Breaking News
Home / ਭਾਰਤ / ਸੱਜਣ ਕੁਮਾਰ ਨੂੰ ਹੁਣ ਤਾਂ ਜੇਲ੍ਹ ਜਾਣਾ ਹੀ ਪਵੇਗਾ

ਸੱਜਣ ਕੁਮਾਰ ਨੂੰ ਹੁਣ ਤਾਂ ਜੇਲ੍ਹ ਜਾਣਾ ਹੀ ਪਵੇਗਾ

ਆਤਮ ਸਮਰਪਣ ਕਰਨ ਲਈ ਸਮਾਂ ਵਧਾਉਣ ਵਾਲੀ ਅਰਜ਼ੀ ਅਦਾਲਤ ਨੇ ਕੀਤੀ ਖਾਰਜ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਦੀ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਉਸ ਨੇ 30 ਜਨਵਰੀ ਤੱਕ ਆਤਮ-ਸਮਰਪਣ ਕਰਨ ਦੀ ਮੋਹਲਤ ਮੰਗੀ ਸੀ। ਇੱਥੇ ਜਸਟਿਸ ਐੱਸ. ਮੁਰਲੀਧਰ ਤੇ ਵਿਨੋਦ ਗੋਇਲ ਦੇ ਬੈਂਚ ਨੇ ਸੱਜਣ ਕੁਮਾਰ ਦੀ ਅਪੀਲ ਰੱਦ ਕਰਦੇ ਹੋਏ ਕਿਹਾ ਕਿ ਉਸ ਨੂੰ ਰਾਹਤ ਦੇਣ ਦਾ ਕੋਈ ਆਧਾਰ ਦਿਖਾਈ ਨਹੀਂ ਦਿੰਦਾ ਹੈ, ਇਸ ਵਾਸਤੇ ਇਹ ਅਰਜ਼ੀ ਰੱਦ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਸੇ ਬੈਂਚ ਵੱਲੋਂ ਸੱਜਣ ਕੁਮਾਰ ਨੂੰ ਲੰਘੀ 17 ਦਸੰਬਰ ਨੂੰ 1984 ਵਿੱਚ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਨੂੰ 31 ਦਸੰਬਰ ਤੱਕ ਆਤਮ-ਸਮਰਪਣ ਕਰਨ ਦੀ ਹਦਾਇਤ ਕੀਤੀ ਗਈ ਸੀ। ਪਿਛਲੇ ਦਿਨ 73 ਸਾਲਾਂ ਦੇ ਸੱਜਣ ਕੁਮਾਰ ਦੇ ਵਕੀਲਾਂ ਨੇ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਕਿਹਾ ਸੀ ਕਿ ਉਸ ਨੇ ਬੱਚਿਆਂ ਤੇ ਜਾਇਦਾਦ ਨਾਲ ਜੁੜੇ ਮਸਲੇ ਨਜਿੱਠਣੇ ਹਨ। ਇਸ ਤੋਂ ਇਲਾਵਾ ਸੁਪਰੀਮ ਕੋਰਟ ਵਿੱਚ ਇਸ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਸਤੇ ਵੀ ਕੁੱਝ ਹੋਰ ਸਮੇਂ ਦੀ ਮੋਹਲਤ ਮੰਗੀ ਗਈ ਸੀ। ਵਕੀਲਾਂ ਨੇ ਦਲੀਲ ਦਿੱਤੀ ਕਿ ਉਪਰੋਕਤ ਫ਼ੈਸਲਾ ਸੁਣ ਕੇ ਉਨ੍ਹਾਂ ਦਾ ਮੁਵੱਕਿਲ ਹੈਰਾਨ ਤੇ ਸਦਮੇ ਵਿੱਚ ਹੈ ਕਿਉਂਕ ਉਹ ਖ਼ੁਦ ਨੂੰ ਬੇਕਸੂਰ ਸਮਝਦਾ ਹੈ। ਸਿੱਖ ਕਤਲੇਆਮ ਦੌਰਾਨ ਦੱਖਣੀ ਦਿੱਲੀ ਦੀ ਪਾਲਮ ਕਲੋਨੀ ਵਿਚ ਪੈਂਦੇ ਰਾਜ ਨਗਰ-1 ‘ਚ ਪਹਿਲੀ ਤੇ ਦੋ ਨਵੰਬਰ 1984 ਨੂੰ ਪੰਜ ਸਿੱਖਾਂ ਦੇ ਕਤਲ ਅਤੇ ਪਾਰਟ-2 ਵਿੱਚ ਗੁਰਦੁਆਰੇ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸ਼ਜਾ ਹੋਈ ਹੈ। ਇਸ ਮਾਮਲੇ ਵਿਚ ਹੇਠਲੀ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ ਜਿਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਦਾ ਫ਼ੈਸਲਾ ਪਲਟਦਿਆਂ ਸੱਜਣ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਦੋਂਕਿ ਉਸ ਦੇ ਸਾਥੀਆਂ ਬਲਵਾਨ ਖੋਖਰ, ਸਾਬਕਾ ਕੈਪਟਨ ਭਾਗਮਲ ਤੇ ਗਿਰਧਾਰੀ ਲਾਲ ਨੂੰ ਪਹਿਲਾਂ ਮਿਲੀ ਹੋਈ ਉਮਰ ਕੈਦ ਦੀ ਸਜ਼ਾ ਕਾਇਮ ਰੱਖੀ। ਹਾਈ ਕੋਰਟ ਨੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਤੇ ਕਿਸ਼ਨ ਖੋਖਰ ਨੂੰ ਦਿੱਤੀ ਗਈ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਵਧਾ ਕੇ 10-10 ਸਾਲ ਕਰ ਦਿੱਤੀ ਹੈ।
ਸਿੱਖ ਕਤਲੇਆਮ ਮੌਕੇ ਸੁਖਬੀਰ ਖਿਸਕ ਗਿਆ ਸੀ ਅਮਰੀਕਾ : ਅਮਰਿੰਦਰ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਕਤਲੇਆਮ ਦੇ ਸਬੰਧ ਵਿਚ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਤੋਂ ਬਾਅਦ ਕਿਹਾ ਕਿ ਜਦੋਂ ਹਿੰਸਾ ਸ਼ੁਰੂ ਹੋਈ ਸੀ, ਉਸ ਸਮੇਂ ਸੁਖਬੀਰ ਬਾਦਲ ਅਮਰੀਕਾ ਚਲੇ ਗਏ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਇਨ੍ਹਾਂ ਘਟਨਾਵਾਂ ਦੇ ਚਸ਼ਮਦੀਦ ਹਨ ਅਤੇ ਉਨ੍ਹਾਂ ਨੇ ਮੌਕੇ ‘ਤੇ ਹੀ ਇਸ ਸਬੰਧ ਵਿਚ ਸੂਚਨਾ ਪ੍ਰਾਪਤ ਕੀਤੀ ਸੀ, ਜਦੋਂਕਿ ਸੁਖਬੀਰ ਸਿੰਘ ਬਾਦਲ ਗੜਬੜੀ ਵੇਲੇ ਮੌਕੇ ਤੋਂ ਖਿਸਕ ਗਏ ਸਨ। ਕੈਪਟਨ ਨੇ ਕਿਹਾ ਕਿ ਕਤਲੇਆਮ ਲਈ ਗਾਂਧੀ ਪਰਿਵਾਰ ‘ਤੇ ਦੋਸ਼ ਮੜ੍ਹਨ ਦਾ ਸੁਖਬੀਰ ਦਾ ਬਿਆਨ ਪੂਰੀ ਤਰ੍ਹਾਂ ਬੇਤੁਕਾ ਹੈ ਤੇ ਚੋਣ ਨਿਰਾਸ਼ਾ ‘ਚੋਂ ਉਪਜਿਆ ਹੈ। ਕੈਪਟਨ ਨੇ ਕਿਹਾ ਕਿ ਉਹ ਓਨਾ ਚਿਰ ਮੁੱਖ ਮੰਤਰੀ ਰਹਿਣਗੇ, ਜਦੋਂ ਤੱਕ ਪੰਜਾਬ ਦੇ ਲੋਕ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਕਾਂਗਰਸ ਲੀਡਰਸ਼ਿਪ ਦਾ ਪੂਰਾ ਵਿਸ਼ਵਾਸ ਹਾਸਲ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਨਿੱਜੀ ਜਾਣਕਾਰੀ ਦੇ ਆਧਾਰ ‘ਤੇ ਗਾਂਧੀ ਪਰਿਵਾਰ ਦੇ ਹੱਕ ਵਿਚ ਆਏ ਹਨ, ਜੋ ਉਨ੍ਹਾਂ ਨੇ ਕਤਲੇਆਮ ਦੌਰਾਨ ਵੱਖ-ਵੱਖ ਪਨਾਹ ਕੈਂਪਾਂ ਦਾ ਦੌਰਾ ਕਰ ਕੇ ਹਾਸਲ ਕੀਤੀ ਸੀ।

Check Also

ਟਰੇਡ ਯੂਨੀਅਨਾਂ ਦਾ ਦਾਅਵਾ-25 ਕਰੋੜ ਕਰਮਚਾਰੀ ਰਹੇ ਹੜਤਾਲ ’ਤੇ

ਬੈਂਕਾਂ ਅਤੇ ਡਾਕਘਰਾਂ ਦੇ ਕੰਮਕਾਜ ’ਤੇ ਵੀ ਪਿਆ ਅਸਰ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਕ, ਬੀਮਾ, ਡਾਕ …