ਹਰਿਆਣਾ ‘ਚ ਲੋਕ ਸਭਾ ਚੋਣਾਂ ਗੱਠਜੋੜ ਨਾਲ ਰਲ ਕੇ ਤੇ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਦੇ ਜੀਂਦ ਵਿਚ ਹੋਈ ਆਮ ਆਦਮੀ ਪਾਰਟੀ ਦੀ ‘ਬਦਲਾਅ ਰੈਲੀ’ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ‘ਤੇ ਆਪਣੇ ਦਮ ‘ਤੇ ਚੋਣ ਲੜੇਗੀ ਪਰ ਲੋਕ ਸਭਾ ਚੋਣ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨਾਲ ਰਲ ਕੇ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਸਿਰਫ ਆਮ ਆਦਮੀ ਪਾਰਟੀ ‘ਤੇ ਭਰੋਸਾ ਹੈ। ਹਰਿਆਣਾ ਦੇ ਲੋਕ ਭਾਜਪਾ-ਜਜਪਾ ਸਰਕਾਰ ਤੋਂ ਬਹੁਤ ਦੁਖੀ ਹਨ। ਉਹ ਹੁਣ ਬਦਲਾਅ ਚਾਹੁੰਦੇ ਹਨ। ਦਿੱਲੀ ਅਤੇ ਪੰਜਾਬ ਦੇ ਲੋਕ ‘ਆਪ’ ਨੂੰ ਸੱਤਾ ਵਿੱਚ ਲਿਆ ਕੇ ਬਹੁਤ ਖ਼ੁਸ਼ ਹਨ। ‘ਆਪ’ ਦੀ ਸਰਕਾਰ ਆਉਣ ‘ਤੇ ਹਰਿਆਣਾ ਵਿੱਚ ਵੀ ਇਸੇ ਤਰਜ਼ ‘ਤੇ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ, ”ਆਮ ਆਦਮੀ ਪਾਰਟੀ ਹਰਿਆਣਾ ਦੀਆਂ ਸਾਰੀਆਂ 90 ਸੀਟਾਂ ‘ਤੇ ਚੋਣ ਲੜ ਕੇ ਸਰਕਾਰ ਬਣਾਏਗੀ। ਹਰਿਆਣਾ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਇਆ ਜਾਵੇਗਾ।” ਉਨ੍ਹਾਂ ਕਿਹਾ ਕਿ ਸੂਬੇ ਨੂੰ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਕਿਸੇ ਵਰਗ ਨੂੰ ਪ੍ਰੇਸ਼ਾਨੀ ਨਹੀਂ ਆਉਣਦਿੱਤੀ ਜਾਵੇਗੀ। ਉਨ੍ਹਾਂ ਕਿਹਾ, ”ਮੈਂ ਅਤਿਵਾਦੀ ਨਹੀਂ, ਮਹਿੰਗਾਈ ਵਧਾਉਣ ਵਾਲੇ ਅਤਿਵਾਦੀ ਹਨ। ਅੱਜ ਮਹਿੰਗਾਈ ਹੀ ਸਭ ਤੋਂ ਵੱਡਾ ਅਤਿਵਾਦ ਹੈ।”
ਕੇਂਦਰ ਦੀ ਮੋਦੀ ਸਰਕਾਰ ਨੂੰ ਕਰਾਰੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ, ”ਇਹ ਲੋਕ ਸਾਡੀ ਪਾਰਟੀ ਪਿੱਛੇ ਪਏ ਹੋਏ ਹਨ। ਅੱਜ ਸਭ ਤੋਂ ਵੱਧ ਸਾਡੇ ਆਗੂ ਜੇਲ੍ਹਾਂ ਵਿੱਚ ਬੰਦ ਹਨ। ਅਸੀਂ ਦਿੱਲੀ ਵਿੱਚ ਸੜਕਾਂ, ਸਿੱਖਿਆ, ਸਿਹਤ ਅਤੇ ਸਫਾਈ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਅਤੇ ਮੋਦੀ ਸਰਕਾਰ ਨੇ ਸਿਸੋਦੀਆ ਵਰਗੇ ਇਮਾਨਦਾਰ ਆਗੂ ਨੂੰ ਜੇਲ੍ਹ ਭੇਜ ਦਿੱਤਾ ਹੈ। ਹੁਣ ਇਹ ਮੈਨੂੰ ਵੀ ਜੇਲ੍ਹ ਭੇਜਣਾ ਚਾਹੁੰਦੇ ਹਨ ਪਰ ਮੈਂ ਜੇਲ੍ਹ ਜਾਣ ਤੋਂ ਨਹੀਂ ਡਰਦਾ। ਮੈਂ ਹਰਿਆਣਾ ਦਾ ਵਾਸੀ ਹਾਂ।” ਦਿੱਲੀ ਦੇ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਉਨ੍ਹਾਂ (ਕੇਂਦਰ ਸਰਕਾਰ) ਨੇ ਮੈਨੂੰ ਗ੍ਰਿਫਤਾਰ ਕਰਨ ਲਈ ਆਪਣੀ ਪੂਰੀ ਤਾਕਤ ਵਰਤੀ। ਆਮਦਨ ਕਰ ਵਿਭਾਗ, ਕੇਂਦਰੀ ਜਾਂਚ ਬਿਊਰੋ (ਸੀਬੀਆਈ), ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਦਿੱਲੀ ਪੁਲਿਸ ਨੂੰ ਮੇਰੇ ਪਿੱਛੇ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਬਰਾਬਰ ਸਿੱਖਿਆ, ਸਿਹਤ ਸਹੂਲਤਾਂ, ਰੁਜ਼ਗਾਰ ਅਤੇ 24 ਘੰਟੇ ਬਿਜਲੀ ਮਿਲਣੀ ਚਾਹੀਦੀ ਹੈ। ਕੇਜਰੀਵਾਲ ਨੇ ਕਿਹਾ ਕਿ ਜੇ ਕੇਂਦਰ ਉਨ੍ਹਾਂ ਦੀਆਂ ਇਹ ਮੰਗਾਂ ਪੂਰੀਆਂ ਕਰ ਦਿੰਦੀ ਹੈ ਤਾਂ ਉਹ ਸਿਆਸਤ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਲੋਕਾਂ ਨੂੰ 24 ਘੰਟੇ ਬਿਜਲੀ ਸਪਲਾਈ ਅਤੇ ਹੋਰ ਸਹੂਲਤਾਂ ਦੇ ਸਕਦੀ ਹੈ। ਇਸ ਨੇ ਦਿੱਲੀ ਅਤੇ ਪੰਜਾਬ ਵਿੱਚ ਅਜਿਹਾ ਕੀਤਾ ਵੀ ਹੈ।
ਕੇਜਰੀਵਾਲ ਨੇ ਕਿਹਾ ਕਿ ਕੀ ਕਾਂਗਰਸ, ਭਾਜਪਾ ਅਤੇ ਜਜਪਾ ਵਰਗੀਆਂ ਪਾਰਟੀਆਂ ਅਜਿਹਾ ਕਰ ਸਕਦੀਆਂ ਹਨ? ਉਹ ਨਹੀਂ ਕਰ ਸਕਦੀਆਂ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕਹਿੰਦੀਆਂ ਸਨ ਕਿ ਜੇ ਲੋਕਾਂ ਨੇ ਬਿੱਲ ਨਹੀਂ ਭਰਨੇ ਤਾਂ ਉਨ੍ਹਾਂ ਨੂੰ ਬਿਜਲੀ ਨਹੀਂ ਦਿੱਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਦਿੱਲੀ ਅਤੇ ਪੰਜਾਬ ਵਿੱਚ ਹਰ ਰੋਜ਼ ਸੱਤ ਤੋਂ ਅੱਠ ਘੰਟੇ ਬਿਜਲੀ ਕੱਟ ਲੱਗਦੇ ਸਨ ਪਰ ਹੁਣ ਲੋਕਾਂ ਨੂੰ 24 ਘੰਟੇ ਬਿਜਲੀ ਮਿਲ ਰਹੀ ਹੈ। ਅਸੀਂ ਹਰਿਆਣਾ ‘ਚ ਵੀ ਬਿਜਲੀ ਕੱਟ ਖਤਮ ਕਰਾਂਗੇ। ਕੇਜਰੀਵਾਲ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਮੈਂ ਇੰਜਨੀਅਰ ਹਾਂ, ਪੜ੍ਹਿਆ-ਲਿਖਿਆ ਹਾਂ, ਬੁੱਧੀਮਾਨ ਹਾਂ, ਮੈਂ ਅਨਪੜ੍ਹ ਨਹੀਂ ਹਾਂ, ਮੇਰੀ ਡਿਗਰੀ ਵੀ ਅਸਲੀ ਹੈ। ਮੇਰੀ ਡਿਗਰੀ ‘ਜਾਅਲੀ’ ਨਹੀਂ ਹੈ। ਮੈਨੂੰ ਪਤਾ ਹੈ ਕਿ ਕੰਮ ਕਿਵੇਂ ਕਰਨਾ ਹੈ, ਮੈਂ 24 ਘੰਟੇ ਬਿਜਲੀ ਦੇਵਾਂਗਾ। ਉਨ੍ਹਾਂ ਕਿਹਾ, ”ਮੈਂ ਭਗਵਾਨ ਰਾਮ ਅਤੇ ਭਗਵਾਨ ਹਨੂੰਮਾਨ ਨੂੰ ਮੰਨਦਾ ਹਾਂ। ‘ਰਾਮ ਰਾਜ’ ਤੋਂ ਪ੍ਰੇਰਨਾ ਲੈ ਕੇ ਅਸੀਂ ਦਿੱਲੀ ਅਤੇ ਪੰਜਾਬ ਵਿਚ ਸਰਕਾਰ ਚਲਾ ਰਹੇ ਹਾਂ। ਅਸੀਂ ਇੱਥੇ ਸੱਤਾ ਲਈ ਨਹੀਂ ਸਗੋਂ ਸੇਵਾ ਲਈ ਆਏ ਹਾਂ।” ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਪੰਜਾਬ ਵਿੱਚ 42,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।
Check Also
ਸੰਵਿਧਾਨ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ : ਦਰੋਪਦੀ ਮੁਰਮੂ
ਰਾਸ਼ਟਰਪਤੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ‘ਤੇ ਦਿੱਤਾ ਜ਼ੋਰ ਉਪ ਰਾਸ਼ਟਰਪਤੀ ਨੇ …