ਖਰਾਬ ਸਿਹਤ ਦੇ ਮੱਦੇਨਜ਼ਰ ਹਾਈ ਕੋਰਟ ਨੇ 28 ਦਿਨ ਦੀ ਦਿੱਤੀ ਜ਼ਮਾਨਤ
ਹੈਦਰਾਬਾਦ/ਬਿਊਰੋ ਨਿਊਜ਼ : ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੂੰ ਹਾਈ ਕੋਰਟ ਨੇ 28 ਦਿਨ ਦੀ ਅੰਤਿ੍ਰਮ ਜ਼ਮਾਨਤ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਆਂਧਰਾ ਪ੍ਰਦੇਸ਼ ਹਾਈ ਕੋਰਟ ਦੀ ਵਕੀਲ ਸੁਨਕਾਰਾ ਕ੍ਰਿਸ਼ਨਾਮੂਰਤੀ ਵੱਲੋਂ ਦਿੱਤੀ ਗਈ ਅਤੇ ਉਨ੍ਹਾਂ ਦੱਸਿਆ ਖਰਾਬ ਸਿਹਤ ਨੂੰ ਧਿਆਨ ਰੱਖਦਿਆਂ ਹਾਈ ਕੋਰਟ ਨੇ ਉਨ੍ਹਾਂ ਨੂੰ ਇਹ ਰਾਹਤ ਦਿੱਤੀ ਹੈ। ਧਿਆਨ ਰਹੇ ਕਿ ਨਾਇਡੂ ਨੂੰ ਲੰਘੀ 9 ਸਤੰਬਰ ਨੂੰ ਸਕਿੱਲ ਡਿਵੈਲਪਮੈਂਟ ਘੋਟਾਲੇ ’ਚ ਸੀਆਈਡੀ ਨੇ ਨਾਂਦਯਾਲ ਤੋਂ ਗਿ੍ਰਫ਼ਤਾਰ ਕੀਤਾ ਸੀ। ਉਧਰ ਸੀਆਈਡੀ ਨੇ ਨਾਇਡੂ ਖਿਲਾਫ ਚੌਥਾ ਕੇਸ ਵੀ ਦਰਜ ਕਰ ਲਿਆ ਹੈ। ਤਾਜ਼ਾ ਮਾਮਲਾ ਸ਼ਰਾਬ ਦੀਆਂ ਦੁਕਾਨਾਂ ਲਾਇਸੈਂਸ ਨਾਲ ਜੁੜਿਆ ਹੋਇਆ ਹੈ। ਨਾਇਡੂ ’ਤੇ ਆਰੋਪ ਹੈ ਕਿ ਪਿਛਲੀ ਸਰਕਾਰ ’ਚ ਉਨ੍ਹਾਂ ਨੇ ਗੈਰਕਾਨੂੰਨੀ ਸ਼ਰਾਬ ਦੀਆਂ ਦੁਕਾਨਾਂ ਨੂੰ ਲਾਇਸੈਂਸ ਦੇ ਦਿੱਤਾ ਸੀ। ਚੰਦਰਬਾਬੂ ਨਾਇਡੂ ਦੇ ਖਿਲਾਫ ਪ੍ਰੀਵੈਂਸ਼ਨ ਆਫ਼ ਕੁਰੱਪਸ਼ਨ ਐਕਟ 1988 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ’ਚ ਚੰਦਰਬਾਬੂ ਨਾਇਡੂ ਨੂੰ ਆਰੋਪੀ ਨੰਬਰ 3 ਬਣਾਇਆ ਗਿਆ ਹੈ। ਸੀਆਈਡੀ ਚੰਦਰਬਾਬੂ ਨਾਇਡੂ ਖਿਲਾਫ਼ ਚਾਰ ਅਲੱਗ-ਅਲੱਗ ਮਾਮਲਿਆਂ ’ਚ ਕੇਸ ਦਰਜ ਕਰ ਚੁੱਕੀ ਹੈ। ਸਕਿੱਲ ਡਿਵੈਲਪਮੈਂਟ ’ਚ ਉਹ ਪਹਿਲਾਂ ਹੀ ਕਸਟਡੀ ’ਚ ਹਨ, ਜਿਸ ’ਚ ਹਾਈ ਕੋਰਟ ਵੱਲੋਂ ਉਨ੍ਹਾਂ ਨੂੰ 28 ਦਿਨ ਦੀ ਜ਼ਮਾਨਤ ਦਿੱਤੀ ਗਈ ਹੈ ਜਦਕਿ ਅੰਗਾਲੂ ਅਤੇ ਅਮਰਾਵਤੀ ਰਿੰਗ ਰੋਡ ਮਾਮਲੇ ’ਚ ਵੀ ਉਨ੍ਹਾਂ ਖਿਲਾਫ ਜਾਂਚ ਚੱਲ ਰਹੀ ਹੈ।