Breaking News
Home / ਭਾਰਤ / ਕਾਂਗਰਸ ਨੇ ਪੰਜਾਬ ਲਈ ਐਲਾਨੀ ਚੋਣ ਕਮੇਟੀ , 34 ਮੈਂਬਰ ਕਮੇਟੀ ‘ਚ ਸ਼ਾਮਲ

ਕਾਂਗਰਸ ਨੇ ਪੰਜਾਬ ਲਈ ਐਲਾਨੀ ਚੋਣ ਕਮੇਟੀ , 34 ਮੈਂਬਰ ਕਮੇਟੀ ‘ਚ ਸ਼ਾਮਲ

logo-2-1-300x105-3-300x105ਨਵੀਂ ਦਿੱਲੀ/ਬਿਊਰੋ ਨਿਊਜ਼ : ਆਲ ਇੰਡੀਆ ਕਾਂਗਰਸ ਕਮੇਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਲਈ 34 ਮੈਂਬਰੀ ਚੋਣ ਕਮੇਟੀ ਦਾ ਐਲਾਨ ਕਰ ਦਿੱਤਾ। ਸੂਬਾਈ ਚੋਣ ਕਮੇਟੀ ਵੱਖ-ਵੱਖ ਵਿਧਾਨ ਸਭਾ ਖੇਤਰਾਂ ਲਈ ਉਮੀਦਵਾਰਾਂ ਦੀ ਸਿਫਾਰਸ਼ ਕਰਕੇ ਪਾਰਟੀ ਹਾਈਕਮਾਂਡ ਕੋਲ ਭੇਜਦੀ ਹੈ ਜਿਥੇ ਅੰਤਿਮ ਫ਼ੈਸਲਾ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੀ ਅਗਵਾਈ ਵਿਚ 17 ਮੈਂਬਰੀ ਮੈਨੀਫੈਸਟੋ ਕਮੇਟੀ ਦਾ ਗਠਨ ਕੀਤਾ ਹੈ।
ਮਨਪ੍ਰੀਤ ਸਿੰਘ ਬਾਦਲ ਵੀ ਮੈਨੀਫੈਸਟੋ ਕਮੇਟੀ ਦੇ ਸਹਿ ਚੇਅਰਮੈਨ ਹੋਣਗੇ। ਇਸ ਦੇ ਨਾਲ ਹੀ ਉਹ ਚਾਰ ਮੈਂਬਰੀ ਮੈਨੀਫੈਸਟੋ ਖਰੜਾ ਕਮੇਟੀ ਦੀ ਅਗਵਾਈ ਕਰਨਗੇ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਨੇ ਕਿਹਾ ਕਿ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਕਮੇਟੀ, ਮੈਨੀਫੈਸਟੋ ਕਮੇਟੀ ਅਤੇ ਮੈਨੀਫੈਸਟੋ ਖਰੜਾ ਕਮੇਟੀ ਦੇ ਮੈਂਬਰਾਂ ਦੇ ਨਾਵਾਂ ਦਾ ਐਲਾਨ ਕੀਤਾ।
34 ਮੈਂਬਰੀ ਚੋਣ ਕਮੇਟੀ ਵਿਚ ਸੀਐੱਲਪੀ ਨੇਤਾ ਚਰਨਜੀਤ ਸਿੰਘ ਚੰਨੀ, ਸੂਬਾਈ ਪ੍ਰਚਾਰ ਕਮੇਟੀ ਦੀ ਪ੍ਰਧਾਨ ਅੰਬਿਕਾ ਸੋਨੀ, ਸਾਬਕਾ ਸੀਐੱਲਪੀ ਨੇਤਾ ਸੁਨੀਲ ਜਾਖੜ ਅਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਐੱਚ ਐੱਸ ਹੰਸਪਾਲ, ਸ਼ਮਸ਼ੇਰ ਸਿੰਘ ਦੂਲੋ, ਵਰਿੰਦਰ ਕਟਾਰੀਆ, ਮਹਿੰਦਰ ਸਿੰਘ ਕੇਪੀ ਨੂੰ ਵੀ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਕਮੇਟੀ ਵਿਚ ਸ਼ਾਮਲ ਨੇਤਾਵਾਂ ਵਿਚ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਅਤੇ ਪਾਰਟੀ ਦੇ ਐੱਮ ਪੀ ਰਵਨੀਤ ਸਿੰਘ ਬਿੱਟੂ ਅਤੇ ਚੌਧਰੀ ਸੰਤੋਖ ਸਿੰਘ, ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਅਤੇ ਮਨੀਸ਼ ਤਿਵਾੜੀ ਵੀ ਸ਼ਾਮਲ ਹਨ। ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਦੇਸ਼ ਯੂਥ ਕਾਂਗਰਸ, ਮਹਿਲਾ ਕਾਂਗਰਸ, ਐੱਨਐੱਸਯੂਆਈ ਅਤੇ ਸੇਵਾ ਦਲ ਦੇ ਪ੍ਰਧਾਨਾਂ ਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।
ਮੈਨੀਫੈਸਟੋ ਕਮੇਟੀ ਵਿਚ ਰਾਜਿੰਦਰ ਕੌਰ ਭੱਠਲ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਇਲਾਵਾ ਅੰਮ੍ਰਿਤਸਰ ਦੇ ਸਾਬਕਾ ਮੇਅਰ ਓਮ ਪ੍ਰਕਾਸ਼ ਸੋਨੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਚਾਰ ਮੈਂਬਰੀ ਮੈਨੀਫੈਸਟੋ ਖਰੜਾ ਕਮੇਟੀ ਵਿਚ ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਅਮਰ ਸਿੰਘ, ਅਸ਼ੋਕ ਗੁਪਤਾ ਅਤੇ ਦਿਲਬਰ ਮੁਹੰਮਦ ਖਾਨ ਸ਼ਾਮਲ ਹਨ।
ਅਵਿਨਾਸ਼ ਖੰਨਾ ਨੂੰ ਐਨਐਚਆਰਸੀ ਦਾ ਮੈਂਬਰ ਬਣਾਉਣ ਦੀ ਤਿਆਰੀ
ਨਵੀਂ ਦਿੱਲੀ : ਭਾਜਪਾ ਦੇ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨਐਚਆਰਸੀ) ਦਾ ਮੈਂਬਰ ਨਿਯੁਕਤ ਕਰਨ ਲਈ ਸਾਰੀਆਂ ਤਿਆਰੀਆਂ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਉੱਚ-ਪੱਧਰੀ ਚੋਣ ਕਮੇਟੀ ਨੇ ਉਸ ਦੇ ਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਤੋਂ ਸਾਬਕਾ ਰਾਜ ਸਭਾ ਮੈਂਬਰ ਅਤੇ ਜੰਮੂ-ਕਸ਼ਮੀਰ ਭਾਜਪਾ ਦੇ ਇੰਚਾਰਜ ਖੰਨਾ ਐਨਐਚਆਰਸੀ ਦੇ ਮੈਂਬਰ ਬਣਨ ਵਾਲੇ ਸ਼ਾਇਦ ਪਹਿਲੇ ਸਰਗਰਮ ਸਿਆਸਤਦਾਨ ਹੋਣਗੇ। ਹਾਲਾਂਕਿ ਭਾਜਪਾ ਵੱਲੋਂ ਵਿਰੋਧੀ ਧਿਰ ਵਿੱਚ ਹੁੰਦਿਆਂ ਅਜਿਹੇ ਅਹੁਦੇ ਉਤੇ ਪਾਕਿ ਦਾਮਨ ਤੇ ਨਿਰਪੱਖ ਵਿਅਕਤੀ ਦੀ ਨਿਯੁਕਤੀ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਸੀ। ਸੂਤਰਾਂ ਮੁਤਾਬਕ 55 ਸਾਲਾ ਭਾਜਪਾ ਆਗੂ ਦੇ ਨਾਂ ਨੂੰ ਪਿਛਲੇ ਮਹੀਨੇ ਚੋਣ ਕਮੇਟੀ ਨੇ ਹਰੀ ઠਝੰਡੀ ਦਿੱਤੀ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …