![](https://parvasinewspaper.com/wp-content/uploads/2024/04/Rats.jpg)
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਚੂਹੇ ਖੂਬ ਹੜਕੰਪ ਮਚਾ ਰਹੇ ਹਨ। ਚੂਹੇ ਜੱਚਾ-ਬੱਚਾ ਹਸਪਤਾਲ ਦੀ ਬਿਲਡਿੰਗ ਵਿਚ ਹਰ ਰੋਜ਼ ਟਪੂਸੀਆਂ ਮਾਰ ਰਹੇ ਹਨ ਅਤੇ ਮਰੀਜ਼ਾਂ ਦੇ ਬੈਂਡਾਂ ’ਤੇ ਚੜ੍ਹ ਜਾਂਦੇ ਹਨ। ਚੂਹਿਆਂ ਦੇ ਡਰ ਕਰਕੇ ਮਰੀਜ਼ਾਂ ਨੂੰ ਰਾਤ ਸਮੇਂ ਜਾਗਣਾ ਪੈਂਦਾ ਹੈ। ਇਹ ਚੂਹੇ ਚਾਦਰਾਂ ਤੇ ਕੰਬਲ ਵੀ ਖਾ ਜਾਂਦੇ ਹਨ ਅਤੇ ਕਈਆਂ ਨੂੰ ਕੱਟਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਇਸ ਸਬੰਧੀ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ ਵਿਚ 15-15, 20-20 ਚੂਹੇ ਮਰੀਜ਼ਾਂ ਦੇ ਭਾਂਡਿਆਂ ਵਿਚ ਮੂੰਹ ਮਾਰਦੇ ਦਿਸ ਰਹੇ ਹਨ। ਚੂਹੇ ਮਰੀਜ਼ਾਂ ਦੇ ਭਾਂਡੇ ਖਿੱਚ ਕੇ ਲੈ ਜਾਂਦੇ ਹਨ ਅਤੇ ਦਵਾਈਆਂ ਦੇ ਲਿਫਾਫੇ ਆਦਿ ਵੀ ਚੁੱਕ ਕੇ ਲੈ ਜਾਂਦੇ ਹਨ। ਹਸਪਤਾਲ ਦੀ ਪੂਰੀ ਬਿਲਡਿੰਗ ਵਿਚ ਵੱਡੀਆਂ-ਵੱਡੀਆਂ ਖੁੱਡਾਂ ਹਨ, ਜਿਨ੍ਹਾਂ ਵਿਚੋਂ ਨਿਕਲ ਕੇ ਚੂਹੇ ਮਰੀਜ਼ਾਂ ਦੇ ਸਮਾਨ ’ਚ ਅਤੇ ਇਥੋਂ ਤੱਕ ਕਿ ਸਮਾਨ ਰੱਖਣ ਵਾਲੀਆਂ ਟਰਾਲੀਆਂ ਵਿਚ ਵੀ ਵੜ ਜਾਂਦੇ ਹਨ। ਚੂਹਿਆਂ ਕਾਰਨ ਹੀ ਲੁਧਿਆਣਾ ਦੇ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਹਸਪਤਾਲ ਦੀ ਦੋ ਵਾਰ ਫੌਲਸ ਸੀਲਿੰਗ ਡਿੱਗ ਚੁੱਕੀ ਹੈ। ਹਸਪਤਾਲ ਦੇ ਪ੍ਰਸ਼ਾਸਨ ਕੋਲ ਇਸ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਹੈ।