ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਕੀਤੀ ਧਰਨੇ ’ਚ ਸ਼ਮੂਲੀਅਤ
ਟਿਕਰੀ ਬਾਰਡਰ/ਬਿਊਰੋ ਨਿਊਜ਼
ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਟਿਕਰੀ ਬਾਰਡਰ ’ਤੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਅੱਜ ਕਿਸਾਨਾਂ ਵੱਲੋਂ ਨੌਜਵਾਨ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਧਰਨੇ ’ਚ ਸ਼ਮੂਲੀਅਤ ਕੀਤੀ। ਨੌਜਵਾਨ ਦਿਵਸ ਮੌਕੇ ਕਿਸਾਨੀ ਅੰਦੋਲਨ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬੀ ਦੇ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ਨੇ ਕਿਹਾ ਕਿ ਉਹ ਇਸ ਅੰਦੋਲਨ ਨੂੰ ਸ਼ਾਂਤੀਮਈ ਢੰਗ ਨਾਲ ਜਾਰੀ ਰੱਖਣ ਅਤੇ ਇਕ ਦਿਨ ਉਨ੍ਹਾਂ ਦੀ ਜਿੱਤ ਜ਼ਰੂਰ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਅੰਦੋਲਨਾਂ ਨੂੰ ਜਿੱਤਣ ਲਈ ਕਈ ਵਾਰ ਲੰਬੀਆਂ ਲੜਾਈਆਂ ਲੜਨੀਆਂ ਪੈਂਦੀਆਂ ਹਨ ਅਤੇ ਇਨ੍ਹਾਂ ਲੜਾਈਆਂ ਨੂੰ ਸ਼ਾਂਤਮਈ ਅਤੇ ਸੰਜਮ ਵਰਤ ਕੇ ਹੀ ਜਿੱਤਿਆ ਜਾ ਸਕਦਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਵੱਖ-ਵੱਖ ਸਮਿਆਂ ’ਤੇ ਇਥੇ ਪੰਜਾਬੀ ਗਾਇਕ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਲਈ ਪਹੁੰਚਦੇ ਰਹਿੰਦੇ ਹਨ।