ਸੋਲਨ ’ਚ ਇਕ ਹੀ ਪਰਿਵਾਰ ਦੇ 7 ਮੈਂਬਰਾਂ ਦੀ ਗਈ ਜਾਨ
ਸ਼ਿਮਲਾ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਵਿਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸਦੇ ਚੱਲਦਿਆਂ ਲੰਘੇ 24 ਘੰਟਿਆਂ ਦੌਰਾਨ ਹਿਮਾਚਲ ’ਚ ਲੈਂਡ ਸਲਾਈਡ, ਬੱਦਲ ਫੱਟਣ ਅਤੇ ਤੇਜ਼ ਮੀਂਹ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ਵਿਚ 30 ਤੋਂ ਵੱਧ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਸੋਲਨ ਵਿਚ ਤਾਂ ਬੱਦਲ ਫਟਣ ਕਰਕੇ 9 ਵਿਅਕਤੀਆਂ ਦੀ ਜਾਨ ਚਲੇ ਗਈ ਹੈ, ਜਿਨ੍ਹਾਂ ਵਿਚ ਇਕ ਪਰਿਵਾਰ ਦੇ 7 ਜੀਅ ਵੀ ਸ਼ਾਮਲ ਹਨ। ਇਸੇ ਦੌਰਾਨ ਸ਼ਿਮਲਾ ਦੇ ਸਮਰਹਿੱਲ ਇਲਾਕੇ ਵਿਚ ਸਥਿਤ ਸ਼ਿਵ ਬਾਵੜੀ ਮੰਦਿਰ ’ਤੇ ਵੀ ਪਹਾੜੀ ਡਿੱਗ ਗਈ, ਜਿਸ ਕਾਰਨ 20 ਤੋਂ ਜ਼ਿਆਦਾ ਵਿਅਕਤੀ ਮਲਬੇ ਹੇਠ ਦੱਬ ਗਏ ਸਨ, ਜਿਨ੍ਹਾਂ ਵਿਚੋਂ 6 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੀ ਘਟਨਾ ਸਥਾਨ ’ਤੇ ਪਹੁੰਚੇ ਅਤੇ ਚੱਲ ਰਹੇ ਬਚਾਅ ਕਾਰਜਾਂ ਸਬੰਧੀ ਜਾਇਜ਼ਾ ਲਿਆ। ਇਨ੍ਹਾਂ ਘਟਨਾਵਾਂ ਦੇ ਚੱਲਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਕਿਹਾ ਕਿ ਅਜ਼ਾਦੀ ਦਿਵਸ ਮੌਕੇ ਸੂਬੇ ਵਿਚ ਸਭਿਆਚਾਰਕ ਸਮਾਗਮ ਨਹੀਂ ਹੋਣਗੇ। ਉਧਰ ਦੂਜੇ ਪਾਸੇ ਮੌਸਮ ਵਿਭਾਗ ਨੇ ਸੂਬੇ ਵਿਚ 16 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਨੂੰ ਦੇਖਦਿਆਂ ਅਲਰਟ ਵੀ ਜਾਰੀ ਕੀਤਾ ਹੈ।