
ਸਰਵਣ ਸਿੰਘ ਪੰਧੇਰ ਦਾ ਆਰੋਪ : ਸੋਲਰ ਪ੍ਰੋਜੈਕਟ ਦਾ ਸਮਝੌਤਾ ਪੰਜਾਬ ਸਣੇ 12 ਸੂਬਿਆਂ ਨਾਲ ਹੋਇਆ ਸੀ
ਜਲੰਧਰ/ਬਿਊਰੋ ਨਿਊਜ਼
ਗੌਤਮ ਅਡਾਨੀ ’ਤੇ ਲੱਗੇ ਭਿ੍ਰਸ਼ਟਾਚਾਰ ਅਤੇ ਰਿਸ਼ਵਤ ਦੇਣ ਦੇ ਆਰੋਪਾਂ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੀ ਸਵਾਲ ਚੁੱਕੇ ਹਨ। ਇਸ ਮਾਮਲੇ ਵਿਚ ਕਿਸਾਨ ਆਗੂ ਪੰਧੇਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਦੇਸ਼ ਦੀਆਂ ਕਈ ਸਰਕਾਰਾਂ ’ਤੇ ਗੰਭੀਰ ਆਰੋਪ ਲਗਾਏ ਹਨ। ਪੰਧੇਰ ਨੇ ਸੂਬੇ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਕੋਲੋਂ ਵੀ ਅਡਾਨੀ ਮਾਮਲੇ ਵਿਚ ਜਵਾਬ ਮੰਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਕਰੀਬ ਦੋ ਸਾਲ ਦੀ ਜਾਂਚ ਤੋਂ ਬਾਅਦ ਗੌਤਮ ਅਡਾਨੀ ’ਤੇ ਅਰੋਪ ਲੱਗੇ ਹਨ ਅਤੇ ਉਨ੍ਹਾਂ ਦੀ ਗਿ੍ਰਫਤਾਰੀ ਦਾ ਵਾਰੰਟ ਵੀ ਜਾਰੀ ਹੋਇਆ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਸੋਲਰ ਐਨਰਜੀ ਨਾਲ ਜੁੜਿਆ ਕੰਟਰੈਕਟ ਹਾਸਲ ਕਰਨ ਦੇ ਲਈ ਭਾਰਤੀ ਅਧਿਕਾਰੀਆਂ ਨੂੰ ਕਰੀਬ 2200 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ ਗੌਤਮ ਅਡਾਨੀ ’ਤੇ ਆਰੋਪ ਲੱਗੇ ਹਨ। ਇਹ ਪੂਰਾ ਮਾਮਲਾ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਗਰੀਨ ਐਨਰਜੀ ਲਿਮਟਿਡ ਅਤੇ ਇਕ ਹੋਰ ਫਰਮ ਨਾਲ ਜੁੜਿਆ ਹੋਇਆ ਹੈ। ਕਿਸਾਨ ਆਗੂ ਪੰਧੇਰ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਇਹ ਸਮਝੌਤਾ ਕਰੀਬ 12 ਸੂਬਿਆਂ ਨਾਲ ਕੀਤਾ ਗਿਆ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਤੋਂ ਵੱਖ ਨਹੀਂ ਹਨ। ਉਨ੍ਹਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਤਾਂ ਜੋ ਸੱਚਾਈ ਸਾਹਮਣੇ ਆ ਸਕੇ।