Breaking News
Home / ਭਾਰਤ / ਨਿਤੀਸ਼ ਕੁਮਾਰ ਦੀ ਵਜ਼ਾਰਤ ‘ਚ 31 ਨਵੇਂ ਮੰਤਰੀ ਸ਼ਾਮਲ

ਨਿਤੀਸ਼ ਕੁਮਾਰ ਦੀ ਵਜ਼ਾਰਤ ‘ਚ 31 ਨਵੇਂ ਮੰਤਰੀ ਸ਼ਾਮਲ

ਬਿਹਾਰ ਕੈਬਨਿਟ ‘ਚ ਅੱਧੇ ਨਾਲੋਂ ਵੱਧ ਮੰਤਰੀ ਆਰਜੇਡੀ ‘ਚੋਂ, ਲਾਲੂ ਪ੍ਰਸਾਦ ਦਾ ਵੱਡਾ ਪੁੱਤਰ ਤੇਜ ਪ੍ਰਤਾਪ ਵੀ ਮੰਤਰੀ ਬਣਿਆ
ਪਟਨਾ/ਬਿਊਰੋ ਨਿਊਜ਼ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੀ ਨਵੀਂ ਵਜ਼ਾਰਤ ਦਾ ਵਿਸਥਾਰ ਕਰਦੇ ਹੋਏ 31 ਨਵੇਂ ਮੰਤਰੀਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਹੈ। ਇਨ੍ਹਾਂ ਵਿੱਚੋਂ 16 ਮੰਤਰੀ ਮਹਾਗੱਠਬੰਧਨ ਦੇ ਅਹਿਮ ਭਾਈਵਾਲ ਆਰਜੇਡੀ ਤੋਂ ਹਨ। ਨਵੀਂ ਵਜ਼ਾਰਤ ਵਿੱਚ ਘੱਟਗਿਣਤੀ ਸਣੇ ਸਮਾਜ ਦੇ ਸਾਰੇ ਵਰਗਾਂ ਨੂੰ ਲੋੜੀਂਦੀ ਨੁਮਾਇੰਦਗੀ ਦੇਣ ਦਾ ਦਾਅਵਾ ਕੀਤਾ ਗਿਆ ਹੈ।
ਉਂਜ ਬਹੁਗਿਣਤੀ ਯਾਦਵ ਤੇ ਮੁਸਲਿਮ ਚਿਹਰਿਆਂ ਦੀ ਹੈ। ਵਜ਼ਾਰਤ ਵਿੱਚ 11 ਮੰਤਰੀ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਨਾਲ ਸਬੰਧਤ ਹਨ ਜਦੋਂਕਿ ਕਾਂਗਰਸ ਦੇ ਦੋ, ਇਕ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਹਿੰਦੁਸਤਾਨ ਅਵਾਮ ਮੋਰਚਾ (ਐੱਚਏਐੱਮ) ਤੇ ਇਕ ਆਜ਼ਾਦ ਵਿਧਾਇਕ ਹੈ। ਰਾਜਪਾਲ ਫਾਗੂ ਚੌਹਾਨ ਨੇ ਨਵੇਂ ਮੰਤਰੀਆਂ ਨੂੰ ਇਥੇ ਰਾਜ ਭਵਨ ਵਿੱਚ ਹਲਫ਼ ਦਿਵਾਇਆ। ਮੰਤਰੀਆਂ ਨੇ ਪੰਜ-ਪੰਜ ਤੇ ਛੇ-ਛੇ ਦੇ ਬੈਚਾਂ ਵਿੱਚ ਸਹੁੰ ਚੁੱਕੀ। ਹਲਫ਼ਦਾਰੀ ਸਮਾਗਮ ਵਿੱਚ ਨਿਤੀਸ਼ ਕੁਮਾਰ ਤੇ ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ, ਜਿਨ੍ਹਾਂ 10 ਅਗਸਤ ਨੂੰ ਹਲਫ਼ ਲਿਆ, ਵੀ ਮੌਜੂਦ ਸਨ। ਬੁੱਧਵਾਰ ਨੂੰ ਹਲਫ਼ ਲੈਣ ਵਾਲਿਆਂ ਵਿੱਚ ਆਰਜੇਡੀ ਆਗੂ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇ ਦੂਜੀ ਵਾਰ ਵਿਧਾਇਕ ਬਣੇ ਤੇਜ ਪ੍ਰਤਾਪ ਸਿੰਘ ਵੀ ਸ਼ਾਮਲ ਸਨ। ਤੇਜ ਪ੍ਰਤਾਪ ਦੇ ਨਾਲ ਪਹਿਲੇ ਗੇੜ ਵਿੱਚ ਪਾਰਟੀ ਦੇ ਬਜ਼ੁਰਗ ਆਗੂ ਆਲੋਕ ਮਹਿਤਾ, ਜੇਡੀਯੂ ਦੇ ਵਿਜੈ ਕੁਮਾਰ ਚੌਧਰੀ, ਬਿਜੇਂਦਰ ਯਾਦਵ ਤੇ ਕਾਂਗਰਸ ਦੇ ਮੁਹੰਮਦ ਅਫ਼ਾਕ ਆਲਮ ਨੇ ਵੀ ਸਹੁੰ ਚੁੱਕੀ। ਨਵੀਂ ਕੈਬਨਿਟ ਵਿੱਚ ਯਾਦਵਾਂ ਤੇ ਮੁਸਲਿਮਾਂ ਨੂੰ ਤਰਜੀਹ ਦਿੱਤੀ ਗਈ ਹੈ। ਹਲਫ਼ ਲੈਣ ਵਾਲੇ ਮੰਤਰੀਆਂ ਵਿੱਚ ਤਿੰਨ ਮਹਿਲਾਵਾਂ ਵੀ ਹਨ। ਇਨ੍ਹਾਂ ਵਿਚੋਂ ਸ਼ੀਲਾ ਕੁਮਾਰੀ ਤੇ ਲੈਸ਼ੀ ਸਿੰਘ ਜੇਡੀਯੂ ਤੋਂ ਜਦੋਂਕਿ ਅਨੀਤਾ ਦੇਵੀ ਆਰਜੇਡੀ ਤੋਂ ਹੈ। ਨਿਤੀਸ਼ ਵਜ਼ਾਰਤ ਵਿੱਚ ਲਾਲੂ ਪ੍ਰਸਾਦ ਦੇ ਦੋ ਪੁੱਤਰਾਂ ਤੇ ਜੇਡੀਯੂ ਦੇ ਬਿਜੇਂਦਰ ਯਾਦਵ ਸਣੇ ਕੁੱਲ ਸੱਤ ‘ਯਾਦਵ’ ਹਨ। ਪੰਜ ਮੁਸਲਿਮ ਚਿਹਰਿਆਂ ਵਿੱਚ ਜ਼ਮਾ ਖ਼ਾਨ (ਜੇਡੀਯੂ), ਮੁਹੰਮਦ ਅਫ਼ਾਕ ਆਲਮ (ਕਾਂਗਰਸ) ਤੇ ਮੁਹੰਮਦ ਸ਼ਮੀਮ, ਮੁਹੰਮਦ ਇਸਰਾਈਲ ਮਨਸੂਰੀ ਤੇ ਸ਼ਾਹਨਵਾਜ਼ ਆਲਮ ਸਾਰੇ (ਆਰਜੇਡੀ) ਸ਼ਾਮਲ ਹਨ। ਇਸੇ ਤਰ੍ਹਾਂ ਭੂਮੀਹਾਰ, ਰਾਜਪੂਤ ਤੇ ਬ੍ਰਾਹਮਣ ਵਰਗਾਂ ਨਾਲ ਸਬੰਧਤ ਵਿਧਾਇਕਾਂ ਨੂੰ ਵੀ ਨਵੀਂ ਵਜ਼ਾਰਤ ਵਿੱਚ ਮੌਕਾ ਦਿੱਤਾ ਗਿਆ ਹੈ।
ਨਿਤੀਸ਼ ਨੇ ਗ੍ਰਹਿ ਸਣੇ ਹੋਰ ਅਹਿਮ ਵਿਭਾਗ ਆਪਣੇ ਕੋਲ ਰੱਖੇ
ਪਟਨਾ : ਨਵੀਂ ਬਿਹਾਰ ਕੈਬਨਿਟ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਗ੍ਰਹਿ ਮੰਤਰਾਲਾ ਤੇ ਸਥਾਨਕ ਪ੍ਰਸ਼ਾਸਨ ਸਣੇ ਹੋਰ ਅਹਿਮ ਵਿਭਾਗ ਆਪਣੇ ਕੋਲ ਰੱਖੇ ਹਨ। ਉਪ ਮੁੱਖ ਮੰਤਰੀ ਤੇਜਸਵੀ ਯਾਦਵ ਕੋਲ ਸਿਹਤ, ਸੜਕ ਉਸਾਰੀ, ਸ਼ਹਿਰੀ ਮਕਾਨ ਉਸਾਰੀ ਤੇ ਵਿਕਾਸ ਅਤੇ ਗ੍ਰਾਮੀਣ ਕੰਮ ਵਿਭਾਗ ਹੋਣਗੇ। ਤੇਜ ਪ੍ਰਤਾਪ ਯਾਦਵ ਨੂੰ ਚੌਗਿਰਦਾ, ਜੰਗਲਾਤ ਤੇ ਵਾਤਾਵਰਨ ਤਬਦੀਲੀ ਵਿਭਾਗ ਦਿੱਤੇ ਗਏ ਹਨ। ਵਿਜੈ ਕੁਮਾਰ ਚੌਧਰੀ ਨੂੰ ਵਿੱਤ, ਕਮਰਸ਼ੀਅਲ ਟੈਕਸ ਤੇ ਸੰਸਦੀ ਮਾਮਲੇ, ਬਿਜੇਂਦਰ ਯਾਦਵ ਕੋਲ ਬਿਜਲੀ ਤੇ ਪਲਾਨਿੰਗ, ਸੰਜੈ ਕੁਮਾਰ ਝਾਅ ਕੋਲ ਜਲ ਸਰੋਤ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਹੋਣਗੇ।
ਨਵੀਂ ਕੈਬਨਿਟ ‘ਚ ਅਪਰਾਧਿਕ ਪਿਛੋਕੜ ਵਾਲਿਆਂ ਦਾ ਬੋਲਬਾਲਾ : ਸੁਸ਼ੀਲ ਮੋਦੀ
ਭਾਜਪਾ ਨੇ ਕਿਹਾ ਕਿ ਬਿਹਾਰ ਦੀ ਨਵੀਂ ਕੈਬਨਿਟ ‘ਚੋਂ ‘ਸਮਾਜਿਕ ਅਸੰਤੁਲਨ’ ਦੀ ਝਲਕ ਮਿਲਦੀ ਹੈ। ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੀ ਪਿਛਲੀ ਸਰਕਾਰ ‘ਚ ਭਾਈਵਾਲ ਭਾਜਪਾ ਨੇ ਕਿਹਾ ਕਿ ‘ਮਹਾਗੱਠਬੰਧਨ’ ਵਿੱਚ ਅਪਰਾਧਿਕ ਪਿਛੋਕੜ ਵਾਲਿਆਂ ਦਾ ਬੋਲਬਾਲਾ ਹੈ। ਸੀਨੀਅਰ ਭਾਜਪਾ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਕਿਹਾ ਕਿ ਬਿਹਾਰ ਕੈਬਨਿਟ ਵਿੱਚ ‘ਦੋ ਭਾਈਚਾਰਿਆਂ’ ਨੂੰ ’33 ਫੀਸਦ ਤੋਂ ਵੱਧ’ ਨੁਮਾਇੰਦਗੀ ਦਿੱਤੀ ਗਈ ਹੈ। ਮੋਦੀ ਦਾ ਇਸ਼ਾਰਾ ਯਾਦਵਾਂ ਤੇ ਮੁਸਲਿਮ ਚਿਹਰਿਆਂ ਵੱਲ ਸੀ, ਜੋ ਆਰਜੇਡੀ ਦੇ ਵਫ਼ਾਦਾਰ ਮੰਨੇ ਜਾਂਦੇ ਹਨ। ਇਨ੍ਹਾਂ ਦੋਵਾਂ ਭਾਈਚਾਰਿਆਂ ਦੇ ਨਵੀਂ ਕੈਬਨਿਟ ਵਿੱਚ ਕੁੱਲ 13 ਮੰਤਰੀ ਹਨ।

 

 

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …