ਕਿਹਾ : ਜੇ ਰੱਬ ਨੇ ਚਾਹਿਆ ਤਾਂ ਕੇਂਦਰ ’ਚ ਹੋਵੇਗੀ ਸਾਡੀ ਸਰਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ’ਚ ਬੋਲਦਿਆਂ ਕਿਹਾ ਕਿ ਸਮਾਂ ਬਹੁਤ ਸ਼ਕਤੀਸ਼ਾਲੀ ਹੈ ਅਤੇ ਸੰਸਾਰ ਵਿਚ ਕੁੱਝ ਵੀ ਸਥਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਹ ਸੋਚਦਾ ਹੈ ਕਿ ਉਹ ਹਮੇਸ਼ਾ ਸੱਤਾ ਵਿਚ ਰਹੇਗਾ ਤਾਂ ਅਜਿਹਾ ਸੋਚਣਾ ਬਿਲਕੁਲ ਗਲਤ ਹੈ। ਕੇਜਰੀਵਾਲ ਨੇ ਅੱਗੇ ਕਿਹਾ ਕਿ ਅੱਜ ਅਸੀਂ ਦਿੱਲੀ ਦੀ ਸੱਤਾ ’ਤੇ ਕਾਬਜ਼ ਹਾਂ ਅਤੇ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ, ਪ੍ਰੰਤੂ ਜੇਕਰ ਰੱਬ ਨੇ ਚਾਹਿਆ ਤਾਂ ਕੇਂਦਰ ’ਚ ਸਾਡੀ ਵੀ ਸਰਕਾਰ ਹੋਵੇਗੀ ਪ੍ਰੰਤੂ ਸਾਡਾ ਐਲ ਜੀ ਦਿੱਲੀ ਸਰਕਾਰ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਨਹੀਂ ਕਰੇਗਾ, ਜਿਸ ਤਰ੍ਹਾਂ ਸਾਡੀ ਸਰਕਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਮੈਨੂੰ ਦਿੱਲੀ ਦੇ 2 ਕਰੋੜ ਲੋਕਾਂ ਦੇ ਨਾਲ-ਨਾਲ ਦਿੱਲੀ ਦੇ ਹਰ ਬੱਚੇ ਦੀ ਸਿੱਖਿਆ ਦੀ ਵੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਇਆ ਹੈ, ਉਸੇ ਤਰ੍ਹਾਂ ਮੈਂ ਦਿੱਲੀ ਦੇ ਹਰ ਬੱਚੇ ਪੜ੍ਹਾਉਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਮੇਰੇ ਸਿੱਖਿਆ ਮੰਤਰੀ ਨੇ 30 ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ ਦਾ ਪ੍ਰੋਗਰਾਮ ਬਣਾਇਆ ਸੀ, ਜਿਸ ਲਈ ਮੈਂ ਆਗਿਆ ਵੀ ਦੇ ਦਿੱਤੀ ਸੀ ਪ੍ਰੰਤੂ ਐਲਜੀ ਨੇ ਫਾਈਲ ’ਤੇ ਰੋਕ ਲਗਾ ਦਿੱਤੀ। ਐਲਜੀ ਖਿਲਾਫ ਨਿੰਦਾ ਮਤੇ ’ਤੇ ਚਰਚਾ ’ਚ ਬੋਲਦਿਆਂ ਕੇਜਰੀਵਾਲ ਕਿਹਾ ਕਿ ਐਲ ਜੀ ਸਾਹਿਬ ਕਹਿ ਰਹੇ ਹਨ ਕਿ ਦੇਸ਼ ’ਚ ਹੀ ਅਧਿਆਪਕਾਂ ਨੂੰ ਟੇ੍ਰਨਿੰਗ ਦਿੱਤੀ ਜਾਵੇ।