11 C
Toronto
Saturday, October 18, 2025
spot_img
Homeਭਾਰਤਭਾਰਤੀ ਲੋਕਤੰਤਰ ਲਈ ਸਭ ਤੋਂ ਮੁਸ਼ਕਲ ਦੌਰ

ਭਾਰਤੀ ਲੋਕਤੰਤਰ ਲਈ ਸਭ ਤੋਂ ਮੁਸ਼ਕਲ ਦੌਰ

ਸੋਨੀਆ ਗਾਂਧੀ ਨੇ ਪਾਰਟੀ ਦੇ ਜਨਰਲ ਸਕੱਤਰਾਂ ਤੇ ਸੂਬਾ ਇੰਚਾਰਜਾਂ ਨਾਲ ਕੀਤੀ ਮੀਟਿੰਗ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਤਿੰਨ ਖੇਤੀ ਕਾਨੂੰਨਾਂ, ਕੋਵਿਡ-19 ਮਹਾਂਮਾਰੀ, ਆਰਥਿਕ ਮੰਦੀ ਤੇ ਦਲਿਤਾਂ ‘ਤੇ ਹੋ ਰਹੇ ਅੱਤਿਆਚਾਰਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਸਖ਼ਤ ਹਮਲਾ ਬੋਲਦਿਆਂ ਦਾਅਵਾ ਕੀਤਾ ਹੈ ਕਿ ਭਾਰਤੀ ਲੋਕਤੰਤਰ ਇਸ ਸਮੇਂ ਆਪਣੇ ‘ਸਭ ਤੋਂ ਮੁਸ਼ਕਿਲ ਦੌਰ’ ਵਿਚੋਂ ਲੰਘ ਰਿਹਾ ਹੈ। ਸੋਨੀਆ ਗਾਂਧੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰਾਂ ਤੇ ਸੂਬਾ-ਇੰਚਾਰਜਾਂ ਦੀ ਬੈਠਕ ਦੀ ਪ੍ਰਧਾਨਗੀ ਕਰਨ ਦੌਰਾਨ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਸਰਕਾਰ ‘ਤੇ ਦੋਸ਼ ਲਗਾਇਆ ਕਿ ‘ਹਰੀ ਕ੍ਰਾਂਤੀ’ ਦੇ ਫਾਇਦਿਆਂ ਨੂੰ ਖ਼ਤਮ ਕਰਨ ਲਈ ‘ਸਾਜਿਸ਼’ ਰਚੀ ਗਈ ਹੈ। ਉਨ੍ਹਾਂ ਖੇਤੀਬਾੜੀ ਵਿਰੋਧੀ ਕਾਲੇ ਕਾਨੂੰਨ ਲਿਆਉਣ ਲਈ ਸਰਕਾਰ ਦੀ ਨਿੰਦਾ ਕਰਦਿਆਂ ਦੋਸ਼ ਲਗਾਇਆ ਕਿ ਦੇਸ਼ ‘ਤੇ ਮੁੱਠੀ ਭਰ ਭਾਈ-ਭਤੀਜਾਵਾਦੀ ਉਦਯੋਗਪਤੀਆਂ ਦਾ ਸ਼ਾਸਨ ਚੱਲ ਰਿਹਾ ਹੈ ਅਤੇ ਸਰਕਾਰ ‘ਯੋਜਨਾਬੱਧ’ ਢੰਗ ਨਾਲ ਨਾਗਰਿਕਾਂ ਦੇ ਅਧਿਕਾਰ ਉਨ੍ਹਾਂ ਦੇ ਹਵਾਲੇ ਕਰਨ ਲੱਗੀ ਹੋਈ ਹੈ। ਪਿਛਲੇ ਮਹੀਨੇ ਕਾਂਗਰਸ ਦੇ ਸੰਗਠਨਾਤਮਕ ਢਾਂਚੇ ਵਿਚ ਹੋਈ ਵੱਡੀ ਤਬਦੀਲੀ ਬਾਅਦ ਸੋਨੀਆ ਗਾਂਧੀ ਦੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰਾਂ ਤੇ ਸੂਬਾ-ਇੰਚਾਰਜਾਂ ਨਾਲ ਇਹ ਪਹਿਲੀ ਬੈਠਕ ਸੀ, ਜਿਸ ਦੌਰਾਨ ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਲੋਂ ਹਾਲ ਹੀ ਵਿਚ ਪਾਸ ਕੀਤੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਭਾਰਤ ਦੀ ਖੇਤੀਬਾੜੀ ਦੀ ਬੁਨਿਆਦ ਹਰੀ-ਕ੍ਰਾਂਤੀ ‘ਤੇ ਹਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਦੀ ਸਾਜਿਸ਼ ਨਾਲ ਕਰੋੜਾਂ ਖੇਤ ਮਜ਼ਦੂਰਾਂ, ਪਟੇਦਾਰ ਕਿਸਾਨਾਂ, ਛੋਟੇ ਤੇ ਦਰਮਿਆਨੇ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਦੀਆਂ ਜ਼ਿੰਦਗੀਆਂ ਤੇ ਰੋਜ਼ੀ-ਰੋਟੀ ਪ੍ਰਭਾਵਿਤ ਹੋਵੇਗੀ ਅਤੇ ਇਸ ਸਾਜਿਸ਼ ਨੂੰ ਨਾਕਾਮ ਕਰਨ ਲਈ ਸਾਨੂੰ ਸਭ ਨੂੰ ਇਕਜੁੱਟ ਹੋਣਾ ਚਾਹੀਦਾ ਹੈ।

RELATED ARTICLES
POPULAR POSTS