ਰਾਹੁਲ ਨੇ ਕਿਹਾ : ਅਸੀਂ ਨਫਰਤ ਦੇ ਖਿਲਾਫ ਕਰ ਰਹੇ ਹਾਂ ਇਹ ਯਾਤਰਾ
ਸ਼ਿਮਲਾ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਆਪਣੇ ਆਖਰੀ ਪੜ੍ਹਾਅ ਵੱਲ ਵਧ ਰਹੀ ਹੈ। ਜੰਮੂ ਕਸ਼ਮੀਰ ਵਿਚ ਜਾਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਅੱਜ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਵਿਚ ਐਂਟਰ ਕੀਤਾ। ਰਾਹੁਲ ਗਾਂਧੀ ਦੀ ਅਗਵਾਈ ਵਿਚ ਚੱਲ ਰਹੀ ਇਸ ਯਾਤਰਾ ਦਾ ਅੱਜ 128ਵਾਂ ਦਿਨ ਹੈ। ਹਿਮਾਚਲ ਪ੍ਰਦੇਸ਼ ਵਿਚ ਇਹ ਯਾਤਰਾ ਸਵੇਰੇ 7 ਵਜੇ ਘਾਟੋਟਾ ਤੋਂ ਸ਼ੁਰੂ ਹੋਈ। ਇਸ ਯਾਤਰਾ ਦਾ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਡਿਪਟੀ ਸੀਐਮ ਮੁਕੇਸ਼ ਅਗਨੀਹੋਤਰੀ, ਸੂਬਾ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਤੋਂ ਇਲਾਵਾ ਕਾਂਗਰਸ ਦੇ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਨੇ ਸਵਾਗਤ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਇਹ ਯਾਤਰਾ ਨਫਰਤ ਦੇ ਖਿਲਾਫ ਕੱਢ ਰਹੇ ਹਾਂ। ਉਨ੍ਹਾਂ ਨੇ ਭਾਜਪਾ ਅਤੇ ਆਰ.ਐਸ.ਐਸ. ਨੂੰ ਵੀ ਸਿਆਸੀ ਨਿਸ਼ਾਨੇ ’ਤੇ ਲਿਆ। ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਨੋਟਬੰਦੀ, ਜੀਐਸਟੀ ਅਤੇ ਖੇਤੀ ਵਿਰੋਧੀ ਕਾਨੂੰਨਾਂ ਦਾ ਮਕਸਦ ਸਿਰਫ ਤਿੰਨ-ਚਾਰ ਅਰਬਪਤੀਆਂ ਨੂੰ ਲਾਭ ਪਹੁੰਚਾਉਣਾ ਸੀ। ਦੱਸਣਯੋਗ ਹੈ ਕਿ ‘ਭਾਰਤ ਜੋੜੋ ਯਾਤਰਾ’ ਇਸ ਤੋਂ ਬਾਅਦ ਜੰਮੂ ਕਸ਼ਮੀਰ ਜਾਵੇਗੀ, ਜਿੱਥੇ 30 ਜਨਵਰੀ ਨੂੰ ਇਸ ਯਾਤਰਾ ਦਾ ਸਮਾਪਤੀ ਸਮਾਰੋਹ ਹੋਵੇਗਾ। ਉਧਰ ਦੂਜੇ ਪਾਸੇ ਜੰਮੂੁ ਕਸ਼ਮੀਰ ਵਿਚ ਕਾਂਗਰਸ ਦੀ ਬੁਲਾਰਾ ਦੀਪਿਕਾ ਪੁਸ਼ਕਰ ਨਾਥ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਦੀਪਿਕਾ ਪੁਸ਼ਕਰ ਨਾਥ ਨੇ ਕਾਂਗਰਸ ਹਾਈਕਮਾਨ ਵਲੋਂ ਭਾਜਪਾ ਦੇ ਸਾਬਕਾ ਆਗੂ ਅਤੇ ਮੰਤਰੀ ਚੌਧਰੀ ਲਾਲ ਸਿੰਘ ਨੂੰ 20 ਜਨਵਰੀ ਨੂੰ ਜੰਮੂ ਕਸ਼ਮੀਰ ਵਿਚ ਦਾਖਲ ਹੋਣ ਵਾਲੀ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਵਿਚ ਸ਼ਾਮਲ ਹੋਣ ਦੀ ਇਜ਼ਾਜਤ ਦੇਣ ਦੇ ਰੋਸ ਵਜੋਂ ਪਾਰਟੀ ਤੋਂ ਅਸਤੀਫਾ ਦਿੱਤਾ ਹੈ।