ਆਰਜੇਡੀ ਤੇ ਕਾਂਗਰਸ ਨਾਲ ਕੀਤੇ ਮਹਾਗੱਠਜੋੜ ਅਤੇ ਵਿਰੋਧੀ ਧਿਰਾਂ ਦੇ ‘ਇੰਡੀਆ’ ਗੁੱਟ ਦਾ ਸਾਥ ਛੱਡਿਆ
ਪਟਨਾ/ਬਿਊਰੋ ਨਿਊਜ਼ : ਜਨਤਾ ਦਲ (ਯੂ) ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਐਤਵਾਰ ਨੂੰ ਮਹਾਗੱਠਜੋੜ ਤੇ ਵਿਰੋਧੀ ਧਿਰਾਂ ਦੇ ਗੁੱਟ ‘ਇੰਡੀਆ’ ਨੂੰ ਤਿਆਗਦਿਆਂ ਅਤੇ ਭਾਜਪਾ ਨਾਲ ਮੁੜ ਭਾਈਵਾਲੀ ਕਰਦਿਆਂ ਰਿਕਾਰਡ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦਿੰਦਿਆਂ ਕਿਹਾ ਕਿ ਮਹਾਗੱਠਜੋੜ ਤੇ ਵਿਰੋਧੀ ਧਿਰਾਂ ਦੇ ਗੁੱਟ ‘ਇੰਡੀਆ’ ਵਿਚ ਉਨ੍ਹਾਂ ਲਈ ‘ਚੀਜ਼ਾਂ ਸਹੀ ਨਹੀਂ ਹੋ ਰਹੀਆਂ ਸਨ’। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਦੇ ਸਮਰਥਨ ਨਾਲ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।
ਜ਼ਿਕਰਯੋਗ ਹੈ ਕਿ ਇਸੇ ਗੱਠਜੋੜ ਵਿਚੋਂ ਉਹ 18 ਮਹੀਨੇ ਪਹਿਲਾਂ ਬਾਹਰ ਹੋ ਗਏ ਸਨ। ਪਟਨਾ ਵਿਖੇ ਰਾਜ ਭਵਨ ਵਿਚ ਰਾਜਪਾਲ ਰਾਜੇਂਦਰ ਅਰਲੇਕਰ ਨੇ ਉਨ੍ਹਾਂ ਨੂੰ ਅਹੁਦੇ ਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਨਿਤੀਸ਼ ਦੇ ਨਾਲ ਭਾਜਪਾ ਆਗੂਆਂ ਵਿਜੇ ਕੁਮਾਰ ਸਿਨਹਾ, ਸਮਰਾਟ ਚੌਧਰੀ ਤੇ ਪ੍ਰੇਮ ਕੁਮਾਰ ਨੇ ਨਵੀਂ ਸਰਕਾਰ ਦੇ ਮੰਤਰੀਆਂ ਵਜੋਂ ਹਲਫ਼ ਲਿਆ। ਭਾਜਪਾ ਵਿਧਾਇਕ ਦਲ ਨੇ ਚੌਧਰੀ ਤੇ ਸਿਨਹਾ ਨੂੰ ਆਪਣੇ ਆਗੂ ਤੇ ਉਪ ਆਗੂ ਵਜੋਂ ਨਾਮਜ਼ਦ ਕੀਤਾ ਸੀ। ਇਨ੍ਹਾਂ ਤੋਂ ਇਲਾਵਾ ਜੇਡੀ (ਯੂ) ਮੈਂਬਰਾਂ ਵਿਜੇ ਕੁਮਾਰ ਚੌਧਰੀ, ਵਿਜੇਂਦਰ ਯਾਦਵ ਤੇ ਸ਼ਰਵਣ ਕੁਮਾਰ ਨੇ ਵੀ ਮੰਤਰੀਆਂ ਵਜੋਂ ਸਹੁੰ ਚੁੱਕੀ। ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਅਗਵਾਈ ਵਾਲੇ ਹਿੰਦੁਸਤਾਨ ਅਵਾਮ ਮੋਰਚਾ ਦੇ ਸੰਤੋਸ਼ ਕੁਮਾਰ ਸੁਮਨ ਤੇ ਆਜ਼ਾਦ ਵਿਧਾਇਕ ਸੁਮਿਤ ਸਿੰਘ ਨੇ ਵੀ ਮੰਤਰੀਆਂ ਦੇ ਤੌਰ ‘ਤੇ ਹਲਫ਼ ਲਿਆ।
ਸਹੁੰ ਚੁੱਕ ਸਮਾਗਮ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਹਾਜ਼ਰ ਸਨ ਜਦਕਿ ਮਹਾਗੱਠਜੋੜ ਵਿਚ ਨਿਤੀਸ਼ ਦੀ ਭਾਈਵਾਲ ਰਹੀ ਪਾਰਟੀ ਆਰਜੇਡੀ ਨੇ ਸਮਾਗਮ ਦਾ ਬਾਈਕਾਟ ਕੀਤਾ। ਜ਼ਿਕਰਯੋਗ ਹੈ ਕਿ ਆਰਜੇਡੀ ਵਿਧਾਨ ਸਭਾ ਵਿਚ ਸਭ ਤੋਂ ਵੱਡੀ ਪਾਰਟੀ ਹੈ। ਇਕ ਹੋਰ ਸਾਬਕਾ ਭਾਈਵਾਲ ਕਾਂਗਰਸ ਵੱਲੋਂ ਵੀ ਇਸ ਮੌਕੇ ਕੋਈ ਹਾਜ਼ਰ ਨਹੀਂ ਸੀ। ਮਹਾਗੱਠਜੋੜ ਨੂੰ ਬਾਹਰੋਂ ਸਮਰਥਨ ਦੇ ਰਹੀ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਦੋਸ਼ ਲਾਇਆ ਕਿ ਨਿਤੀਸ਼ ‘ਜਿਨ੍ਹਾਂ ਦਾ ਮੁੱਖ ਮੰਤਰੀ ਵਜੋਂ ਸਭ ਤੋਂ ਲੰਮਾ ਕਾਰਜਕਾਲ ਰਿਹਾ ਹੈ’, ਨੂੰ ਆਰਐੱਸਐੱਸ-ਭਾਜਪਾ ਆਪਣੀ ‘ਕਠਪੁਤਲੀ ਬਣਾ ਕੇ ਵਰਤਣਗੇ।’
ਦੱਸਣਯੋਗ ਹੈ ਕਿ ਨਿਤੀਸ਼ ਕੁਮਾਰ ਭਾਜਪਾ ‘ਤੇ ਜੇਡੀ (ਯੂ) ਵਿਚ ਫੁਟ ਪਾਉਣ ਦਾ ਆਰੋਪ ਲਾ ਕੇ ਅਗਸਤ 2022 ਵਿਚ ਮਹਾਗੱਠਜੋੜ ਦਾ ਹਿੱਸਾ ਬਣੇ ਸਨ। ਉਸ ਵੇਲੇ ਉਨ੍ਹਾਂ ਆਰਜੇਡੀ ਤੇ ਕਾਂਗਰਸ ਨਾਲ ਗੱਠਜੋੜ ਕਰ ਕੇ ਨਵੀਂ ਸਰਕਾਰ ਬਣਾਈ ਸੀ। ਜੇਡੀ (ਯੂ) ਸੁਪਰੀਮੋ ਨਿਤੀਸ਼ ਕੁਮਾਰ ਨੇ ਪਹਿਲੀ ਵਾਰ ਸੰਨ 2000 ਵਿਚ ਮੁੱਖ ਮੰਤਰੀ ਵਜੋਂ ਹਲਫ ਲਿਆ ਸੀ, ਪਰ ਉਨ੍ਹਾਂ ਦੀ ਸਰਕਾਰ ਹਫ਼ਤੇ ਵਿਚ ਹੀ ਡਿੱਗ ਗਈ। ਸੰਨ 2005 ਵਿਚ ਉਹ ਮੁੜ ਮੁੱਖ ਮੰਤਰੀ ਬਣੇ ਤੇ ਪੰਜ ਸਾਲ ਬਾਅਦ ਵੀ ਸੱਤਾ ‘ਚ ਪਰਤੇ। ਭਾਜਪਾ ਨਾਲ 2013 ਵਿਚ ਤੋੜ-ਵਿਛੋੜੇ ਤੋਂ ਬਾਅਦ ਵੀ ਨਿਤੀਸ਼ ਜੇਡੀ(ਯੂ) ਦੀ ਸਰਕਾਰ ਨੂੰ ਸੱਤਾ ਵਿਚ ਰੱਖਣ ‘ਚ ਕਾਮਯਾਬ ਰਹੇ। ਜੇਡੀ(ਯੂ) ਉਸ ਵੇਲੇ ਬਹੁਮਤ ਦੇ ਅੰਕੜੇ ਤੋਂ ਥੋੜ੍ਹੀ ਹੀ ਪਿੱਛੇ ਸੀ। ਪਰ ਇਸ ਨੂੰ ਕਾਂਗਰਸ ਤੇ ਸੀਪੀਆਈ ਜਿਹੀਆਂ ਧਿਰਾਂ ਦੀ ਹਮਾਇਤ ਮਿਲੀ। ਇਸ ਤੋਂ ਇਲਾਵਾ ਆਰਜੇਡੀ ਦੇ ਇਕ ਨਾਰਾਜ਼ ਧੜੇ ਨੇ ਵੀ ਹਮਾਇਤ ਦਿੱਤੀ। ਹਾਲਾਂਕਿ ਇਕ ਸਾਲ ਬਾਅਦ ਉਨ੍ਹਾਂ ਲੋਕ ਸਭਾ ਚੋਣਾਂ ਵਿਚ ਜੇਡੀ(ਯੂ) ਦੀ ਹਾਰ ਦੀ ਨੈਤਿਕ ਜਲਿੈਂਦਿਆਂ ਅਹੁਦਾ ਤਿਆਗ ਦਿੱਤਾ। ਹਾਲਾਂਕਿ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਉਹ ਮੁੱਖ ਮੰਤਰੀ ਵਜੋਂ ਪਰਤ ਆਏ। ਉਸ ਵੇਲੇ ਉਨ੍ਹਾਂ ਪਾਰਟੀ ‘ਚ ਆਪਣੇ ਸਾਥੀ ਤੇ ਤਤਕਾਲੀ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੂੰ ਅਹੁਦੇ ਤੋਂ ਪਾਸੇ ਕਰ ਮੁੜ ਮੁੱਖ ਮੰਤਰੀ ਵਜੋਂ ਹਲਫ ਲਿਆ। ਨਿਤੀਸ਼ ਨੂੰ ਉਦੋਂ ਆਰਜੇਡੀ ਤੇ ਕਾਂਗਰਸ ਤੋਂ ਪੂਰਾ ਸਮਰਥਨ ਮਿਲਿਆ। ਮਹਾਗੱਠਜੋੜ 2015 ਵਿਚ ਉਸ ਵੇਲੇ ਬਣਿਆ ਜਦ ਜੇਡੀ(ਯੂ), ਕਾਂਗਰਸ ਤੇ ਆਰਜੇਡੀ ਇਕੱਠੇ ਹੋਏ। ਉਨ੍ਹਾਂ 2015 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ। ਹਾਲਾਂਕਿ ਇਹ ਗੱਠਜੋੜ ਦੋ ਸਾਲ ਹੀ ਟਿਕ ਸਕਿਆ ਤੇ ਨਿਤੀਸ਼ 2017 ਵਿਚ ਮੁੜ ਐੱਨਡੀਏ ਦਾ ਹਿੱਸਾ ਬਣ ਗਏ।
ਐੱਨਡੀਏ ਛੱਡ ਹੁਣ ਕਿਤੇ ਹੋਰ ਜਾਣ ਦਾ ਸਵਾਲ ਹੀ ਨਹੀਂ: ਨਿਤੀਸ਼
ਪਟਨਾ: ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਜੇਡੀ(ਯੂ) ਪ੍ਰਧਾਨ ਨਿਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਐੱਨਡੀਏ ਨੂੰ ਛੱਡ ਕੇ ਕਿਤੇ ਹੋਰ ਜਾਣ ਦਾ ਹੁਣ ਸਵਾਲ ਹੀ ਨਹੀਂ ਹੈ। ਨਿਤੀਸ਼ ਨੇ ਕਿਹਾ, ‘ਮੈਂ ਪਹਿਲਾਂ ਵੀ ਉਨ੍ਹਾਂ (ਐੱਨਡੀਏ) ਦੇ ਨਾਲ ਸੀ। ਅਸੀਂ ਵੱਖ-ਵੱਖ ਰਾਹਾਂ ‘ਤੇ ਚਲੇ ਗਏ, ਪਰ ਹੁਣ ਅਸੀਂ ਇਕੱਠੇ ਹਾਂ ਤੇ ਰਹਾਂਗੇ। ਮੈਂ ਹੁਣ ਉੱਥੇ ਹੀ ਆ ਗਿਆ ਹਾਂ ਜਿੱਥੇ ਸੀ, ਤੇ ਹੁਣ ਹੋਰ ਕਿਤੇ ਜਾਣ ਦਾ ਸਵਾਲ ਹੀ ਨਹੀਂ ਹੈ।’ ਨਿਤੀਸ਼ ਨੇ ਕਿਹਾ ਕਿ ਉਹ ਬਿਹਾਰ ਦੇ ਵਿਕਾਸ ਲਈ ਵਚਨਬੱਧ ਹਨ।
ਨਿਤੀਸ਼ ਨੇ ਰੰਗ ਬਦਲਣ ਵਿੱਚ ‘ਗਿਰਗਿਟ’ ਨੂੰ ਵੀ ਪਿੱਛੇ ਛੱਡਿਆ: ਕਾਂਗਰਸ
ਨਵੀਂ ਦਿੱਲੀ: ਬਿਹਾਰ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਅਸਤੀਫ਼ੇ ਮਗਰੋਂ ਕਾਂਗਰਸ ਨੇ ਕੁਮਾਰ ਦੀ ਤੁਲਨਾ ‘ਗਿਰਗਿਟ’ ਨਾਲ ਕੀਤੀ ਹੈ। ਪਾਰਟੀ ਨੇ ਕਿਹਾ ਕਿ ਨਿਤੀਸ਼ ਕੁਮਾਰ ਨੇ ਰੰਗ ਬਦਲਣ ਵਿੱਚ ‘ਗਿਰਗਿਟ’ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਤੇ ਉਹ ‘ਵਿਸ਼ਵਾਸਘਾਤ ਕਰਨ ਵਿੱਚ ਮਾਹਿਰ’ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ”ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਅਸਤੀਫ਼ੇ ਤੋਂ ਸਾਨੂੰ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਉਹ ਸਮੇਂ ਸਮੇਂ ‘ਤੇ ਰੰਗ ਬਦਲਦੇ ਹਨ। ਰੰਗ ਬਦਲਣ ਵਿਚ ਤਾਂ ਉਨ੍ਹਾਂ ਗਿਰਗਿਟ ਨੂੰ ਵੀ ਮਾਤ ਦੇ ਦਿੱਤੀ ਹੈ। ਬਿਹਾਰ ਦੇ ਲੋਕ ਕੁਮਾਰ ਨੂੰ ਅਤੇ ਇਸ ਕਾਰੇ ਪਿਛਲੇ ਦਿੱਲੀ ਬੈਠੇ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣਗੇ।
ਨਿਤੀਸ਼ ਨੇ ‘ਇੰਡੀਆ’ ਨੂੰ ਛੱਡ ਕੇ ਚੰਗਾ ਨਹੀਂ ਕੀਤਾ: ਕੇਜਰੀਵਾਲ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਿਤੀਸ਼ ਕੁਮਾਰ ਵੱਲੋਂ ਇੰਡੀਆ ਗੱਠਜੋੜ ਨਾਲੋਂ ਸਬੰਧ ਤੋੜਨ ਲਈ ਆਲੋਚਨਾ ਕੀਤੀ। ਜਨਤਾ ਦਲ (ਯੂ) ਦੇ ਪ੍ਰਧਾਨ ਨੂੰ ਨਿਸ਼ਾਨੇ ‘ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਨਿਤੀਸ਼ ਨੇ ਗਲਤ ਕੀਤਾ ਹੈ। ਫਿਰ ਵੀ, ਇਸ ਨਾਲ ਐੱਨਡੀਏ ਨੂੰ ਵੱਡਾ ਨੁਕਸਾਨ ਹੋਵੇਗਾ। ਕੇਜਰੀਵਾਲ ਨੇ ਇਹ ਟਿੱਪਣੀ ਬਿਹਾਰ ਵਿੱਚ ਭਾਜਪਾ ਨਾਲ ਮਿਲ ਕੇ ਨਿਤੀਸ਼ ਵੱਲੋਂ ਨਵੀਂ ਸਰਕਾਰ ਬਣਾਉਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕੀਤੀ। ਉਨ੍ਹਾਂ ਕਿਹਾ, ‘ਮੈਂ ਮਹਿਸੂਸ ਕਰਦਾ ਹਾਂ ਕਿ ਇਹ ਗਲਤ ਹੈ ਅਤੇ ਉਨ੍ਹਾਂ ਨੂੰ (ਇੰਡੀਆ ਗੱਠਜੋੜ) ਨਹੀਂ ਛੱਡਣਾ ਚਾਹੀਦਾ ਸੀ। ਅਜਿਹਾ ਰਵੱਈਆ ਲੋਕਤੰਤਰ ਲਈ ਚੰਗਾ ਨਹੀਂ ਹੈ।’
ਜੇਡੀਯੂ ਨਾਲ ਸਾਂਝ ਦੀ ਭਾਜਪਾ ਨੂੰ ‘ਵੱਡੀ ਕੀਮਤ’ ਤਾਰਨੀ ਹੋਵੇਗੀ: ਕਿਸ਼ੋਰ
ਪਟਨਾ: ਚੋਣ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਦਾਅਵਾ ਕੀਤਾ ਕਿ ਜੇਡੀਯੂ ਤੇ ਭਾਜਪਾ ਵਿਚਲਾ ਇਹ ਨਵਾਂ ਗੱਠਜੋੜ ਬਹੁਤੀ ਦੇਰ ਨਹੀਂ ਚੱਲੇਗਾ ਤੇ 2025 ਦੀਆਂ ਬਿਹਾਰ ਅਸੈਂਬਲੀ ਚੋਣਾਂ ਤੋਂ ਪਹਿਲਾਂ ਇਨ੍ਹਾਂ ਦਾ ਤੋੜ-ਵਿਛੋੜਾ ਹੋ ਜਾਵੇਗਾ। ਆਪਣੀ ‘ਜਨ ਸੂਰਜ’ ਮੁਹਿੰਮ ਤਹਿਤ ਬੇਗੂਸਰਾਏ ਜਿਿਵੱਚ ਪੁੱਜੇ ਕਿਸ਼ੋਰ ਨੇ ਦਾਅਵਾ ਕੀਤਾ ਕਿ ਭਾਜਪਾ ਨੂੰ ਕੁਮਾਰ ਨਾਲ ਸਾਂਝ ਪਾਉਣ ਦੀ ‘ਵੱਡੀ ਕੀਮਤ’ ਤਾਰਨੀ ਪੈ ਸਕਦੀ ਹੈ। ਉਨ੍ਹਾਂ ਕਿਹਾ, ”ਇਸ ਘਟਨਾਕ੍ਰਮ ਤੋਂ ਸਾਬਤ ਹੋ ਗਿਆ ਹੈ ਕਿ ਜੇਕਰ ਨਿਤੀਸ਼ ‘ਪਲਟੂਰਾਮ’ ਹੈ ਤਾਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵੀ ਵੱਖਰੇ ਨਹੀਂ ਹਨ। ਭਾਜਪਾ ਨੇ ਸ਼ਾਇਦ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੋਈ ਹਿਸਾਬ ਕਿਤਾਬ ਕੀਤਾ ਹੈ ਪਰ ਅਗਲੇ ਸਾਲ ਹੋਣ ਵਾਲੀਆਂ ਅਸੈਂਬਲੀ ਚੋਣਾਂ ਵਿੱਚ ਇਸ ਨੂੰ ਵੱਡੀ ਕੀਮਤ ਤਾਰਨੀ ਪਏਗੀ।”
Check Also
ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਹੋਇਆ ਦੇਹਾਂਤ
ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪ੍ਰਗਟਾਇਆ ਦੁੱਖ ਨਵੀਂ ਦਿੱਲੀ/ਬਿਊਰੋ ਨਿਊਜ਼ : ਕਮਿਊਨਿਸਟ ਪਾਰਟੀ ਆਫ਼ …