Breaking News
Home / ਪੰਜਾਬ / ਕੈਪਟਨ ਅਮਰਿੰਦਰ ਦੀ ਰਿਹਾਇਸ਼ ਅੱਗੇ ਧਰਨਾ ਦੇਵੇਗਾ ਯੂਨਾਈਟਿਡ ਅਕਾਲੀ ਦਲ

ਕੈਪਟਨ ਅਮਰਿੰਦਰ ਦੀ ਰਿਹਾਇਸ਼ ਅੱਗੇ ਧਰਨਾ ਦੇਵੇਗਾ ਯੂਨਾਈਟਿਡ ਅਕਾਲੀ ਦਲ

ਅੰਮ੍ਰਿਤਸਰ/ਬਿਊਰੋ ਨਿਊਜ਼ : ਯੂਨਾਈਟਿਡ ਅਕਾਲੀ ਦਲ ਨੇ ਮੌਜੂਦਾ ਕਾਂਗਰਸ ਸਰਕਾਰ ਖ਼ਿਲਾਫ਼ ਕਿਸਾਨ ਖੁਦਕੁਸ਼ੀਆਂ ਰੋਕਣ, ਪੰਜਾਬ ਦੇ ਪਾਣੀਆਂ ਤੇ ਕੁਦਰਤੀ ਸਾਧਨਾਂ ਦੀ ਲੁੱਟ ਨੂੰ ਰੋਕਣ, ਨਸ਼ਿਆਂ ਦੇ ਕਾਰੋਬਾਰ ਨੂੰ ਬੰਦ ਕਰਨ ਵਿੱਚ ਅਸਫ਼ਲ ਰਹਿਣ ਸਮੇਤ ਹੋਰ ਮੁੱਦਿਆਂ ਸਬੰਧੀ 26 ਮਾਰਚ ਤੋਂ ਇਕ ਹਫ਼ਤੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਜਥੇਬੰਦੀ ਵੱਲੋਂ ਧਰਮ ਯੁੱਧ ਕਾਨਫਰੰਸ ਦੇ ਨਾਂ ਹੇਠ ਕੀਤੀ ਇੱਕ ਰੈਲੀ ਵਿੱਚ ਮਤਾ ਪਾਸ ਕਰਕੇ ਕੀਤਾ ਗਿਆ।
ਇਹ ਕਾਨਫਰੰਸ ਇਥੇ ਮਾਨਾਂਵਾਲਾ ਨੇੜੇ ਕੀਤੀ ਗਈ, ਜਿਸ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਸਮੂਹ ਅਹੁਦੇਦਾਰ ਅਤੇ ਮੁਤਵਾਜ਼ੀ ਜਥੇਦਾਰਾਂ ਵਿੱਚੋਂ ਦੋ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਸ਼ਾਮਲ ਹੋਏ। ઠਕੁਝ ਆਪਸੀ ਮਤਭੇਦਾਂ ਕਰਕੇ ਜਥੇਦਾਰ ਭਾਈ ਅਮਰੀਕ ਸਿੰਘ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ। ਇਸ ਸਮਾਗਮ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸਕੱਤਰ ਜਨਰਲ ਗੁਰਦੀਪ ਸਿੰਘ ਬਠਿੰਡਾ, ઠਜਨਰਲ ਸਕੱਤਰ ਕੈਪਟਨ ਚੰਨਣ ਸਿੰਘ ਸਿੱਧੂ, ਭਾਈ ਸਤਨਾਮ ਸਿੰਘ ਮਨਾਵਾ, ਭਾਈ ਵੱਸਣ ਸਿੰਘ ਜਫ਼ਰਵਾਲ ઠਤੇ ਹੋਰ ਪ੍ਰਮੁੱਖ ਆਗੂ ਮੁੱਖ ਬੁਲਾਰੇ ਸਨ।
ਬੁਲਾਰਿਆਂ ਨੇ ਪਿਛਲੀ ਅਕਾਲੀ-ਭਾਜਪਾ ਅਤੇ ਮੌਜੂਦਾ ਕਾਂਗਰਸ ਸਰਕਾਰ ਦੋਵਾਂ ਨੂੰ ਨਿਸ਼ਾਨੇ ‘ਤੇ ਰੱਖਿਆ। ਸਿੱਖ ਆਗੂਆਂ ਨੇ ਕਿਹਾ ਕਿ ਦੋਵਾਂ ਸਰਕਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ ਤੇ ਨਾ ਹੀ ਬੇਅਦਬੀ ਦੀਆਂ ਘਟਨਾਵਾਂ ਖ਼ਿਲਾਫ ਸ਼ਾਂਤਮਈ ਰੋਸ ਪ੍ਰਗਟਾ ਰਹੇ ਲੋਕਾਂ ‘ਤੇ ਗੋਲੀ ਚਲਾਉਣ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਹੋਈ ਹੈ।
ਸਾਬਕਾ ਅਕਾਲੀ ਵਿਧਾਇਕ ਪ੍ਰੇਮ ਮਿੱਤਲ ਲੋਕ ਇਨਸਾਫ਼ ਪਾਰਟੀ ‘ਚ ਸ਼ਾਮਲ
ਲੁਧਿਆਣਾ : ਮਾਨਸਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਹੁਣ ਕਾਂਗਰਸ ‘ਚ ਰਹਿਣ ਦੌਰਾਨ ਲੁਧਿਆਣਾ ਦੇ ਸਾਬਕਾ ਮੇਅਰ ਰਹੇ ਪ੍ਰੇਮ ਮਿੱਤਲ ਆਪਣੇ ਸਾਥੀਆਂ ਸਮੇਤ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਪ੍ਰੇਮ ਮਿੱਤਲ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਸੀ ਕਿ ਜਿਹੜੀ ਲੜਾਈ ਬੈਂਸ ਭਰਾਵਾਂ ਨੇ ਭ੍ਰਿਸ਼ਟਾਚਾਰ ਖਿਲ਼ਾਫ਼ ਵਿੱਢੀ ਹੋਈ ਹੈ ਉਸ ਦਾ ਉਹ ਹਿੱਸਾ ਬਣ ਸਕਣ। ਇਸ ਮੌਕੇ ‘ਤੇ ਸਿਮਰਜੀਤ ਸਿੰਘ ਬੈਂਸ ਨੇ ਮਿੱਤਲ ਦੇ ਇਸ ਕਦਮ ਨੂੰ ਚੰਗਾ ਦੱਸਦੇ ਹੋਏ ਪਾਰਟੀ ਵਿੱਚ ਸੁਆਗਤ ਕੀਤਾ।ਉਧਰ ਦੂਜੇ ਪਾਸੇ ਲੁਧਿਆਣਾ ਪਹੁੰਚੇ ਸੁੱਚਾ ਸਿੰਘ ਛੋਟੇਪੁਰ ਨੇ ਸਿਮਰਜੀਤ ਬੈਂਸ ਨੂੰ ਆਮ ਆਦਮੀ ਪਾਰਟੀ ਨਾਲੋਂ ਤੋੜ ਵਿਛੋੜਾ ਕਰਨ ਦੀ ਸਲਾਹ ਦਿੱਤੀ ਹੈ।
ਕੈਪਟਨ ਸਾਹਿਬ ਨੂੰ ਅੰਬ ਬਹੁਤ ਪਸੰਦ
ਕੈਪਟਨ ਅਮਰਿੰਦਰ ਸਿੰਘ ਨੂੰ ਫਲਾਂ ਦਾ ਰਾਜਾ ਅੰਬ ਬਹੁਤ ਪਸੰਦ ਹੈ। ਮਹੀਨਾ ਪਹਿਲਾਂ ਮੋਹਾਲੀ ਦੇ ਸੀਸਵਾਂ ‘ਚ ਫਾਰਮ ਹਾਊਸ ਦੇ ਲਈ ਖਰੀਦੀ 5.88 ਏਕੜ ਜ਼ਮੀਨ ‘ਤੇ ਫਲਾਂ ਦੀਆਂ 32 ਕਿਸਮਾਂ ਲਗਾਈਆਂ। ਕੌਣ 10-15 ਸਾਲ ਫਲਾਂ ਦਾ ਇੰਤਜ਼ਾਰ ਕਰੇ ਇਸ ਲਈ ਕੈਪਟਨ ਨੇ ਇਥੇ ਸਹਾਰਨਪੁਰ ਤੋਂ 15 ਸਾਲ ਪੁਰਾਣੇ ਮਲੀਹਾਬਾਦੀ ਅੰਬ ਦੇ ਬੂਟੇ ਹੀ ਟਰਾਂਸਪਲਾਂਟ ਕਰਵਾਏ ਹਨ। ਅਗਲੇ ਸਾਲ ਹੀ ਇਨ੍ਹਾਂ ਬੂਟਿਆਂ ਨੂੰ ਰਸੀਲੇ ਅੰਬ ਲੱਗ ਜਾਣਗੇ। ਅੰਬ ਤੋਂ ਇਲਾਵਾ ਬਿਹਾਰ ਦੀ ਲੀਚੀ, ਇਲਾਹਾਬਾਦ ਦੇ ਅਮਰੂਦ ਅਤੇ ਲੋਕਾਟ ਦੀਆਂ ਕਈ ਕਿਸਮਾਂ ਲਗਾਈ ਗਈਆਂ ਹਨ। ਮੋਤੀ ਮਹਿਲ ਪਟਿਆਲਾ ਦੇ ਸ਼ਾਇਦ ਇੰਨੇ ਚੱਕਰ ਨਾ ਲਗਾਉਂਦੇ ਹੋਣ ਕੈਪਟਨ ਅਮਰਿੰਦਰ ਸਿੰਘ ਪ੍ਰੰਤੂ ਸੀਸਵਾਂ ਫਾਰਮ ਹਾਊਸ ‘ਚ ਦੋ ਚੱਕਰ ਲਗਾ ਆਏ ਹਨ। ਬਗੀਚੇ ‘ਚ ਫਲਾਂ ਦੇ ਸਾਰੇ ਬੂਟੇ ਖੁਦ ਸਾਹਮਣੇ ਖੜ੍ਹੇ ਹੋ ਕੇ ਲਗਵਾਏ ਅਤੇ ਕਈ ਬੂਟੇ ਆਪਣੇ ਹੱਥਾਂ ਨਾਲ ਵੀ ਲਗਾਏ।
ਸੁਰੇਸ਼ ਕੁਮਾਰ ਦੀਆਂ ਸੇਵਾਵਾਂ
ਸੀਐਮ ਦਫ਼ਤਰ ਦੇ ਅੰਦਰ-ਬਾਹਰ ਅਫ਼ਸਰਾਂ ਦੀ ਜਿਸ ਲਾਬੀ ਨੇ ਸੁਰੇਸ਼ ਕੁਮਾਰ ਨੂੰ ਬਾਹਰ ਦਾ ਰਸਤਾ ਦਿਖਾ ਕੇ ਜਸ਼ਨ ਮਨਾਇਆ ਸੀ ਅੱਜ ਕੱਲ੍ਹ ਉਨ੍ਹਾਂ ਦੀਆਂ ਧੜਕਣਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਸੁਰੇਸ਼ ਕੁਮਾਰ ਦੇ ਜਾਂਦੇ ਜੋ ਫਾਇਲਾਂ ਕੁਝ ਅਫ਼ਸਰਾਂ ਨੇ ਫੜ ਲਈਆਂ ਸਨ ਹੁਣ ਉਹ ਵੀ ਰੁਕ ਗਈਆਂ ਹਨ। ਕੋਰਟ ਦੀ ਸਿੰਗਲ ਬੈਂਚ ਤੋਂ ਨਿਯੁਕਤੀ ਖਾਰਜ ਹੁੰਦੇ ਹੀ ਛੁੱਟੀਆਂ ਕੱਟਣ ਦੇ ਲਈ ਜਾਪਾਨ ਗਏ ਸੁਰੇਸ਼ ਕੁਮਾਰ ਵਾਪਸ ਆ ਗਏ ਹਨ। ਕੰਮ ‘ਤੇ ਵੀ ਵਾਪਸ ਆ ਜਾਣ ਇਸ ਦੀ ਵੀ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ। ਖਾਰਜ ਨਿਯੁਕਤੀ ਨੂੰ ਚੁਣੌਤੀ ਦੇਣ ਦੇ ਨਾਲ ਮੁੱਖ ਮੰਤਰੀ ਵੱਲੋਂ ਸੀਐਮ ਦਫ਼ਤਰ ਦੇ ਸਾਰੇ ਅਫ਼ਸਰਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਜਦੋਂ ਤੱਕ ਮੈਂ ਮੁੱਖ ਮੰਤਰੀ ਰਹਾਂਗਾ ਸੁਰੇਸ਼ ਕੁਮਾਰ ਦੀਆਂ ਸੇਵਾਵਾਂ ਮੇਰੇ ਨਾਲ ਹੀ ਰਹਿਣਗੀਆਂ।
ਹਲਕੇ ਦੇ ਗੇੜੇ ਘੱਟ
ਕਦੋਂ ਕਿਸਮਤ ਸਾਥ ਦੇ ਜਾਏ ਪਤਾ ਨਹੀਂ, ਲਾਲਬੱਤੀ ਤਾਂ ਖਤਮ ਹੋ ਗਈ ਪ੍ਰੰਤੂ ਮੰਤਰੀ ਦੀ ਝੰਡੀ ਵਾਲੀ ਕਾਰ ਹੀ ਮਿਲ ਜਾਵੇ। ਸਾਰੇ ਕਾਂਗਰਸੀ ਐਮ ਐਲ ਏ ਹੁਣ ਇਸ ਚੱਕਰ ‘ਚ ਫਸੇ ਹੋਏ ਹਨ ਕਿਉਂਕਿ ਮਾਰਚ ਮਹੀਨੇ ਮੰਤਰੀ ਮੰਡਲ ‘ਚ ਵਾਧਾ ਹੋਣਾ ਹੈ। ਹਲਕਿਆਂ ‘ਚ ਮੁੱਖ ਮੰਤਰੀ ਦੇ ਪ੍ਰੋਗਰਾਮਾਂ ਦੀ ਮੰਗ ਵਧ ਗਈ ਹੈ, ਜਿਸ ਤਰ੍ਹਾਂ ਹੀ ਸਵਾ ਤਿੰਨ ਲੱਖ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਵਾਲੀ ਗੱਲ ਆਈ ਤਾਂ ਆਪਣੇ-ਆਪਣੇ ਹਲਕਿਆਂ ‘ਚ ਮੁੱਖ ਮੰਤਰੀ ਦੇ ਸਮਾਗਮ ਵਾਲੀ ਤਰੀਕ ਲੈਣ ਲਈ ਐਮ ਐਲ ਏਜ਼ ‘ਚ ਹੋੜ ਮਚ ਗਈ। ਜਿਹੜੇ ਐਮ ਐਲ ਏਜ਼ ਦੀ ਸੀਐਮ ਦਫ਼ਤਰ ‘ਚ ਘੱਟ ਪਕੜ ਹੈ ਉਹ ਹਾਈ ਕਮਾਂਡ ਤੱਕ ਪਹੁੰਚ ਬਣਾਉਣ ਦੇ ਜੁਗਾੜ ‘ਚ ਲੱਗੇ ਹੋਏ ਹਨ। ਸਵਾਲ 40 ਉਨ੍ਹਾਂ ਮਹਿਕਮਿਆਂ ਦੀ ਵੰਡ ਦਾ ਹੈ ਜੋ 10 ਮਹੀਨਿਆਂ ਤੋਂ ਮੁੱਖ ਮੰਤਰੀ ਦੇ ਕੋਲ ਹਨ। ਘੱਟੋ-ਘੱਟ 30 ਮਹਿਕਮੇ ਤਾਂ ਉਨ੍ਹਾਂ ਦੇ ਹਿੱਸੇ ਆਉਣਗੇ ਹੀ ਜੋ ਪਹਿਲਾਂ ਤੋਂ ਹੀ ਮੰਤਰੀ ਹਨ ਅਤੇ ਕਈ ਬਣਨ ਦੇ ਚੱਕਰ ‘ਚ ਹਨ। ਇਨ੍ਹੀਂ ਦਿਨੀਂ ਇਨ੍ਹਾਂ ਦੇ ਗੇੜੇ ਹਲਕੇ ‘ਚ ਘੱਟ ਚੰਡੀਗੜ੍ਹ ਤੇ ਦਿੱਲੀ ਦੇ ਜ਼ਿਆਦਾ ਲੱਗ ਰਹੇ ਹਨ।
ਕੈਪਟਨ ਨੇ ਕਿਹਾ ਵਾਅਦੇ ਪੂਰੇ ਕਰਾਂਗੇ
ਕੇਂਦਰ ਸਰਕਾਰ ਦਾ ਬਜਟ ਆਉਣ ਤੋਂ ਬਾਅਦ ਪੰਜਾਬ ਦੇ ਕਿਸਾਨ ਬੇਹੱਦ ਨਿਰਾਸ਼ ਹਨ, ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਅਫ਼ਸਰਾਂ ਨੂੰ ਆਪਣੇ ਘਰ ਬੁਲਾ ਕੇ ਸਾਫ਼ ਕਹਿ ਦਿੱਤਾ ਹੈ ਕਿ ਜੋ ਅਸੀਂ ਵਾਅਦੇ ਕੀਤੇ ਹਨ ਉਹ ਹਾਰ ‘ਚ ਪੂਰੇ ਕਰਨੇ ਹਨ। ਕਰਜ਼ਾ ਮੁਆਫ਼ੀ ਦੇ ਲਈ ਪੂਰਾ ਜ਼ੋਰ ਲਗਾਓ ਤਾਂ ਕਿ ਕਾਂਗਰਸ ਸਰਕਾਰ ਦੀ ਕਿਸੇ ਵੀ ਹਾਲਤ ‘ਚ ਕਿਰਕਿਰੀ ਨਾ ਹੋਵੇ। ਇਸ ਲਈ ਅਫ਼ਸਰਾਂ ਨੇ ਵੀ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਪਣੇ ਜੂਨੀਅਰਾਂ ਨੂੰ ਹੁਕਮ ਦਿੱਤੇ ਹਨ ਕਿ ‘ਕੈਪਟਨ ਸਾਹਬ’ ਨੇ ਕਿਹਾ ਕਿ ਕੰਮ ਤਾਂ ਹਰ ਹਾਲ ‘ਚ ਪੂਰਾ ਕਰਨਾ ਹੋਵੇਗਾ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …