Breaking News
Home / ਪੰਜਾਬ / ਜਲਦ ਬਣੇਗਾ ਰਾਜ ਭਾਸ਼ਾ ਕਮਿਸ਼ਨ ਤੇ ਲਾਇਬ੍ਰੇਰੀ ਐਕਟ : ਪਰਗਟ ਸਿੰਘ

ਜਲਦ ਬਣੇਗਾ ਰਾਜ ਭਾਸ਼ਾ ਕਮਿਸ਼ਨ ਤੇ ਲਾਇਬ੍ਰੇਰੀ ਐਕਟ : ਪਰਗਟ ਸਿੰਘ

ਸੁਰਜੀਤ ਪਾਤਰ ਦਾ ‘ਆਪਣੀ ਆਵਾਜ਼’, ਪਰਗਟ ਸਿੰਘ ਦਾ ‘ਪੰਜਾਬ ਦਾ ਮਾਣ’ ਅਤੇ ਸੁਰਿੰਦਰ ਗਿੱਲ ਜੈਪਾਲ ਦਾ ‘ਕਾਵਿ ਲੋਕ’ ਪੁਰਸਕਾਰ ਨਾਲ ਕੀਤਾ ਗਿਆ ਸਨਮਾਨ
ਜਲੰਧਰ : ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਵਿਖੇ ਲੋਕ ਮੰਚ ਪੰਜਾਬ ਅਤੇ ਪੰਜਾਬ ਜਾਗ੍ਰਿਤੀ ਮੰਚ ਵਲੋਂ ਕਰਵਾਏ ਸਨਮਾਨ ਸਮਾਰੋਹ ਦੌਰਾਨ ਉਚੇਰੀ ਸਿੱਖਿਆ, ਭਾਸ਼ਾਵਾਂ, ਖੇਡਾਂ ਮਾਮਲਿਆਂ ਦੇ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਰਾਜ ਭਾਸ਼ਾ ਐਕਟ ਨੂੰ ਅਮਲੀ ਤੌਰ ‘ਤੇ ਲਾਗੂ ਕਰਵਾਉਣ ਲਈ ਜਿੱਥੇ ਰਾਜ ਭਾਸ਼ਾ ਕਮਿਸ਼ਨ ਦਾ ਗਠਨ ਕੀਤਾ ਜਾ ਰਿਹਾ ਹੈ, ਉੱਥੇ ਸੂਬੇ ਅੰਦਰ ਪੁਸਤਕ ਸੱਭਿਆਚਾਰ ਪੈਦਾ ਕਰਨ ਲਈ ਲਾਇਬ੍ਰੇਰੀ ਐਕਟ ਵੀ ਜਲਦ ਬਣਾਇਆ ਜਾ ਰਿਹਾ ਹੈ। ਸਿੱਖਿਆ ਨੂੰ ਅਸਲ ਵਿਕਾਸ ਦੱਸਦਿਆਂ ਉਨ੍ਹਾਂ ਕਿਹਾ ਕਿ ਸਮਾਜ ਜਾਂ ਦੇਸ਼ ਦੀ ਤਰੱਕੀ ਬੱਚਿਆਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਮਿਆਰੀ ਸਿੱਖਿਆ ‘ਤੇ ਨਿਰਭਰ ਕਰਦੀ ਹੈ। ਇਸ ਮੌਕੇ ਪੰਜਾਬ ਲੋਕ ਮੰਚ ਤੇ ਪੰਜਾਬ ਜਾਗ੍ਰਿਤੀ ਮੰਚ ਵੱਲੋਂ ਸਾਂਝੇ ਤੌਰ ‘ਤੇ ਦਿੱਤੇ ਲਾਇਬ੍ਰੇਰੀ ਐਕਟ ਦੇ ਖਰੜੇ ਸੰਬੰਧੀ ਉਨ੍ਹਾਂ ਕਿਹਾ ਕਿ ਇਸ ਐਕਟ ਨੂੰ ਜਲਦ ਅਮਲ ‘ਚ ਲਿਆਂਦਾ ਜਾਵੇਗਾ।
ਉਨ੍ਹਾਂ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਸਨਮਾਨ ਵਜੋਂ ਦਿੱਤੇ ਇਕ ਲੱਖ ਰੁਪਏ ਸੰਸਥਾ ਨੂੰ ਵਾਪਸ ਕਰਦੇ ਹੋਏ ਆਪਣੇ ਵਲੋਂ ਵੀ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸਮਾਗਮ ਦੌਰਾਨ ਪਰਗਟ ਸਿੰਘ ਨੂੰ ‘ਪੰਜਾਬ ਦਾ ਮਾਣ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਾਇਰ ਸੁਰਜੀਤ ਪਾਤਰ ਦੇ ਬੇਟੇ ਮਨਰਾਜ ਪਾਤਰ ਨੇ ਪ੍ਰੋਗਰਾਮ ਨੂੰ ਸੰਗੀਤਕ ਰੰਗ ‘ਚ ਰੰਗਦੇ ਹੋਏ ਆਪਣੇ ਪਿਤਾ ਦੀਆਂ ਰਚਨਾਵਾਂ ਨੂੰ ਪੇਸ਼ ਕੀਤਾ। ਇਸ ਮੌਕੇ ਡਾ. ਸੁਰਜੀਤ ਪਾਤਰ ਨੇ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕਰਦਿਆਂ ਮਾਂ ਬੋਲੀ ਪੰਜਾਬੀ ਦੀ ਤਰੱਕੀ ਲਈ ਹੋਰ ਸੁਹਿਰਦ ਯਤਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਡਾ. ਸੁਰਜੀਤ ਪਾਤਰ ਨੂੰ ‘ਆਪਣੀ ਆਵਾਜ਼’ ਪੁਰਸਕਾਰ, ਕਵਿੱਤਰੀ ਸੁਰਿੰਦਰ ਗਿੱਲ ਜੈਪਾਲ ਨੂੰ ‘ਕਾਵਿ ਲੋਕ’ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਜ਼ਿਲ੍ਹਾ ਭਾਸ਼ਾ ਅਧਿਕਾਰੀਆਂ ਸਣੇ ਵੱਖ-ਵੱਖ ਵਿਧਾਵਾਂ ਵਿਚ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਵੀ ‘ਮਾਤ ਭਾਸ਼ਾ ਸੇਵਾ’ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਹਾਜ਼ਰ ਛੇ ਜ਼ਿਲ੍ਹਾ ਭਾਸ਼ਾ ਅਧਿਕਾਰੀ ਜਿਨ੍ਹਾਂ ਵਿਚ ਡਾ. ਜਗਦੀਪ ਸਿੰਘ (ਫਿਰੋਜ਼ਪੁਰ), ਡਾ. ਅਜੀਤਪਾਲ ਸਿੰਘ (ਮੋਗਾ), ਮਨਜੀਤ ਪੁਰੀ (ਫਰੀਦਕੋਟ), ਡਾ. ਰਣਜੋਧ ਸਿੰਘ (ਸੰਗਰੂਰ), ਸ੍ਰੀਮਤੀ ਤੇਜਿੰਦਰ ਕੌਰ (ਮਾਨਸਾ) ਅਤੇ ਬਲਬੀਰ ਸਿੰਘ ਸਿੱਧੂ (ਕਪੂਰਥਲਾ) ਨੂੰ ਜਿੱਥੇ ‘ਮਾਤ ਭਾਸ਼ਾ ਸੇਵਾ ਪੁਰਸਕਾਰ’ ਭੇਟ ਕੀਤਾ ਗਿਆ, ਉਥੇ ਹੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਹਸਤੀਆਂ ਬਲਕਾਰ ਸਿੱਧੂ, ਹਰਜਿੰਦਰ ਸਿੰਘ ਅਟਵਾਲ, ਪ੍ਰੋ. ਗੋਪਾਲ ਸਿੰਘ ਬੁੱਟਰ, ਗੁਰਮੀਤ ਪਲਾਹੀ, ਅਮਰਜੋਤ ਸਿੰਘ, ਕਰਮਜੀਤ ਗਰੇਵਾਲ, ਨਰਿੰਦਰ ਫੁੱਲ, ਸੁਖਵਿੰਦਰ ਸਿੰਘ ਸੰਘਾ, ਡਾ. ਕਮਲੇਸ਼ ਸਿੰਘ ਦੁੱਗਲ, ਬਲਜੀਤ ਸਿੰਘ, ਚੇਤਨ ਸਿੰਘ, ਡਾ. ਭੁਪਿੰਦਰ ਕੌਰ, ਸਿਮਰਜੀਤ ਕੌਰ ਗਰੇਵਾਲ, ਜਗਦੀਪ ਕੌਰ ਨੂਰਾਨੀ, ਡਾ. ਰਾਮ ਮੂਰਤੀ ਅਤੇ ਮੱਖਣ ਪੱਲਣ ਨੂੰ ਵੀ ‘ਮਾਤ ਭਾਸ਼ਾ ਸੇਵਾ ਪੁਰਸਕਾਰ’ ਭੇਟ ਕੀਤੇ ਗਏ।
ਇਸ ਮੌਕੇ ਪੰਜਾਬ ਜਾਗ੍ਰਿਤੀ ਮੰਚ ਦੇ ਪ੍ਰਧਾਨ ਅਤੇ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਲਾਇਬ੍ਰੇਰੀ ਐਕਟ ਬਣਾਏ ਜਾਣ ਦੀ ਮੰਗ ਕਰਦਿਆਂ ਨੌਜਵਾਨਾਂ ਅੰਦਰ ਪੜ੍ਹਨ ਸਬੰਧੀ ਰੁਚੀ ਪੈਦਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪਰਗਟ ਸਿੰਘ ਵਲੋਂ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ। ਮੰਚ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ: ਗੁਰਪਿੰਦਰ ਸਿੰਘ ਸਮਰਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਮੰਚ ਦਾ ਸੰਚਾਲਨ ਦੀਪਕ ਸ਼ਰਮਾ ਚਨਾਰਥਲ ਨੇ ਕੀਤਾ। ਇਸ ਮੌਕੇ ਡਾ: ਕਮਲੇਸ਼ ਸਿੰਘ ਦੁੱਗਲ, ਪ੍ਰੋ: ਗੋਪਾਲ ਸਿੰਘ ਬੁੱਟਰ, ਸੁਖਵਿੰਦਰ ਸਿੰਘ ਸੰਘਾ, ਸਰਿਤਾ ਤਿਵਾੜੀ, ਹਰਜਿੰਦਰ ਸਿੰਘ ਅਟਵਾਲ, ਬਲਜੀਤ ਸਿੰਘ ਸੰਘਾ, ਸੁਰਿੰਦਰ ਸਿੰਘ ਮਕਸੂਦਪੁਰੀ ਤੇ ਹੋਰ ਨਾਮਵਰ ਸ਼ਖਸੀਅਤਾਂ ਮੌਜੂਦ ਸਨ। ਇਸ ਮੌਕੇ ਡਾ. ਲਖਵਿੰਦਰ ਸਿੰਘ ਜੌਹਲ ਦੀ ਕਾਵਿ ਪੁਸਤਕ ‘ਪਾਣੀ ਹੋਏ ਵਿਚਾਰ’ ਅਤੇ ਸੁਰਿੰਦਰ ਸਿੰਘ ਸੁੰਨੜ ਦੀ ਪੁਸਤਕ ‘ਪ੍ਰਮਾਤਮਾ ਇਕ ਹੈ’ ਅਤੇ ਗਾਇਕ ਕਰਮਜੀਤ ਸਿੰਘ ਗਰੇਵਾਲ ਵਲੋਂ ਗਾਏ ਗੀਤਾਂ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ।

 

Check Also

ਪੰਜਾਬ ਪੁਲਿਸ ਨੇ ਇੰਟਰ ਸਟੇਟ ਸਾਈਬਰ ਗਿਰੋਹ ਫੜਿਆ

ਅਸਾਮ ਪੁਲਿਸ ਦੀ ਮੱਦਦ ਨਾਲ ਚਲਾਇਆ ਗਿਆ ਸੀ ਇਹ ਅਪਰੇਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਲੁਧਿਆਣਾ ਦੀ ਪੁਲਿਸ …