ਬ੍ਰਾਜ਼ੀਲ ਵਿੱਚ ਔਰਤਾਂ ਕੀਰਤਨ ਵੀ ਕਰਦੀਆਂ ਹਨ ਤੇ ਪੰਜ ਪਿਆਰਿਆਂ ਦੀ ਭੂਮਿਕਾ ਵੀ ਨਿਭਾਉਂਦੀਆਂ ਹਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਸਿੱਖ ਧਰਮ ਇੰਟਰਨੈਸ਼ਨਲ ਸੰਸਥਾ ਦੇ ਬ੍ਰਾਜ਼ੀਲ ਤੋਂ ਆਏ ਮੈਂਬਰ ਆਪਣੀ ਧਾਰਮਿਕ ਯਾਤਰਾ ਪੂਰੀ ਕਰਨ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਹ ਯਾਤਰਾ ਅਬੇਕੀ ਬ੍ਰਾਜ਼ੀਲ ਦੀ ਮੁਖੀ ਅਤੇ ਮੋਢੀ ਡਾ. ਗੁਰੂਸੰਗਤ ਕੌਰ ਖ਼ਾਲਸਾ ਦੀ ਅਗਵਾਈ ਵਿੱਚ 50 ਬ੍ਰਾਜ਼ੀਲੀ ਪ੍ਰਤੀਨਿਧਾਂ ਨਾਲ ਸ੍ਰੀ ਆਨੰਦਪੁਰ ਸਾਹਿਬ ਤੋਂ 24 ਜਨਵਰੀ ਨੂੰ ਸ਼ੁਰੂ ਹੋਈ ਸੀ।
ਡਾ. ਖ਼ਾਲਸਾ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅਬੇਕੀ ਬ੍ਰਾਜ਼ੀਲ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਇੱਕ-ਦੂਜੇ ਨਾਲ ਸਾਂਝੀਆਂ ਕਰਨ ਅਤੇ ਬਰਕਰਾਰ ਰੱਖਣ ਲਈ ਸਮਰਪਿਤ ਸੰਸਥਾ ਹੈ ਅਤੇ ਮੀਰੀ ਪੀਰੀ ਸਕੂਲ ਦੇ ਤਿੰਨ ਕੈਂਪਸਾਂ ਸਮੇਤ ਪੂਰੇ ਬ੍ਰਾਜ਼ੀਲ ਵਿੱਚ ਇਸ ਦੇ 42 ਕੇਂਦਰ ਹਨ। ਉਨ੍ਹਾਂ ਕਿਹਾ ਕਿ ਇਹ ਬ੍ਰਾਜ਼ੀਲੀਅਨ ਮੈਂਬਰਾਂ ਲਈ ਆਪਣੀ ਕਿਸਮ ਦੀ ਪਹਿਲੀ ਯਾਤਰਾ ਸੀ। ਉਨ੍ਹਾਂ ਦੇ ਕਹਿਣ ਅਨੁਸਾਰ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਉਨ੍ਹਾਂ ਦੀ ਰੂਹ ਨੂੰ ਸਕੂਨ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਬ੍ਰਾਜ਼ੀਲ ਦੱਖਣੀ ਅਮਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ। ਯੋਗੀ ਹਰਭਜਨ ਸਿੰਘ ਖ਼ਾਲਸਾ 1980 ਵਿੱਚ ਬ੍ਰਾਜ਼ੀਲ ਗਏ ਸਨ, ਜਿਨ੍ਹਾਂ ਕੋਲੋਂ ਬ੍ਰਾਜ਼ੀਲ ਵਾਸੀਆਂ ਨੇ ਪਹਿਲਾਂ ਯੋਗ ਧਾਰਨ ਕੀਤਾ ਤੇ ਮਗਰੋਂ ਸਿੱਖ ਧਰਮ ਤੋਂ ਪ੍ਰੇਰਿਤ ਹੋ ਕੇ ਸਿੱਖੀ ਧਾਰਨ ਕੀਤੀ। ਉਨ੍ਹਾਂ ਕਿਹਾ ਕਿ ਇਸ ਵੇਲੇ ਬ੍ਰਾਜ਼ੀਲ ਵਿੱਚ 300 ਸਿੱਖ ਹਨ ਪਰ ਅਜੇ ਤੱਕ ਉੱਥੇ ਕੋਈ ਗੁਰਦੁਆਰਾ ਨਹੀਂ ਉਸਾਰਿਆ ਗਿਆ। ਇੱਕ ਥਾਂ ‘ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖ ਧਰਮ ਨਾਲ ਸਬੰਧਤ ਗੁਰਧਾਮਾਂ ਦੀ ਯਾਤਰਾ ਕਰਕੇ ਸਿੱਖ ਧਰਮ ਨੂੰ ਹੋਰ ਨੇੜਿਓਂ ਸਮਝਣ ਦੇ ਇੱਛੁਕ ਸਨ। ਉਨ੍ਹਾਂ ਕਿਹਾ ਕਿ ਵਫ਼ਦ ਦੀ ਇਹ ਕੋਸ਼ਿਸ਼ ਹੈ ਕਿ ਇਸ ਯਾਤਰਾ ਰਾਹੀਂ ਮਿਲੀ ਪ੍ਰੇਰਣਾ ਸਦਕਾ ਹੋਰ ਲੋਕਾਂ ਤੱਕ ਵੀ ਸਿੱਖ ਧਰਮ ਦੀਆਂ ਸਿੱਖਿਆਵਾਂ ਪਹੁੰਚਾਈਆਂ ਜਾਣ।
ਡਾ. ਖ਼ਾਲਸਾ ਨੇ ਕਿਹਾ ਕਿ ਬ੍ਰਾਜ਼ੀਲੀਅਨ ਸਿੱਖਾਂ ਦਾ ਵਫ਼ਦ ਸਿੱਖੀ ਦੇ ਸਰਵਉੱਚ ਧਾਰਮਿਕ ਅਸਥਾਨ ਦੇ ਦਰਸ਼ਨ ਕਰਕੇ ਬਹੁਤ ਉਤਸ਼ਾਹਿਤ ਹੈ। ਸੰਸਥਾ ਦੀ ਸੀਈਓ ਪ੍ਰਿਤਪਾਲ ਕੌਰ ਨੇ ਕਿਹਾ ਕਿ ਇਨ੍ਹਾਂ ਸਿੱਖਾਂ ਨੇ ਗੁਰਧਾਮਾਂ ਦੀ ਯਾਤਰਾ ਦੌਰਾਨ ਜੋ ਕੁਝ ਵੇਖਿਆ, ਜਾਣਿਆ ਅਤੇ ਮਹਿਸੂਸ ਕੀਤਾ, ਉਹ ਆਪਣੇ ਦੇਸ਼ ਜਾ ਕੇ ਹੋਰ ਲੋਕਾਂ ਨਾਲ ਸਾਂਝਾ ਕਰਨਗੇ।ਡਾ. ਖਾਲਸਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਔਰਤਾਂ ਨੂੰ ਵੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਕਰਨ ਲਈ ਇਜਾਜ਼ਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ ਤਾਂ ਫਿਰ ਹਰਿਮੰਦਰ ਸਾਹਿਬ ਵਿੱਚ ਕੀਰਤਨ ਕਰਨ ਦੀ ਆਗਿਆ ਕਿਉਂ ਨਹੀਂ ਦਿੱਤੀ ਜਾਂਦੀ? ਉਨ੍ਹਾਂ ਦੱਸਿਆ ਕਿ ਬ੍ਰਾਜ਼ੀਲ ਵਿੱਚ ਔਰਤਾਂ ਵੀ ਕੀਰਤਨ ਕਰਦੀਆਂ ਹਨ ਤੇ ਪੰਜ ਪਿਆਰਿਆਂ ਦੀ ਭੂਮਿਕਾ ਵੀ ਨਿਭਾਉਂਦੀਆਂ ਹਨ। ਮੀਡੀਆ ਕੋਆਰਡੀਨੇਟਰ ਸ਼ਾਂਤੀ ਕੌਰ ਖ਼ਾਲਸਾ ਨੇ ਕਿਹਾ ਕਿ ਬ੍ਰਾਜ਼ੀਲ ਤੋਂ ਹੋਰ ਸਿੱਖਾਂ ਦਾ ਵਫ਼ਦ ਅਕਤੂਬਰ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਆਵੇਗਾ।
Check Also
ਫਿਲਮ ‘ਜਾਟ’ ਨੂੰ ਲੈ ਕੇ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ ਮਾਮਲਾ ਦਰਜ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗਣ ਲੱਗੇ ਆਰੋਪ ਜਲੰਧਰ/ਬਿਊਰੋ ਨਿਊਜ਼ ਜਲੰਧਰ ਦੇ ਸਦਰ ਪੁਲਿਸ …