![](https://parvasinewspaper.com/wp-content/uploads/2023/08/Sanjay-Raut.jpg)
ਮੁੰਬਈ/ਬਿਊਰੋ ਨਿਊਜ਼
ਸ਼ਿਵ ਸੈਨਾ (ਉਦਵ ਗਰੁੱਪ) ਦੇ ਆਗੂ ਸੰਜੇ ਰਾਊਤ ਨੇ ਦਾਅਵਾ ਕੀਤਾ ਹੈ ਕਿ ਜੇਕਰ ਕਾਂਗਰਸੀ ਆਗੂ ਪਿ੍ਰਅੰਕਾ ਗਾਂਧੀ ਅਗਾਮੀ ਲੋਕ ਸਭਾ ਚੋਣਾਂ ਵਿਚ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਚੋਣ ਲੜੇਗੀ ਤਾਂ ਪੱਕਾ ਜਿੱਤ ਹਾਸਲ ਕਰੇਗੀ। ਉਨ੍ਹਾਂ ਨੇ ਕਿਹਾ ਕਿ ਵਾਰਾਣਸੀ ਦੇ ਲੋਕ ਪਿ੍ਰਅੰਕਾ ਗਾਂਧੀ ਨੂੰ ਜਿਤਾਉਣਾ ਚਾਹੁੰਦੇ ਹਨ। ਸੰਜੇ ਰਾਊਤ ਨੇ ਇਹ ਵੀ ਦਾਅਵਾ ਕੀਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਲਈ ਵਾਰਾਣਸੀ ਤੋਂ ਇਲਾਵਾ ਰਾਏਬਰੇਲੀ ਅਤੇ ਅਮੇਠੀ ਸੀਟ ਜਿੱਤਣਾ ਵੀ ਕਾਫੀ ਮੁਸ਼ਕਲ ਹੈ। ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਦੋ ਵਾਰ ਜਿੱਤਦੇ ਆ ਰਹੇ ਹਨ ਅਤੇ ਇਸ ਵਾਰੀ ਵੀ ਉਨ੍ਹਾਂ ਨੇ ਵਾਰਾਣਸੀ ਤੋਂ ਹੀ ਚੋਣ ਲੜਨੀ ਹੈ। ਰਾਏਬਰੇਲੀ ਅਤੇ ਅਮੇਠੀ ਕਾਂਗਰਸ ਦੀ ਪਰੰਪਰਾਗਤ ਸੀਟ ਮੰਨੀ ਜਾਂਦੀ ਹੈ। ਸਾਲ 1999 ਵਿਚ ਸੋਨੀਆ ਗਾਂਧੀ ਇਥੋਂ ਸੰਸਦ ਮੈਂਬਰ ਬਣੀ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਜਿੱਤ ਦਾ ਸਿਲਸਿਲਾ ਜਾਰੀ ਹੈ। ਉਧਰ ਦੂਜੇ ਪਾਸੇ ਰਾਹੁਲ ਗਾਂਧੀ ਅਮੇਠੀ ਸੀਟ ’ਤੇ ਜਿੱਤਦੇ ਰਹੇ, ਪਰ 2019 ਦੀਆਂ ਲੋਕ ਸਭਾ ਚੋਣਾਂ ਵਿਚ ਸਿਮਰਤੀ ਇਰਾਨੀ ਨੇ ਅਮੇਠੀ ਲੋਕ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ। ਧਿਆਨ ਰਹੇ ਕਿ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਾਰ-ਜਿੱਤ ਨੂੰ ਲੈ ਕੇ ਕਿਆਸ ਅਰਾਈਆਂ ਵੀ ਲਗਾਈਆਂ ਜਾ ਰਹੀਆਂ ਹਨ।