Breaking News
Home / ਭਾਰਤ / ਹੁਣ ਸੰਸਦ ‘ਚ ਮਰਿਆਦਾ ਮਤਿਆਂ ਦੀ ਜੰਗ

ਹੁਣ ਸੰਸਦ ‘ਚ ਮਰਿਆਦਾ ਮਤਿਆਂ ਦੀ ਜੰਗ

Smriti Irani copy copyਵਿਰੋਧੀ ਧਿਰ ਵੱਲੋਂ ਇਰਾਨੀ ਖ਼ਿਲਾਫ਼ ਚਲਾਏ ਮਰਿਆਦਾ ਮਤੇ ਦੇ ਤੀਰ ਦੇ ਤੋੜ ਵਜੋਂ ਭਾਜਪਾ ਨੇ ਸਿੰਧੀਆ ‘ਤੇ ਸੇਧਿਆ ਨਿਸ਼ਾਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸੰਸਦ ਵਿੱਚ ਹਾਕਮ ਤੇ ਵਿਰੋਧੀ ਧਿਰ ਦਰਮਿਆਨ ਉਦੋਂ ਮਰਿਆਦਾ ਮਤਿਆਂ ਦੀ ਜੰਗ ਸ਼ੁਰੂ ਹੋ ਗਈ, ਜਦੋਂ ਵਿਰੋਧੀ ਧਿਰ ਵੱਲੋਂ ਮਨੁੱਖੀ ਵਸੀਲੇ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਖ਼ਿਲਾਫ਼ ਦਿੱਤੇ ਮਰਿਆਦਾ ਮਤੇ ਦੇ ਨੋਟਿਸ ਦੇ ਜਵਾਬ ਵਿੱਚ ਭਾਜਪਾ ਨੇ ਵੀ ਕਾਂਗਰਸ ਦੇ ਲੋਕ ਸਭਾ ਮੈਂਬਰ ਜਯੋਤਿਰਦਿੱਤ ਸਿੰਧੀਆ ਖ਼ਿਲਾਫ਼ ਅਜਿਹਾ ਹੀ ਨੋਟਿਸ ਦਿੱਤਾ ਹੈ। ਦੱਸਣਯੋਗ ਹੈ ਕਿ ਇਹ ਦੋਵੇਂ ਮਤੇ ਹੈਦਰਾਬਾਦ ਯੂਨੀਵਸਿਟੀ ਦੇ ਦਲਿਤ ਖੋਜਾਰਥੀ ਰੋਹਿਤ ਵੇਮੁਲਾ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਨਾਲ ਸਬੰਧਤ ਹਨ।
ਲੋਕ ਸਭਾ ਵਿੱਚ ਭਾਜਪਾ ਦੇ ਚੀਫ਼ ਵ੍ਹਿੱਪ ਅਰਜੁਨ ਰਾਮ ਮੇਘਵਾਲ ਨੇ ਦੱਸਿਆ ਕਿ ਉਨ੍ਹਾਂ, ਕਿਰਤ ਮੰਤਰੀ ਬੰਦਾਰੂ ਦੱਤਾਤ੍ਰੇਅ ਅਤੇ ਪਾਰਟੀ ਦੇ ਹੋਰਨਾਂ ਮੈਂਬਰਾਂ ਨੇ ਕਾਂਗਰਸ ਦੇ ਚੀਫ਼ ਵ੍ਹਿੱਪ ਖ਼ਿਲਾਫ਼ ਸਦਨ ਦੀ ਮਰਿਆਦਾ ਭੰਗ ਕਰਨ ਬਦਲੇ ਮਰਿਆਦਾ ਮਤੇ ਦਾ ਨੋਟਿਸ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੰਧੀਆ ਨੇ ਬੀਤੀ 24 ਫਰਵਰੀ ਨੂੰ ਸਦਨ ਨੂੰ ‘ਗੁੰਮਰਾਹ’ ਕੀਤਾ ਸੀ। ਦੂਜੇ ਪਾਸੇ ਕਾਂਗਰਸ ਤੇ ਖੱਬੀ ਧਿਰ ਵੱਲੋਂ ਪਹਿਲਾਂ ਹੀ ਬੀਬੀ ਇਰਾਨੀ ਖ਼ਿਲਾਫ਼ ਵੇਮੁਲਾ ਖ਼ੁਦਕੁਸ਼ੀ ਮਾਮਲੇ ਵਿਚ ਸੰਸਦ ਨੂੰ ‘ਗੁੰਮਰਾਹ’ ਕਰਨ ਬਦਲੇ ਮਰਿਆਦਾ ਮਤੇ ਦਾ ਨੋਟਿਸ ਦਿੱਤਾ ਜਾ ਚੁੱਕਾ ਹੈ।
ਮੇਘਵਾਲ ਨੇ ਕਿਹਾ ਕਿ ਸਿੰਧੀਆ ਨੇ ਇਹ ਝੂਠ ਬੋਲਿਆ ਸੀ ਕਿ ਦੱਤਾਤ੍ਰੇਅ ਨੇ ਵੇਮੁਲਾ ਨੂੰ ‘ਦੇਸ਼-ਵਿਰੋਧੀ, ਜਾਤੀਵਾਦੀ ਤੇ ਇੰਤਹਾਪਸੰਦ’ ਕਰਾਰ ਦਿੱਤਾ ਸੀ। ਉਨ੍ਹਾਂ ਇਹ ਮਾਮਲਾ ਅੰਨਾ ਡੀਐਮਕੇ ਮੈਂਬਰਾਂ ਵੱਲੋਂ ਲੋਕ ਸਭਾ ਵਿੱਚ ਕੀਤੇ ਜਾ ਰਹੇ ਹੰਗਾਮੇ ਦੌਰਾਨ ਉਠਾਇਆ। ਦੂਜੇ ਪਾਸੇ ਮੇਘਵਾਲ ਦੀ ਗੱਲ ਸੁਣਦਿਆਂ ਹੀ ਕਾਂਗਰਸੀ ਮੈਂਬਰ ਵੀ ਨਾਅਰੇਬਾਜ਼ੀ ਕਰਦੇ ਹੋਏ ਸਪੀਕਰ ਸੁਮਿੱਤਰਾ ਮਹਾਜਨ ਦੇ ਆਸਣ ਅੱਗੇ ਆ ਕੇ ਮੰਗ ਕਰਨ ਲੱਗੇ ਕਿ ਉਹ ਵਿਰੋਧੀ ਧਿਰ ਵੱਲੋਂ ਬੀਬੀ ਇਰਾਨੀ ਖ਼ਿਲਾਫ਼ ਦਿੱਤੇ ਮਰਿਆਦਾ ਮਤੇ ਬਾਰੇ ਫ਼ੈਸਲਾ ਸੁਣਾਉਣ।
ਦੱਤਾਤ੍ਰੇਅ ਨੇ ਦੋਸ਼ ਲਾਇਆ ਕਿ ਸਿੰਧੀਆ ਨੇ ਅਜਿਹੀਆਂ ਟਿੱਪਣੀਆਂ, ਜੋ ਉਨ੍ਹਾਂ ਕੀਤੀਆਂ ਹੀ ਨਹੀਂ, ਨੂੰ ਉਨ੍ਹਾਂ ਦੇ ਨਾਂ ਲਾ ਕੇ ਉਨ੍ਹਾਂ ਦੀ ‘ਦਿੱਖ ਵਿਗਾੜੀ’ ਹੈ। ਦੂਜੇ ਪਾਸੇ ਕਾਂਗਰਸੀ ਮੈਂਬਰਾਂ ਨੇ ਵੀ ਆਪਣੀ ਮੰਗ ਜਾਰੀ ਰੱਖਦਿਆਂ ਸਪੀਕਰ ਨੂੰ ਨਿਯਮਾਂ ਵਾਲੀ ਕਿਤਾਬ ਦਿਖਾਈ, ਜਿਸ ‘ਤੇ ਬੀਬੀ ਮਹਾਜਨ ਨੇ ਕਿਹਾ, ”ਮੈਨੂੰ ਕਿਤਾਬ ਨਾ ਦਿਖਾਓ, ਮੈਨੂੰ ਨਿਯਮਾਂ ਦਾ ਪਤਾ ਹੈ।” ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮਰਿਆਦਾ ਮਤਿਆਂ ਦੇ ਸਾਰੇ ਨੋਟਿਸਾਂ ਉਤੇ ਵਿਚਾਰ ਕੀਤੀ ਜਾ ਰਹੀ ਹੈ। ਇਸ ਦੌਰਾਨ ਕਾਂਗਰਸ ਤੇ ਅੰਨਾ ਡੀਐਮਕੇ ਮੈਂਬਰਾਂ ਵੱਲੋਂ ਹੰਗਾਮਾ ਜਾਰੀ ਰੱਖੇ ਜਾਣ ਕਾਰਨ ਉਨ੍ਹਾਂ ਸਦਨ ਦੀ ਕਾਰਵਾਈ ਉਠਾ ਦਿੱਤੀ।

Check Also

ਸੋਨੂੰ ਸੂਦ ਲਈ ਉੱਠੀ ਪਦਮ ਪੁਰਸਕਾਰ ਦੀ ਮੰਗ

ਸੋਨੂੰ ਸੂਦ ਨੇ ਆਖਿਆ ਕਿ ਸਹੀ ਸਲਾਮਤ ਘਰ ਪਹੁੰਚੇ ਹਰ ਮਜ਼ਦੂਰ ਦਾ ਆਇਆ ਹੀ ਮੇਰੇ …