Breaking News
Home / ਭਾਰਤ / ਸਰਵਿਸ ਟੈਕਸ ਦਾ ਘੇਰਾ ਵਧਾਇਆ

ਸਰਵਿਸ ਟੈਕਸ ਦਾ ਘੇਰਾ ਵਧਾਇਆ

12902CD-_MA_DELHI_ARUN-JAITLEY01_03_2016MUKESH5 copy copyਨਵੀਂ ਦਿੱਲੀ: ਵਿੱਤ ਮੰਤਰੀ ਅਰੁਣ ਜੇਤਲੀ ਨੇ ਪੇਸ਼ ਕੇਂਦਰੀ ਬਜਟ ਵਿੱਚ ਵੱਖ-ਵੱਖ ਸੇਵਾਵਾਂ ਤੋਂ ਸਰਵਿਸ ਟੈਕਸ ਛੋਟ ਹਟਾ ਲਈ ਹੈ, ਤਾਂ ਕਿ ਸੇਵਾ ਕਰ ਦਾ ਘੇਰਾ ਵਧਾਇਆ ਜਾ ਸਕੇ। ਅਜਿਹੀਆਂ ਸੇਵਾਵਾਂ ਵਿੱਚ ਵਕੀਲਾਂ ਵੱਲੋਂ ਹੋਰਨਾਂ ਵਕੀਲਾਂ ਨੂੰ ਦਿੱਤੀਆਂ ਜਾਂਦੀਆਂ ਸੇਵਾਵਾਂ ਵੀ ਸ਼ਾਮਲ ਹਨ। ਦੂਜੇ ਪਾਸੇ ਵਿੱਤੀ ਰੈਗੂਲੇਟਰਾਂ ਜਿਵੇਂ ਸੇਬੀ, ਇਰਡਾ ਤੇ ਪਫਰਡਾ ਆਦਿ ਨੂੰ ਸੇਵਾ ਕਰ ਤੋਂ ਛੋਟ ਦੇ ਦਿੱਤੀ ਹੈ। ਸੇਵਾ ਕਰ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰੀਆਂ ਕਰਨ ਦੀ ਤਾਕਤ ਵੀ ਸਿਰਫ਼ ਉਸ ਹਾਲਤ ਤੱਕ ਸੀਮਤ ਕਰ ਦਿੱਤੀ ਹੈ, ਜਿਥੇ ਕਰਦਾਤਾ ਨੇ ਟੈਕਸ ਇਕੱਤਰ ਕਰ ਕੇ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਨਾ ਕਰਾਇਆ ਹੋਵੇ। ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦਾ ਟੀਚਾ : ਵਿੱਤ ਮੰਤਰੀ ਅਰੁਣ ਜੇਤਲੀ ਨੇ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਮਿੱਥਦਿਆਂ ਖੇਤੀ ਸੈਕਟਰ ਲਈ ਕਰੀਬ 36000 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ ਰੱਖੀ ਹੈ। ਇਸ ਦੇ ਨਾਲ ਹੀ ਅਗਲੇ ਮਾਲੀ ਸਾਲ ਲਈ ਖੇਤੀ ਕਰਜ਼ੇ ਦਾ ਟੀਚਾ ਵਧਾ ਕੇ 9 ਲੱਖ ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਨਾਲ ਹੀ 15000 ਕਰੋੜ ਰੁਪਏ ਖੇਤੀ ਕਰਜ਼ੇ ‘ਤੇ ਵਿਆਜ ਸਹਾਇਤਾ ਲਈ, 5500 ਕਰੋੜ ਰੁਪਏ ਨਵੀਂ ਖੇਤੀ ਬੀਮਾ ਸਕੀਮ ਲਈ ਤੇ 500 ਕਰੋੜ ਰੁਪਏ ਦਾਲਾਂ ਦੀ ਪੈਦਾਵਾਰ ਨੂੰ ਹੁਲਾਰਾ ਦੇਣ ਲਈ ਰੱਖੇ ਹਨ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਇਕ ਸੰਗਠਿਤ ਖੇਤੀ ਮੰਡੀ 14 ਅਪਰੈਲ ਨੂੰ ਲਾਂਚ ਕੀਤੀ ਜਾਵੇਗੀ ਅਤੇ ਸਾਰੇ 14 ਕਰੋੜ ਕਿਸਾਨਾਂ ਨੂੰ ਮਾਰਚ 2017 ਤੱਕ ਮਿੱਟੀ ਸਿਹਤ ਕਾਰਡ ਮੁਹੱਈਆ ਕਰਵਾਏ ਜਾਣਗੇ।
ਕਾਰ ਬਾਜ਼ਾਰ ਵਿੱਚ ਨਿਰਾਸ਼ਾ : ਨਵੇਂ ਬਜਟ ਵਿੱਚ ਕਾਰਾਂ ਉਤੇ ਸੈੱਸ ਲਾਏ ਜਾਣ ਨਾਲ ਇਨ੍ਹਾਂ ਦੀਆਂ ਕੀਮਤਾਂ ਵਧਣਗੀਆਂ। ਜ਼ਿਆਦਾ ਵਿਕਣ ਵਾਲੀਆਂ ਛੋਟੀਆਂ ਕਾਰਾਂ ਦੀ ਕੀਮਤ ਜਿਥੇ 2000 ਰੁਪਏ ਤੱਕ ਵਧੇਗੀ, ਉਥੇ ਵੱਡੀਆਂ ਡੀਜ਼ਲ ਕਾਰਾਂ (ਦੋਵੇਂ ਐਸਯੂਵੀਜ਼ ਤੇ ਸੇਡਨ) ਵੀ ਮਹਿੰਗੀਆਂ ਹੋਣਗੀਆਂ, ਜਿਨ੍ਹਾਂ ਉਤੇ 4 ਫ਼ੀਸਦੀ ਤੱਕ ‘ਬੁਨਿਆਦੀ ਢਾਂਚਾ ਸੈੱਸ’ ਲਾਇਆ ਗਿਆ ਹੈ। ਛੋਟੀਆਂ ਡੀਜ਼ਲ ਕਾਰਾਂ (ਲੰਬਾਈ ਚਾਰ ਮੀਟਰ ਤੇ ਸਮਰੱਥਾ 1500 ਸੀਸੀ ਤੋਂ ਘੱਟ) ਦੀ ਕੀਮਤ ਉਤੇ 2.5 ਫ਼ੀਸਦੀ ਅਤੇ ਐਸਯੂਵੀਜ਼ ਤੇ ਸੇਡਨਜ਼ ਦੀ ਕੀਮਤ ਉਤੇ ਚਾਰ ਫ਼ੀਸਦੀ ਸੈੱਸ ਲਾਇਆ ਗਿਆ ਹੈ।
ਕੀ ਮਹਿੰਗਾ ਕੀ ਸਸਤਾ : ਸਾਰੀਆਂ ਸੇਵਾਵਾਂ, ਹੋਟਲਾਂ ਵਿੱਚ ਖਾਣ-ਪੀਣ, ਹਵਾਈ ਸਫ਼ਰ, ਕਾਰਾਂ, ਸਿਗਰਟਾਂ ਤੇ ਹੋਰ ਤੰਬਾਕੂ ਉਤਪਾਦ, 1000 ਰੁਪਏ ਤੋਂ ਵੱਧ ਕੀਮਤ ਵਾਲੇ ਦੇ ਬਰਾਂਡਿਡ ਕੱਪੜੇ, ਤਿਆਰ ਕੱਪੜੇ, ਸੋਨਾ-ਚਾਂਦੀ, ਗਹਿਣੇ, ਮਿਨਰਲ ਵਾਟਰ, ਐਲੂਮੀਨੀਅਮ ਫੌਇਲ, ਪਲਾਸਟਿਕ ਦੇ ਬੈਗ, ਰੋਪ ਵੇਅ ਤੇ ਕੇਬਲ ਕਾਰ ਦੀ ਸਵਾਰੀ, ਸਨਅਤੀ ਸੋਲਰ ਵਾਟਰ ਹੀਟਰ, ਕਾਨੂੰਨੀ ਸੇਵਾਵਾਂ, ਲਾਟਰੀ ਟਿਕਟਾਂ ਮਹਿੰਗੀਆਂ। ਜੁੱਤੀਆਂ-ਬੂਟ ਆਦਿ, ਸੋਲਰ ਲੈਂਪ, ਰੂਟਰ, ਬਰੌਡਬੈਂਡ ਮੌਡਮ, ਸੈੱਟ-ਟੌਪ ਬਾਕਸ, ਡਿਜੀਟਲ ਵੀਡੀਓ ਰਿਕਾਰਡਰ, ਸੀਸੀਟੀਵੀ ਕੈਮਰੇ, ਬੈਟਰੀ ‘ਤੇ ਚੱਲਣ ਵਾਲੇ ਹਾਈਬ੍ਰਿਡ ਵਾਹਨ, ਸਟਰਲਾਈਜ਼ਡ ਲਾਇਲਾਸਿਸਰ, ਛੋਟੇ ਘਰ (60 ਵਰਗ ਛੱਤਿਆ ਹੋਇਆ ਰਕਬਾ), ਲੋਕ ਕਲਾਕਾਰਾਂ ਨੂੰ ਪੇਸ਼ਕਾਰੀ ਲਈ ਸੱਦਣਾ, ਰੈਫਰਿਜਰੇਟਿਡ ਕੰਟੇਨਰ, ਪੈਨਸ਼ਨ ਯੋਜਨਾਵਾਂ, ਮਾਈਕਰੋਵੇਵ ਓਵਨ, ਬਰੇਲ ਪੇਪਰ, ਸੈਨੇਟਰੀ ਪੈਡਜ਼ ਸਸਤੇ।
ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਲਈ 100 ਕਰੋੜ ਰੁਪਏ ਦੀ ਤਜਵੀਜ਼
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਵਾਸਤੇ ਕੇਂਦਰ ਸਰਕਾਰ ਨੇ 100 ਕਰੋੜ ਰੁਪਏ ਦੀ ਤਜਵੀਜ਼ ਰੱਖੀ ਹੈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਵੇਲੇ ਵੀ ਖਾਲਸਾ ਸਾਜਨਾ ਦਿਹਾੜੇ ਦੀ 300ਵੀਂ ਵਰ੍ਹੇਗੰਢ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ ਪ੍ਰੋਗਰਾਮਾਂ ਲਈ 1999 ਵਿਚ ਕੇਂਦਰ ਸਰਕਾਰ ਨੇ 100 ਕਰੋੜ ਰੁਪਏ ਦੀ ਵਿਵਸਥਾ ਕੀਤੀ ਸੀ। ਇਸ ਤੋਂ ਇਲਾਵਾ ਖਜਾਨਾ ਮੰਤਰੀ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਜਨਮ ਦੇ ਸੌ ਸਾਲਾ ਜਸ਼ਨਾਂ ਲਈ ਵੀ 100 ਕਰੋੜ ਰੁਪਏ ਦੀ ਤਜਵੀਜ਼ ਰੱਖੀ ਹੈ। ਸਰਕਾਰ ਇਸ ਸਾਲ ਅਜ਼ਾਦੀ ਦੀ 70ਵੀਂ ਵਰ੍ਹੇਗੰਢ ਸਬੰਧੀ ਵੀ ਵਿਸ਼ੇਸ਼ ਜਸ਼ਨਾਂ ਲਈ ਰਾਸ਼ਟਰੀ ਪੱਧਰ ‘ਤੇ ਪ੍ਰੋਗਰਾਮ ਉਲੀਕ ਰਹੀ ਹੈ।
ਸੁਪਨਿਆਂ ਦੇ ਕਰੀਬ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਨੂੰ ‘ਲੋਕਾਂ ਦੇ ਸੁਪਨਿਆਂ’ ਦੇ ਕਰੀਬ ਕਰਾਰ ਦਿੰਦਿਆਂ ਕਿਹਾ ਕਿ ਇਸ ਵਿਚ ਮੁੱਖ ਤਵੱਜੋ ਪਿੰਡਾਂ, ਗ਼ਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਵੱਲ ਦਿੱਤੀ ਗਈ ਹੈ।
ਸਰਵੋਤਮ ਬਜਟ: ਅਡਵਾਨੀ
ਭਾਰਤੀ ਜਨਤਾ ਪਾਰਟੀ ਦੇ ਬਜ਼ੁਰਗ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਨੇ ਕੇਂਦਰੀ ਬਜਟ ਨੂੰ ਹੁਣ ਤੱਕ ਦਾ ਸਰਵੋਤਮ ਬਜਟ ਕਰਾਰ ਦਿੱਤਾ ਹੈ। ਇਸ ਬਜਟ ਨਾਲ ਸਾਬਤ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੇ ਖੁਸ਼ਹਾਲ ਮੁਲਕ ਵੱਲ ਕਦਮ ਵਧਾਏ ਹਨ।
ਮੌਕਾ ਖੁੰਝਾਇਆ: ਚਿਦੰਬਰਮ
ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਤੇ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਬਜਟ ਨੂੰ ਸਰਕਾਰ ਲਈ ‘ਖੁੰਝਿਆ ਮੌਕਾ’ ਕਰਾਰ ਦਿੱਤਾ ਹੈ। ਸਰਕਾਰ ਨੇ ਦੋ ਸਾਲਾਂ ਦੌਰਾਨ ਪੇਂਡੂ ਭਾਰਤ ਤੋਂ ਪਿੱਠ ਮੋੜ ਰੱਖੀ ਹੈ।

Check Also

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਇਕ ਹੋਰ ਉਡਾਣ 2 ਜੂਨ ਨੂੰ ਪੁੱਜੇਗੀ ਰਾਜਾਸਾਂਸੀ ਏਅਰ ਪੋਰਟ ‘ਤੇ

ਰਾਜਾਸਾਂਸੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਕਰਕੇ ਠੱਪ ਹੋਈਆਂ ਹਵਾਈ ਸੇਵਾਵਾਂ ਜੋ ਮੁੜ ਸ਼ੁਰੂ ਹੋ ਗਈਆਂ। ਇਸ …