ਦਵਾਈ ਦੀ ਓਵਰਡੋਜ਼ ਦੱਸਿਆ ਜਾ ਰਿਹੈ ਮੌਤ ਦਾ ਕਾਰਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਤੇ ਉਨ੍ਹਾਂ ਦੇ ਪਤੀ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਇਕਲੌਤੇ ਪੁੱਤਰ ਅਕਿਲ ਅਖਤਰ ਦਾ ਅੱਜ ਸਵੇਰੇ ਚੰਡੀਗੜ੍ਹ ਵਿਚ ਦਿਹਾਂਤ ਹੋ ਗਿਆ। ਅਕਿਲ ਅਖਤਰ ਦੀ ਉਮਰ 33 ਸਾਲ ਦੱਸੀ ਜਾ ਰਹੀ ਹੈ। ਅਕਿਲ ਅਖਤਰ ਦੇ ਪਰਿਵਾਰ ਵਿਚ ਪਤਨੀ ਜੈਨਬ ਅਖਤਰ, ਇਕ ਧੀ ਤੇ ਇਕ ਪੁੱਤਰ ਅਤੇ ਮਾਪੇ ਰਜ਼ੀਆ ਸੁਲਤਾਨਾ ਅਤੇ ਮੁਹੰਮਦ ਮੁਸਤਫਾ ਹਨ। ਇਨ੍ਹਾਂ ਦਾ ਜੱਦੀ ਪਿੰਡ ਉਤਰ ਪ੍ਰਦੇਸ਼ ਦੇ ਸਹਾਰਾਨਪੁਰ ਵਿਚ ਹਰਦਾ ਖੇੜੀ ਹੈ। ਜੈਨਬ ਅਖਤਰ ਪੰਜਾਬ ਵਕਫ ਬੋਰਡ ਦੀ ਮੈਂਬਰ ਰਹਿ ਚੁੱਕੀ ਹੈ ਅਤੇ ਰਾਜਨੀਤੀ ਵਿਚ ਵੀ ਬਹੁਤ ਸਰਗਰਮ ਹੈ। ਉਨ੍ਹਾਂ ਦੇ ਪਤੀ ਅਕਿਲ ਅਖਤਰ ਦੇ ਅਚਾਨਕ ਦਿਹਾਂਤ ਮਗਰੋਂ ਸੋਗ ਦੀ ਲਹਿਰ ਫੈਲ ਗਈ ਹੈ। ਮੀਡੀਆ ਵਿਚ ਚੱਲ ਰਹੀਆਂ ਰਿਪੋਰਟਾਂ ਮੁਤਾਬਕ ਅਕਿਲ ਅਖਤਰ ਦੀ ਮੌਤ ਦਵਾਈ ਦੀ ਓਵਰਡੋਜ਼ ਨਾਲ ਹੋਈ ਦੱਸੀ ਜਾ ਰਹੀ ਹੈ।