ ਸਭ ਧਿਆਨ ਭਟਕਾਉਣ ਲਈ ਹੈ, ਬੁਨਿਆਦੀ ਮਸਲਾ ਜਾਤੀ ਜਨਗਣਨਾ ਤੇ ਸ਼ਮੂਲੀਅਤ ਦਾ ਹੈ, ਦੇਸ਼ ਦਾ ਪੈਸਾ ਕਿਸ ਦੇ ਹੱਥਾਂ ਵਿੱਚ ਜਾ ਰਿਹੈ। ਉਹ (ਭਾਜਪਾ) ਇਸ ਮੁੱਦੇ ‘ਤੇ ਵਿਚਾਰ ਚਰਚਾ ਨਹੀਂ ਕਰਨਾ ਚਾਹੁੰਦੇ, ਉਹ ਇਸ ਤੋਂ ਡਰਦੇ ਹਨ ਤੇ ਇਸ ਤੋਂ ਭੱਜ ਰਹੇ ਹਨ।”ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਇਸ ਮੁੱਦੇ ਨੂੰ ਅੱਗੇ ਲੈ ਕੇ ਜਾਵੇਗੀ ਤੇ ਯਕੀਨੀ ਬਣਾਏਗੀ ਕਿ ਗਰੀਬ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਮਿਲਣ।