ਸ਼ਿਮਲਾ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿੱਚ ਬੱਸ ਤੇ ਹੋਰਨਾਂ ਵਾਹਨਾਂ ਦੇ ਢਿੱਗਾਂ ਦੀ ਲਪੇਟ ਵਿੱਚ ਆਉਣ ਕਰਕੇ ਪੰਜ ਮਹਿਲਾਵਾਂ ਤੇ ਇਕ ਬੱਚੇ ਸਮੇਤ 15 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 20 ਤੋਂ ਵੱਧ ਵਿਅਕਤੀਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ। ਸੂਤਰਾਂ ਮੁਤਾਬਕ ਇਹ ਗਿਣਤੀ ਵੱਧ ਵੀ ਹੋ ਸਕਦੀ ਹੈ। ਐੱਨਡੀਆਰਐੱਫ, ਨੀਮ ਫੌਜੀ ਬਲਾਂ ਤੇ ਸਥਾਨਕ ਪੁਲਿਸ ਦੀਆਂ ਟੀਮਾਂ ਨੇ ਮੌਕੇ ‘ਤੇ ਪੁੱਜ ਕੇ ਕਮਾਨ ਆਪਣੇ ਹੱਥਾਂ ਵਿੱਚ ਲੈਂਦਿਆਂ ਰਾਹਤ ਕਾਰਜ ਵਿੱਢੇ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਫੋਨ ਕਰਕੇ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿੱਚੋਂ 2-2 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।