Breaking News
Home / ਪੰਜਾਬ / ਅੰਮ੍ਰਿਤਸਰ, ਫਿਰੋਜ਼ਪੁਰ, ਨਾਭਾ ਤੋਂ ਬਾਅਦ ਹੁਣ ਫਰੀਦਕੋਟ ਜੇਲ੍ਹ ‘ਚ ਸਾਹਮਣੇ ਆਏ ਕਈ ਮਾਮਲੇ

ਅੰਮ੍ਰਿਤਸਰ, ਫਿਰੋਜ਼ਪੁਰ, ਨਾਭਾ ਤੋਂ ਬਾਅਦ ਹੁਣ ਫਰੀਦਕੋਟ ਜੇਲ੍ਹ ‘ਚ ਸਾਹਮਣੇ ਆਏ ਕਈ ਮਾਮਲੇ

ਸਮਗਲਰਾਂ ਲਈ ਸੇਫ ਜ਼ੋਨ ਬਣੀਆਂ ਜੇਲ੍ਹਾਂ, ਡਰੱਗ ਡੀਲ
ਤੋਂ ਲੈ ਕੇ ਡਿਲੀਵਰੀ ਤੱਕ ਸਭ ਇਥੋਂ ਹੀ
ਬਠਿੰਡਾ : ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਲਈ ਸੇਫ ਜ਼ੋਨ ਸਾਬਤ ਹੋ ਰਹੀਆਂ ਹਨ। ਇਥੇ ਬੈਠ ਕੇ ਉਹ ਆਸਾਨੀ ਨਾਲ ਮੋਬਾਇਲ ਦੇ ਰਾਹੀਂ ਡਰੱਗ ਡੀਲ ਕਰਦੇ ਹਨ ਅਤੇ ਬਾਹਰ ਆਪਣੇ ਸਾਥੀਆਂ ਤੋਂ ਉਸ ਡੀਲ ਨੂੰ ਡਲੀਵਰ ਕਰਵਾ ਦਿੰਦੇ ਹਨ। ਇਹੀ ਨਹੀਂ ਜੇਲ੍ਹ ਤੋਂ ਮਿਲੇ ਕੋਰਡ ਵਰਡ ਦੇ ਰਾਹੀਂ ਹਵਾਲਾ ਦੇ ਜਰੀਏ ਪੇਮੈਂਟ ਵੀ ਕਰਵਾ ਦਿੱਤੀ ਜਾਂਦੀ ਹੈ। ਐਸਟੀਐਫ ਅਤੇ ਪੁਲਿਸ ਕੋਰੀਅਰ ਨੂੰ ਤਾਂ ਫੜ ਲੈਂਦੀ ਹੈ, ਪ੍ਰੰਤੂ ਜੇਲ੍ਹਾਂ ‘ਚ ਚੱਲ ਰਹੇ ਇਸ ਡਰੱਗ ਰੈਕੇਟ ਦੀ ਚੇਨ ਨੂੰ ਬਰੇਕ ਨਹੀਂ ਕਰ ਪਾ ਰਹੀ। ਇਹੀ ਨਹੀਂ ਪੰਜਾਬ ਦੀ ਹਾਈ ਸਕਿਓਰਿਟੀ ਜੇਲ੍ਹ ਨਾਭਾ, ਅਤਿ ਸੰਵੇਦਨਸ਼ੀਲ ਜੇਲ੍ਹ ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਮਾਡਰਨ ਜੇਲ੍ਹ ਫਰੀਦਕੋਟ ‘ਚ ਪਿਛਲੇ ਛੇ ਮਹੀਨੇ ‘ਚ ਅਜਿਹੇ ਅੱਧਾ ਦਰਜਨ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚ ਜੇਲ੍ਹਾਂ ‘ਚ ਬੈਠੇ ਸਮਗਲਰਾਂ ਨੇ ਪਾਕਿਸਤਾਨ ਤੋਂ ਨਾ ਕੇਵਲ ਹੈਰੋਇਨ ਦੀ ਕਨਸਾਈਨਮੈਂਟ ਮੰਗਵਾਈ ਬਲਕਿ ਉਸ ਨੂੰ ਡਲੀਵਰ ਵੀ ਕਰਵਾ ਦਿੱਤਾ।
ਇਨ੍ਹਾਂ 5 ਕੇਸਾਂ ਤੋਂ ਸਮਝੋਂ…ਕਿਸ ਤਰ੍ਹਾਂ ਫੈਲ ਰਿਹਾ ਹੈ ਜੇਲ੍ਹ ਤੋਂ ਸਮਗਲਰਾਂ ਦਾ ਜਾਲ
ਕੇਸ 1 : ਨਾਈਜੀਰੀਅਨ ਨੇ ਨਾਭਾ ਜੇਲ੍ਹ ਤੋਂ ਮੋਗਾ ‘ਚ ਕਰਵਾਈ ਡਿਲੀਵਰੀ
22 ਜਨਵਰੀ 2018 ਨੂੰ ਯੂਗਾਂਡਾ ਦੀ ਮਹਿਲਾ ਰੋਜੇਟ ਨੂੰ ਜਗਰਾਓਂ ਪੁਲਿਸ ਨੇ 1.5 ਕਿਲੋ ਹੈਰੋਇਨ ਸਮੇਤ ਫੜਿਆ। ਉਹ ਇਕ ਬੈਗ ‘ਚ ਮੱਛੀਆਂ ਲੈ ਕੇ ਜਾ ਰਹੀ ਸੀ। ਮੱਛੀਆਂ ਦੇ ਹੈਰੋਇਨ ਦੇ ਕੈਪਸੂਲ ਬਣਾ ਕੇ ਛੁਪਾਏ ਹੋਏ ਸਨ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਹ ਹੈਰੋਇਨ ਮੋਗਾ ਦੇ ਨਿਹਾਲ ਸਿੰਘ ਵਾਲਾ ‘ਚ ਸਪਲਾਈ ਹੋਣੀ ਸੀ, ਜਿਸ ਦਾ ਆਰਡਰ ਨਾਭਾ ਜੇਲ੍ਹ ‘ਚ ਬੰਦ ਮਹਿਲਾ ਦੇ ਪ੍ਰੇਮੀ ਨਾਈਜੀਰੀਅਨ ਮਾਈਕਲ ਨੇ ਮੋਬਾਇਲ ‘ਤੇ ਦਿੱਤਾ ਸੀ। ਇਹ ਦੂਜੀ ਖੇਪ ਸੀ, ਇਸ ਤੋਂ ਪਹਿਲਾਂ ਇਕ ਖੇਪ ਮੋਗਾ ‘ਚ ਡਿਲੀਵਰ ਹੋ ਚੁੱਕੀ ਸੀ।
ਕੇਸ 2 : ਫਰੀਦਕੋਟ ਜੇਲ੍ਹ ‘ਚ ਪਾਕਿ ਤਸਕਰਾਂ ਤੋਂ ਮੰਗਵਾਈ ਹੈਰੋਇਨ
29 ਅਗਸਤ 2018 ਨੂੰ ਐਸਟੀਐਫ ਨੇ ਤਰਨ ਤਾਰਨ ਤੋਂ ਫਰੀਦਕੋਟ ਦੇ ਇਕ ਵਿਅਕਤੀ ਨੂੰ ਇਕ ਕਿਲੋ ਹੈਰੋਇਨ ਸਮੇਤ ਫੜਿਆ। ਪੁੱਛਗਿੱਛ ਦੌਰਾਨ ਪਤਾ ਚਲਿਆ ਕਿ ਉਸ ਨੂੰ ਇਹ ਹੈਰੋਇਨ ਫਰੀਦਕੋਟ ਜੇਲ੍ਹ ‘ਚ ਨਸ਼ੇ ਤੇ ਸੈਕਸ ਰੈਕੇਟ ਕੇਸ ‘ਚ ਬੰਦ ਸਿਮਰਨਜੀਤ ਕੌਰ ਇੰਦੂ ਨੇ ਦਿੱਤੀ ਸੀ। ਜਾਂਚ ਦੌਰਾਨ ਇੰਦੂ ਤੋਂ ਮੋਬਾਇਲ ਵੀ ਫੜਿਆ ਗਿਆ। ਐਸਟੀਐਫ ਦਾ ਦਾਅਵਾ ਹੈ ਕਿ ਇੰਦੂ ਫਰੀਦਕੋਟ ਜੇਲ੍ਹ ਤੋਂ ਵਟਸਐਪ ਰਾਹੀਂ ਪਾਕਿ ਤਸਕਰਾਂ ਨਾਲ ਗੱਲ ਕਰਕੇ ਹੈਰੋਇਨ ਤਰਨ ਤਾਰਨ ਬਾਰਡਰ ‘ਤੇ ਮੰਗਵਾਉਂਦੀ ਸੀ ਅਤੇ ਇਸ ਤੋਂ ਬਾਅਦ ਪਤੀ ਤੇ ਇਕ ਹੋਰ ਸਾਥੀ ਫੋਨ ‘ਤੇ ਹੀ ਇਸ ਨੂੰ ਅੰਮ੍ਰਿਤਸਰ, ਤਰਨ ਤਾਰਨ ਅਤੇ ਮੋਗਾ ਦੇ ਤਸਕਰਾਂ ਨੂੰ ਡਿਲੀਵਰ ਵੀ ਕਰਵਾਉਂਦੀ ਸੀ।
ਕੇਸ 3 : ਨਾਭਾ ਜੇਲ੍ਹ ਤੋਂ ਪਾਕਿਸਤਾਨ ‘ਚ ਆਰਡਰ ਕੀਤੀ 2 ਕਿਲੋ ਹੈਰਇਨ
ਨਾਭਾ ਜੇਲ੍ਹ ‘ਚ ਬੰਦ 22 ਕਿਲੋ ਹੈਰੋਇਨ ਤਸਕਰੀ ਦੇ ਖਤਰਨਾਕ ਸਮਗਲਰ ਹਰਬੰਸ ਸਿੰਘ ਰਾਣਾ ਨੇ ਮੋਬਾਇਲ ਰਾਹੀਂ ਪਾਕਿ ਤਸਕਰਾਂ ਤੋਂ ਵਟਸਐਪ ਕਾਲ ਨਾਲ ਸੰਪਰਕ ਕਰਕੇ 2 ਕਿਲੋ ਹੈਰੋਇਨ ਮੰਗਵਾ ਲਈ, ਜਿਸ ਦੀ ਡਿਲੀਵਰੀ ਲੈਣ ਉਸ ਦੀ ਭੂਆ ਦਾ ਲੜਕਾ ਬਲਦੇਵ ਸਿੰਘ ਗਿਆ, ਜੋ ਫੜਿਆ ਗਿਆ। ਉਸ ਤੋਂ ਬਾਅਦ ਵੀ ਇਹ ਆਰੋਪੀ ਜੇਲ੍ਹ ‘ਚ ਮੋਬਾਇਲ ਦੀ ਵਰਤੋਂ ਕਰਦਾ ਰਿਹਾ। 18 ਅਗਸਤ 2018 ਨੂੰ ਇਹ ਦੋਸ਼ੀ ਸਾਜਿਸ਼ ਦੇ ਤਹਿਤ ਫਿਰੋਜ਼ਪੁਰ ਪੇਸ਼ੀ ਦੇ ਦੌਰਾਨ ਆਪਣੇ ਸਾਥੀਆਂ ਦੀ ਮਦਦ ਨਾਲ ਪੁਲਿਸ ਕਰਮਚਾਰੀਆਂ ਦੀਆਂ ਲੱਤਾਂ ‘ਚ ਗੋਲੀਆਂ ਮਾਰ ਕੇ ਭੱਜਣ ‘ਚ ਕਾਮਯਾਬ ਹੋ ਗਿਆ।
ਕੇਸ 4 : ਅੰਮ੍ਰਿਤਸਰ ਜੇਲ੍ਹ ‘ਚ ਹੀਰੋਇਨ ਦੀ ਡਿਲੀਵਰੀ
ਅੰਮ੍ਰਿਤਸਰ ਜੇਲ੍ਹ ‘ਚ ਐਸਟੀਐਫ ਵੱਲੋਂ 93 ਕਿਲੋ ਹੈਰੋਇਨ ਤਸਕਰੀ ਦੇ ਕੇਸ ‘ਚ ਫੜੇ ਗਏ ਫਿਰੋਜ਼ਪੁਰ ਦੇ ਪਿੰਡ ਨਿਹਾਲਾ ਕਿਲਚਾ ਦੇ ਜੋਗਿੰਦਰ ਸਿੰਘ ਸ਼ੰਮੀ ਨੇ ਨਵੰਬਰ 2017 ‘ਚ ਅੰਮ੍ਰਿਤਸਰ ਜੇਲ੍ਹ ਤੋਂ ਫੋਨ ਕਰਕੇ ਮਮਦੋਟ ‘ਚ ਲੁਕਾ ਕੇ ਰੱਖੀ 7 ਕਿਲੋ ਹੈਰੋਇਨ ਦੀ ਡਿਲੀਵਰੀ ਕਰਵਾ ਦਿੱਤੀ। ਐਸਟੀਐਫ ਨੂੰ ਇਸਦਾ ਪਤਾ ਬਾਅਦ ‘ਚ ਲੱਗਿਆ।
ਕੇਸ 5 : ਫਿਰੋਜ਼ਪੁਰ ਜੇਲ੍ਹ ‘ਚ ਕਾਂਗਰਸੀ ਨਾਲ ਡਰੱਗ ਡੀਲ
ਫਿਰੋਜ਼ਪੁਰ ਜੇਲ੍ਹ ‘ਚ ਹੈਰੋਇਨ ਤਸਕਰੀ ‘ਚ ਬੰਦ ਪਿੰਡ ਰਾਮ ਲਾਲ ਦੇ ਸਾਬਕਾ ਸਰਪੰਚ ਬਖਸ਼ੀਸ਼ ਸਿੰਘ ਦੇ ਪੁੱਤਰ ਗੁਰਵਿੰਦਰ ਸਿੰਘ ਨੂੰ ਐਸਐਸਓਸੀ ਨੇ ਹੈਰੋਇਨ ਤਸਕਰੀ ‘ਚ ਫੜਾਇਆ। ਉਸ ਨੇ ਜੇਲ੍ਹ ‘ਚ ਹੀ ਫੋਨ ਕਰਕੇ ਕਾਂਗਰਸੀ ਆਗੂ ਦਰਬਾਰਾ ਸਿੰਘ ਨਾਲ ਹੈਰੋਇਨ ਦੀ ਡੀਲ ਕਰਕੇ ਮਾਂ ਨੂੰ ਹੈਰੋਇਨ ਦੇਣ ਲਈ ਕਿਹਾ। ਕਾਊਂਟਰ ਇੰਟੈਲੀਜੈਂਸ ਨੇ 50 ਗ੍ਰਾਮ ਹੈਰੋਇਨ ਅਤੇ 13.70 ਲੱਖ ਡਰੱਗ ਮਨੀ ਸਮੇਤ ਫੜਿਆ ਗਿਆ।
ਜੇਲ੍ਹ ‘ਚ ਹੁੰਦੀਆਂ ਨੇ ਪਾਰਟੀਆਂ, ਜੇਲ੍ਹਾਂ ‘ਚ ਜੈਮਰ ਟੂ ਅਤੇ ਥ੍ਰੀ ਜੀ ਤਸਕਰਾਂ ਕੋਲ ਨੇ ਫੋਨ 4ਜੀ
ਜੇਲ੍ਹਾਂ ‘ਚ ਸਰਗਰਮ ਤਸਕਰ 4ਜੀ ਨੈਟਵਰਕ ਵਰਤ ਕੇ ਵਟਸਐਪ ਕਾਲ ਕਰ ਰਹੇ ਹਨ ਜੋ ਨਾ ਤਾਂ ਜੈਮਰ ਦੀ ਪਕੜ ‘ਚ ਆ ਰਹੀ ਹੈ ਅਤੇ ਨਾ ਹੀ ਟ੍ਰੇਸ ਹੋ ਰਹੀ ਹੈ। ਅੰਮ੍ਰਿਤਸਰ, ਕਪੂਰਥਲਾ, ਫਰੀਦਕੋਟ, ਫਿਰੋਜ਼ਪੁਰ ਅਤੇ ਨਾਭਾ ਵਰਗੀਆਂ ਅਹਿਮ ਜੇਲ੍ਹਾਂ ‘ਚ ਅਜੇ ਤੱਕ ਵੀ 2ਜੀ ਅਤੇ ਥ੍ਰੀ ਜੀ ਜੈਮਰ ਲੱਗੇ ਹੋਏ ਹਨ। ਇਥੇ ਜ਼ਿਕਰਯੋਗ ਹੈ ਕਿ ਇਹ ਵੀ ਹੈ ਕਿ ਅੰਮ੍ਰਿਸਰ ‘ਚ ਸਥਿਤ ਜੇਲ੍ਹ ‘ਚ ਅੰਦਰ ਅਜੇ ਵੀ ਜੈਮਰ 2ਜੀ ਹੀ ਚੱਲ ਰਿਹ ਹੈ।

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …