Breaking News
Home / ਭਾਰਤ / ਅਮਰੀਕਾ ’ਚ ਭਾਰਤੀਆਂ ਦੀ ਹੋ ਰਹੀ ਹੈ ਪ੍ਰਸੰਸਾ

ਅਮਰੀਕਾ ’ਚ ਭਾਰਤੀਆਂ ਦੀ ਹੋ ਰਹੀ ਹੈ ਪ੍ਰਸੰਸਾ

ਅਮਰੀਕਾ ਵਿਚ ਭਾਰਤੀ ਵਿਅਕਤੀ ਟੈਕਸਾਂ ਵਿਚ ਪਾਉਂਦੇ ਹਨ 6 ਫੀਸਦੀ ਹਿੱਸਾ : ਰਿਕ ਮੈਕਰਮਿਕ
ਨਵੀਂ ਦਿੱਲੀ : ਜਾਰਜੀਆ ਤੋਂ ਅਮਰੀਕੀ ਪ੍ਰਤੀਨਿੱਧ ਸਦਨ ਦੇ ਮੈਂਬਰ ਰਿਕ ਮੈਕਰਮਿਕ ਨੇ ਭਾਰਤੀਆਂ ਦੀ ਜ਼ੋਰਦਾਰ ਸ਼ਬਦਾਂ ਵਿਚ ਪ੍ਰਸੰਸਾ ਕੀਤੀ ਹੈ। ਰਿਕ ਮੈਕਰਮਿਕ ਨੇ ਭਾਰਤੀਆਂ ਨੂੰ ਗਰੀਨ ਕਾਰਡ ਮਿਲਣ ਵਿਚ ਹੋ ਰਹੀ ਦੇਰੀ ਦਾ ਮੁੁੱਦਾ ਉਠਾਉਂਦਿਆਂ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਸੁਧਾਰ ਕਰਨ ਦੀ ਲੋੜ ਉਪਰ ਜ਼ੋਰ ਦਿੱਤਾ ਹੈ। ਇਸ ਸਮੇਂ 3,69,000 ਭਾਰਤੀ ਗਰੀਨ ਕਾਰਡਾਂ ਦੀ ਉਡੀਕ ਵਿਚ ਹਨ। ਰਿਕ ਮੈਕਰਮਿਕ ਨੇ ਕਿਹਾ ਕਿ ਭਾਰਤੀ ਅਮਰੀਕਾ ਦੀ ਕੁੱਲ ਆਬਾਦੀ ਦਾ ਕੇਵਲ 1.4 ਫੀਸਦੀ ਹਿੱਸਾ ਹਨ ਪਰੰਤੂ ਟੈਕਸਾਂ ਵਿਚ ਉਨ੍ਹਾਂ ਦਾ ਯੋਗਦਾਨ 6 ਫੀਸਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਬਹੁਤ ਹੀ ਵਧੀਆ ਸ਼ਹਿਰੀ ਹਨ। ਮੈਕਰਮਿਕ ਨੇ ਕਿਹਾ ਕਿ ਉਨ੍ਹਾਂ ਦੇ ਜਾਰਜੀਆ ਰਾਜ ਦੇ ਐਟਲਾਂਟਾ ਖ਼ੇਤਰ ਵਿਚ 1,37,000 ਏਸ਼ੀਅਨ ਭਾਰਤੀ ਰਹਿੰਦੇ ਹਨ। ਉਹ ਕਾਨੂੰਨਾਂ ਦਾ ਸਨਮਾਨ ਕਰਦੇ ਹਨ ਤੇ ਉਨ੍ਹਾਂ ਨੇ ਕਦੇ ਵੀ ਕੋਈ ਸਮੱਸਿਆ ਪੈਦਾ ਨਹੀਂ ਕੀਤੀ। ਮੈਕਰਮਿਕ ਜੋ ਪੇਸ਼ੇ ਵਜੋਂ ਡਾਕਟਰ ਹਨ, ਨੇ ਕਿਹਾ ਕਿ ਭਾਰਤੀ ਭਾਈਚਾਰੇ ਦੇ ਯੋਗ ਵਿਅਕਤੀਆਂ ਨੂੰ ਸਥਾਈ ਨਿਵਾਸ ਦਾ ਰੁਤਬਾ ਨਾ ਮਿਲਣਾ ਅਫਸੋਸਨਾਕ ਹੈ। ਧਿਆਨ ਰਹੇ ਕਿ ਕਾਂਗਰਸ ਦੇ ਪਿਛਲੇ ਇਜਲਾਸ ਵਿਚ ਭਾਰਤੀਆਂ ਨੂੰ ਵਧੇਰੇ ਗਰੀਨ ਕਾਰਡ ਦੇਣ ਲਈ ਇਕ ਬਿੱਲ ਲਿਆਂਦਾ ਗਿਆ ਸੀ, ਜੋ ਪਾਸ ਨਹੀਂ ਸੀ ਹੋ ਸਕਿਆ। ਬਿੱਲ ਜਿਸਦੀ ਦੋਵਾਂ ਪਾਰਟੀਆਂ ਦੇ ਮੈਂਬਰ ਸਮਰਥਨ ਕਰਦੇ ਹਨ, ਵਿਚ ਕੁੱਝ ਛੋਟਾਂ ਸਮੇਤ ਹਰ ਇਕ ਦੇਸ਼ ਦੇ ਲੋਕਾਂ ਨੂੰ 20,000 ਗਰੀਨ ਕਾਰਡ ਪ੍ਰਤੀ ਸਾਲ ਦੇਣ ਦੀ ਹੱਦ ਖ਼ਤਮ ਕਰਨ ਦੀ ਵਿਵਸਥਾ ਹੈ। ਕਾਂਗਰਸ ਦੇ ਮੌਜੂਦਾ ਇਜਲਾਸ ਵਿਚ ਵੀ ਇਹ ਮੁੱਦਾ ਉੱਠਣ ਦੀ ਪੂਰੀ ਸੰਭਾਵਨਾ ਹੈ। ਉਧਰ ਦੂਜੇ ਪਾਸੇ ਅਮਰੀਕਾ ਦੀ ਵੀਜ਼ਾ ਸੇਵਾਵਾਂ ਲਈ ਉਪ ਸਹਾਇਕ ਮੰਤਰੀ ਜੂਲੀ ਸਟਫਟ ਨੇ ਕਿਹਾ ਕਿ ਅਮਰੀਕਾ ਭਾਰਤ ਵਿੱਚ ਵੀਜ਼ਾ ਇੰਟਰਵਿਊ ਲਈ ਸਮਾਂ ਤੈਅ ਕਰਨ ਲਈ ਲੱਗਣ ਵਾਲੇ ਸਮੇਂ ਨੂੰ ਘਟਾਉਣ ਲਈ ਹਰ ਕੋਸ਼ਿਸ਼ ਕਰ ਰਿਹਾ ਹੈ। ਸਟਫਟ ਨੇ ਕਿਹਾ ਕਿ ਇਨ੍ਹਾਂ ਯਤਨਾਂ ਵਿੱਚ ਭਾਰਤ ਵਿੱਚ ਕੌਂਸਲਰ ਅਫਸਰਾਂ ਨੂੰ ਭੇਜਣਾ ਅਤੇ ਭਾਰਤੀ ਵੀਜ਼ਾ ਬਿਨੈਕਾਰਾਂ ਲਈ ਜਰਮਨੀ ਅਤੇ ਥਾਈਲੈਂਡ ਵਿੱਚ ਆਪਣੇ ਹੋਰ ਵਿਦੇਸ਼ੀ ਦੂਤਾਵਾਸ ਖੋਲ੍ਹਣਾ ਸ਼ਾਮਲ ਹੈ।

 

Check Also

ਭਾਰਤ ’ਚ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ ਵੋਟਾਂ ਭਲਕੇ

13 ਸੂਬਿਆਂ ਦੀਆਂ 88 ਸੀਟਾਂ ’ਤੇ ਹੋਵੇਗੀ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ …