-11.3 C
Toronto
Wednesday, January 21, 2026
spot_img
Homeਭਾਰਤਦਿੱਲੀ ਵਿਧਾਨ ਸਭਾ 'ਚ ਰਾਜੀਵ ਗਾਂਧੀ ਤੋਂ 'ਭਾਰਤ ਰਤਨ' ਵਾਪਸ ਲੈਣ ਦੀ...

ਦਿੱਲੀ ਵਿਧਾਨ ਸਭਾ ‘ਚ ਰਾਜੀਵ ਗਾਂਧੀ ਤੋਂ ‘ਭਾਰਤ ਰਤਨ’ ਵਾਪਸ ਲੈਣ ਦੀ ਉਠੀ ਮੰਗ

ਆਮ ਆਦਮੀ ਪਾਰਟੀ ਨੇ ਮਤੇ ਤੋਂ ਤੁਰੰਤ ਬਣਾਈ ਦੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਧਾਨ ਸਭਾ ਵਿਚ ਪਿਛਲੇ ਦਿਨੀਂ ਇਕ ਮਤਾ ਪੇਸ਼ ਕੀਤਾ ਗਿਆ ਸੀ, ਜਿਸ ਵਿਚ ਮੰਗ ਕੀਤੀ ਗਈ ਸੀ ਕਿ 1984 ਸਿੱਖ ਵਿਰੋਧੀ ਕਤਲੇਆਮ (ਸਿੱਖ ਨਸਲਕੁਸ਼ੀ) ਕਾਰਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤਾ ਗਿਆ ਭਾਰਤ ਰਤਨ ਵਾਪਸ ਲਿਆ ਜਾਵੇ, ਪਰ ਕਾਂਗਰਸੀ ਨੇਤਾ ਦੇ ਸਬੰਧ ਵਿਚ ਪੇਸ਼ ਕੀਤੇ ਇਸ ਮਤੇ ਤੋਂ ਆਮ ਆਦਮੀ ਪਾਰਟੀ ਨੇ ਤੁਰੰਤ ਦੂਰੀ ਬਣਾ ਲਈ।
‘ਆਪ’ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਦਾਅਵਾ ਕੀਤਾ ਕਿ ਸਦਨ ਵਿਚ ਪੇਸ਼ ਕੀਤੇ ਗਏ ਮਤੇ ‘ਚ ਸਾਬਕਾ ਪ੍ਰਧਾਨ ਮੰਤਰੀ ਬਾਰੇ ਪੰਕਤੀਆਂ ਅਸਲ ਮਤੇ ਦਾ ਹਿੱਸਾ ਨਹੀਂ ਸਨ ਤੇ ਇਹ ਹੱਥ ਲਿਖਤ ਸੋਧ ਸੀ, ਜੋ ਕਿ ਇਕ ਮੈਂਬਰ ਵਲੋਂ ਪ੍ਰਸਤਾਵਿਤ ਕੀਤੀਆਂ ਗਈਆਂ ਸਨ, ਜਿਸ ਨੂੰ ਇਸ ਤਰੀਕੇ ਨਾਲ ਪਾਸ ਨਹੀਂ ਕੀਤਾ ਜਾ ਸਕਦਾ। ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਮਤਾ ਪੜ੍ਹਦਿਆਂ ਰਾਜੀਵ ਗਾਂਧੀ ਦੇ ਨਾਂ ਦਾ ਜ਼ਿਕਰ ਕੀਤਾ ਸੀ ਤੇ ਮੰਗ ਕੀਤੀ ਸੀ ਕਿ ਸਿੱਖ ਵਿਰੋਧੀ ਕਤਲੇਆਮ ਕਾਰਨ ਕਾਂਗਰਸੀ ਨੇਤਾ ਤੋਂ ਭਾਰਤ ਰਤਨ ਵਾਪਸ ਲਿਆ ਜਾਵੇ, ਪਰ ਭਾਰਦਵਾਜ ਦੇ ਬਿਆਨ ਤੋਂ ਬਾਅਦ ਜਰਨੈਲ ਸਿੰਘ ਨੇ ਕਿਹਾ ਕਿ ਇਹ ਸਿਰਫ ਤਕਨੀਕੀ ਖਰਾਬੀ ਸੀ।
ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਦਾ ਨਾਂ ਲਿਖਤੀ ਤੌਰ ‘ਤੇ ਮਤੇ ਸ਼ਾਮਿਲ ਨਹੀਂ ਸੀ, ਇਹ ਸਿਰਫ ਜ਼ੁਬਾਨੀ ਤੌਰ ‘ਤੇ ਸਦਨ ਵਿਚ ਅਵਾਜ਼ ਵੋਟਾਂ ਰਾਹੀਂ ਪਾਸ ਕੀਤਾ ਗਿਆ ਸੀ।
ਮਤੇ ਵਿਚ ਸਿੱਖ ਵਿਰੋਧੀ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦਿੰਦੇ ਹੋਏ ਇਸ ਨਾਲ ਸਬੰਧਿਤ ਮਾਮਲਿਆਂ ਵਿਚ ਤੇਜ਼ੀ ਲਿਆਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ।
ਵਿਧਾਇਕੀ ਤੋਂ ਅਸਤੀਫ਼ਾ ਦਿਆਂਗੀ : ਅਲਕਾ ਲਾਂਬਾ : ‘ਆਪ’ ਵਿਧਾਇਕ ਅਲਕਾ ਲਾਂਬਾ ਨੇ ਕਿਹਾ ਕਿ ਉਹ ਆਪਣਾ ਅਸਤੀਫ਼ਾ ਦੇਵੇਗੀ ਜੋ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਉਨ੍ਹਾਂ ਕੋਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਬਾਰੇ ਵਿਧਾਨ ਸਭਾ ਵਿਚ ਆਏ ਮਤੇ ਦਾ ਸਮਰਥਨ ਨਾ ਕਰਨ ‘ਤੇ ਮੰਗਿਆ ਗਿਆ ਸੀ। ਅਲਕਾ ਲਾਂਬਾ ਨੇ ਕਿਹਾ ਕਿ ਉਸ ਨੂੰ ਮਤੇ ਦਾ ਸਮਰਥਨ ਕਰਨ ਲਈ ਕਿਹਾ ਗਿਆ ਪਰ ਉਸ ਨੇ ਇਸ ਦਾ ਵਿਰੋਧ ਕੀਤਾ ਅਤੇ ਬਾਈਕਾਟ ਕਰ ਕੇ ਸਦਨ ਵਿਚੋਂ ਚਲੇ ਗਈ। ਉਸ ਨੂੰ ਪ੍ਰਸਤਾਵ ਪਾਸ ਹੋਣ ਬਾਰੇ ਬਾਅਦ ‘ਚ ਪਤਾ ਲੱਗਾ।
‘ਆਪ’ ਨੇ ਅਲਕਾ ਲਾਂਬਾ ਤੋਂ ਅਸਤੀਫ਼ਾ ਨਹੀਂ ਮੰਗਿਆ: ਮਨੀਸ਼ ਸਿਸੋਦੀਆ
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਤੋਂ ‘ਭਾਰਤ ਰਤਨ’ ਵਾਪਸ ਲੈਣ ਬਾਰੇ ਮਤੇ ਦੇ ਮੁੱਦੇ ‘ਤੇ ਕਸੂਤੀ ਫਸੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਇਕਾ ਅਲਕਾ ਲਾਂਬਾ ਤੋਂ ਅਸਤੀਫ਼ਾ ਨਹੀਂ ਮੰਗਿਆ। ਉਨ੍ਹਾਂ ਵਿਧਾਇਕਾ ਦੇ ਉਸ ਦਾਅਵੇ ਨੂੰ ਵੀ ਰੱਦ ਕੀਤਾ ਜਿਸ ਵਿਚ ਉਸ ਨੇ ਕਿਹਾ ਸੀ ਕਿ ਮੁੱਖ ਮੰਤਰੀ ਕੇਜਰੀਵਾਲ ਨੇ ਮਤੇ ਦਾ ਸਮਰਥਨ ਨਾ ਕਰਨ ‘ਤੇ ਉਸ ਕੋਲੋਂ ਅਸਤੀਫ਼ਾ ਮੰਗਿਆ ਸੀ। ਵਿਧਾਇਕਾ ਨੇ ਖ਼ੁਦ ਵੀ ਹੁਣ ਕਿਹਾ ਹੈ ਕਿ ਉਹ ਅਸਤੀਫ਼ਾ ਨਹੀਂ ਦੇਵੇਗੀ। ਸਿਸੋਦੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾ ਤਾਂ ਅਸਤੀਫ਼ਾ ਮੰਗਿਆ ਗਿਆ ਸੀ ਤੇ ਨਾ ਹੀ ਵਿਧਾਇਕਾ ਅਸਤੀਫ਼ਾ ਦੇਵੇਗੀ। ਸਿਸੋਦੀਆ ਨੇ ਸਪੱਸ਼ਟ ਕੀਤਾ ਕਿ ਪੇਸ਼ ਮਤੇ ਦਾ ਮਕਸਦ ਸਿੱਖ ਕਤਲੇਆਮ ਪੀੜਤਾਂ ਨੂੰ ਨਿਆਂ ਦਿਵਾਉਣ ਵਿਚ ਮਦਦ ਕਰਨਾ ਸੀ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦਾ ਜ਼ਿਕਰ ਕਰਦੇ ਹੋਏ ਮਤਾ ਪਾਸ ਨਹੀਂ ਕੀਤਾ ਗਿਆ ਸੀ।

RELATED ARTICLES
POPULAR POSTS