Breaking News
Home / ਭਾਰਤ / ਮਹਾਂਰਾਸ਼ਟਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ

ਮਹਾਂਰਾਸ਼ਟਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ

ਬੱਸ ਦੇ ਡੂੰਘੀ ਖੱਡ ’ਚ ਡਿੱਗਣ ਕਾਰਨ ਹੋਈ 12 ਵਿਅਕਤੀਆਂ ਦੀ ਮੌਤ
ਮਹਾਂਰਾਸ਼ਟਰ/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ ਰਾਏਗੜ੍ਹ ਇਲਾਕੇ ’ਚ ਇਕ ਬੱਸ ਦੇ ਡੂੰਘੀ ਖੱਡ ’ਚ ਡਿੱਗਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 25 ਤੋਂ ਜ਼ਿਆਦਾ ਵਿਅਕਤੀਆਂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਇਹ ਹਾਦਸਾ ਖੰਡਾਲਾ ਅਤੇ ਖੋਪੋਲੀ ਦਰਮਿਆਨ ਪੁਰਾਣੇ ਨੈਸ਼ਨਲ ਹਾਈਵੇ ’ਤੇ ਸ਼ਿੰਗਬੋਰਾ ਘਾਟ ਤੋਂ ਉਤਰਦੇ ਸਮੇਂ ਵਾਪਰਿਆ ਅਤੇ ਫ਼ਿਲਹਾਲ ਇਸ ਹਾਦਸੇ ਦੇ ਕਾਰਨਾਂ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਇਹ ਬੱਸ ਪੁਣੇ ਤੋਂ ਮੁੰਬਈ ਜਾ ਰਹੀ ਸੀ ਅਤੇ ਇਸ ਵਿਚ 40 ਯਾਤਰੀ ਸਵਾਰ ਸਨ। ਹਾਦਸੇ ਦੀ ਖਬਰ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਉਥੇ ਮੌਜੂਦ ਲੋਕਾਂ ਦੀ ਸਹਾਇਤਾ ਨਾਲ ਰਾਹਤ ਕਾਰਜ ਚਲਾਇਆ ਗਿਆ ਅਤੇ ਸਾਰੇ ਜ਼ਖਮੀਆਂ ਨੂੰ ਖੋਪੋਲੀ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਬੱਸ ’ਚ ਸਵਾਰ ਸਾਰੇ ਯਾਤਰੀ ਗੋਰੇਗਾਓਂ ਖੇਤਰ ਦੇ ਇਕ ਸੰਗਠਨ ਦੇ ਸਨ ਅਤੇ ਇਹ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਪੂਨਾ ਗਏ ਸਨ ਅਤੇ ਵਾਪਸ ਪਰਤਦੇ ਸਮੇਂ ਇਹ ਹਾਦਸਾ ਵਾਪਰ ਗਿਆ। ਉਧਰ ਉਤਰ ਪ੍ਰਦੇਸ਼ ’ਚ ਅੱਜ ਸਵੇਰੇ ਇਕ ਬੇਕਾਬੂ ਕਾਰ ਦੇ ਦਰਖਤ ਨਾਲ ਟਕਰਾਉਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਵਿਅਕਤੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਉਧਰ ਕਰਨਾਟਕ ਦੇ ਤੁਮਕੁਰ ਇਲਾਕੇ ’ਚ ਕੌਮੀ ਮਾਰਗ ’ਤੇ ਇਕ ਐਸਯੂਵੀ ਅਤੇ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਦਰਮਿਆਨ ਭਿਆਨਕ ਟੱਕਰ ਹੋ ਗਈ ਅਤੇ ਇਸ ਹਾਦਸੇ ਦੌਰਾਨ ਕਾਰ ਵਿਚ ਸਵਾਰ 4 ਵਿਅਕਤੀਆਂ ਦੀ ਮੌਤ ਹੋ ਗਈ।

 

Check Also

ਇੰਡੀਆ ਗੱਠਜੋੜ ਦੇ ਸੱਤਾ ’ਚ ਆਉਣ ’ਤੇ ਗਰੀਬਾਂ ਨੂੰ ਮੁਫਤ ਮਿਲਦਾ ਰਾਸ਼ਨ ਦੁੱਗਣਾ ਕਰ ਦਿਆਂਗੇ : ਖੜਗੇ

ਲਖਨਊ/ਬਿਊਰੋ ਨਿਊਜ਼ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲਖਨਊ ’ਚ ਐਲਾਨ ਕੀਤਾ ਕਿ ਜੇ ਇੰਡੀਆ ਗੱਠਜੋੜ …