ਵਿਜੇਵਰਗੀਆ ਤੇ ਪ੍ਰਹਿਲਾਦ ਪਟੇਲ ਸਣੇ 18 ਕੈਬਨਿਟ ਮੰਤਰੀ ਬਣਾਏ
ਭੋਪਾਲ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਵਿਚ ਭਾਜਪਾ ਦੀ ਅਗਵਾਈ ਵਾਲੀ ਡਾ. ਮੋਹਨ ਯਾਦਵ ਸਰਕਾਰ ਦਾ ਪਹਿਲਾ ਕੈਬਨਿਟ ਵਿਸਥਾਰ ਹੋ ਗਿਆ ਹੈ। ਸੂਬੇ ਦੇ ਰਾਜਪਾਲ ਮੰਗੂਭਾਈ ਪਟੇਲ ਨੇ 28 ਵਿਧਾਇਕਾਂ ਨੂੰ ਭੋਪਾਲ ’ਚ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਇਨ੍ਹਾਂ ਵਿਚੋਂ 18 ਵਿਧਾਇਕਾਂ ਨੂੰ ਕੈਬਨਿਟ ਅਤੇ 10 ਵਿਧਾਇਕਾਂ ਨੂੰੂ ਰਾਜ ਮੰਤਰੀ ਦੇ ਰੂਪ ਵਿਚ ਸਹੁੰ ਚੁਕਾਈ ਗਈ ਹੈ। ਇਨ੍ਹਾਂ 28 ਮੰਤਰੀਆਂ ਵਿਚ 7 ਜਨਰਲ ਵਰਗ ਵਿਚੋਂ, 11 ਓਬੀਸੀ ਭਾਈਚਾਰੇ ਵਿਚੋਂ, 6 ਐਸ.ਸੀ. ਭਾਈਚਾਰੇ ਵਿਚੋਂ ਅਤੇ 4 ਐਸ.ਟੀ. ਭਾਈਚਾਰੇ ਨਾਲ ਸਬੰਧਤ ਹਨ। ਇਸੇ ਦੌਰਾਨ ਕੈਲਾਸ਼ ਵਿਜੇਵਰਗੀਆ, ਪ੍ਰਹਿਲਾਦ ਸਿੰਘ ਪਟੇਲ, ਰਾਕੇਸ਼ ਸਿੰਘ, ਕਰਣ ਸਿੰਘ ਵਰਮਾ ਅਤੇ ਉਦੇਪ੍ਰਤਾਪ ਸਿੰਘ ਸਣੇ 18 ਵਿਧਾਇਕਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਹਿਲੀ ਵਾਰ ਜਿੱਤ ਕੇ ਆਏ 6 ਵਿਧਾਇਕਾਂ ਨੂੰ ਵੀ ਮੰਤਰੀ ਬਣਾਇਆ ਗਿਆ ਹੈ। ਨਵੇਂ ਮੰਤਰੀ ਮੰਡਲ ਵਿਚ ਪਿਛਲੀ ਸ਼ਿਵਰਾਜ ਸਰਕਾਰ ਦੇ ਸਿਰਫ 6 ਮੰਤਰੀਆਂ ਨੂੰ ਹੀ ਜਗ੍ਹਾ ਮਿਲੀ ਹੈ, ਜਦੋਂ ਕਿ 10 ਮੰਤਰੀਆਂ ਨੂੰ ਮੌਕਾ ਹੀ ਨਹੀਂ ਮਿਲ ਸਕਿਆ। ਇਹ ਸਹੁੰ ਚੁੱਕ ਸਮਾਗਮ ਅੱਜ ਸੋਮਵਾਰ ਨੂੰ ਦੁਪਹਿਰੇ ਸਾਢੇ 3 ਵਜੇ ਹੋਇਆ। ਇਸ ਮੌਕੇ ਮੁੱਖ ਮੰਤਰੀ ਡਾ. ਮੋਹਨ ਯਾਦਵ ਅਤੇ ਦੋਵੇਂ ਡਿਪਟੀ ਮੁੱਖ ਮੰਤਰੀ ਜਗਦੀਸ਼ ਦੇਵੜਾ ਤੇ ਰਾਜੇਂਦਰ ਸ਼ੁਕਲ ਰਾਜਭਵਨ ਵਿਚ ਹਾਜ਼ਰ ਰਹੇ। ਧਿਆਨ ਰਹੇ ਕਿ ਮੱਧ ਪ੍ਰਦੇਸ਼ ਵਿਚ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਬਹੁਮਤ ਹਾਸਲ ਕੀਤਾ ਸੀ ਅਤੇ ਕਾਂਗਰਸ ਪਾਰਟੀ ਦੂਜੇ ਸਥਾਨ ’ਤੇ ਰਹਿ ਗਈ ਸੀ।