2.2 C
Toronto
Wednesday, December 24, 2025
spot_img
Homeਭਾਰਤਭਰਤੀ ਅਮਲ 'ਚ ਬਦਲਾਅ ਨਾਲ ਨੌਕਰੀਆਂ 'ਚੋਂ ਭ੍ਰਿਸ਼ਟਾਚਾਰ ਖਤਮ ਹੋਇਆ : ਨਰਿੰਦਰ...

ਭਰਤੀ ਅਮਲ ‘ਚ ਬਦਲਾਅ ਨਾਲ ਨੌਕਰੀਆਂ ‘ਚੋਂ ਭ੍ਰਿਸ਼ਟਾਚਾਰ ਖਤਮ ਹੋਇਆ : ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨੇ ਰੁਜ਼ਗਾਰ ਮੇਲੇ ਅਧੀਨ 71 ਹਜ਼ਾਰ ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰੁਜ਼ਗਾਰ ਮੇਲੇ ਦੌਰਾਨ ਕਰੀਬ 71 ਹਜ਼ਾਰ ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਮੋਦੀ ਨੇ ਕਿਹਾ ਕਿ ਸਰਕਾਰ ਵੱਲੋਂ ਭਰਤੀ ਪ੍ਰਕਿਰਿਆ ‘ਚ ਬਦਲਾਅ ਲਿਆਂਦੇ ਜਾਣ ਨਾਲ ਨੌਕਰੀਆਂ ਵਿੱਚੋਂ ਭ੍ਰਿਸ਼ਟਾਚਾਰ ਤੇ ਭਾਈ-ਭਤੀਜਾਵਾਦ ਦੀਆਂ ਸੰਭਾਵਨਾਵਾਂ ਖ਼ਤਮ ਹੋ ਗਈਆਂ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਲਈ ਅਪਲਾਈ ਕਰਨ ਤੋਂ ਲੈ ਕੇ ਨਤੀਜਿਆਂ ਤੱਕ ਸਾਰਾ ਅਮਲ ਆਨਲਾਈਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ ਭਾਜਪਾ ਦੇ ਰਾਜ ਵਿੱਚ ਬੁਨਿਆਦੀ ਢਾਚੇ ਦਾ ਵਿਕਾਸ ਹੋਇਆ ਅਤੇ ਰੁਜ਼ਗਾਰ ਦੇ ਮੌਕੇ ਵਧੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਂ ਸਾਲ ਪਹਿਲਾਂ ਇਸੇ ਦਿਨ 16 ਮਈ ਨੂੰ ਲੋਕ ਸਭਾ ਚੋਣਾਂ ਦਾ ਨਤੀਜਾ ਐਲਾਨਿਆ ਗਿਆ ਸੀ। ਉਨ੍ਹਾਂ ਕਿਹਾ ਕਿ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਧਾਰਨਾ ਨਾਲ ਸ਼ੁਰੂ ਕੀਤਾ ਸਫਰ ‘ਵਿਕਸਿਤ ਭਾਰਤ’ ਲਈ ਕੰਮ ਕਰ ਰਿਹਾ ਹੈ। ਇਸ ਦੌਰਾਨ ਉਨ੍ਹਾਂ ਆਲਮੀ ਪੱਧਰ ਦੀਆਂ ਕੰਪਨੀਆਂ ਵਾਲਮਾਰਟ, ਐਪਲ, ਫੋਕਸਕੋਨ ਆਦਿ ਦੇ ਸੀਈਓਜ਼ ਨਾਲ ਹੋਈਆਂ ਹਾਲੀਆ ਮੀਟਿੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਵਿੱਚ ਉਦਯੋਗ ਤੇ ਨਿਵੇਸ਼ ਸਬੰਧੀ ਸਕਾਰਾਤਮਕ ਬਦਲਾਅ ਆਇਆ ਹੈ।
ਸੀਤਾਰਾਮਨ ਨੇ 250 ਨਿਯੁਕਤੀ ਪੱਤਰ ਵੰਡੇ
ਚੇਨੱਈ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਰੁਜ਼ਗਾਰ ਮੇਲਾ ਸਕੀਮ ਅਧੀਨ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦੇ ਫਾਇਦੇ ਜਨਤਾ ਨਾਲ ਸਾਂਝੇ ਕਰਨ। ਚੇਨਈ ਵਿੱਚ ਕਰਵਾਏ ਗਏ ਸਮਾਗਮ ਦੌਰਾਨ 250 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਦੇਣ ਮਗਰੋਂ ਸੀਤਾਰਾਮਨ ਨੇ ਕਿਹਾ ਕਿ ਰੁਜ਼ਗਾਰ ਮੇਲਾ ਪ੍ਰਧਾਨ ਮੰਤਰੀ ਦੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਪਹਿਲਾ ਕਦਮ ਹੈ। ਕੇਂਦਰੀ ਮੰਤਰੀ ਨੇ ਵੱਖ ਵੱਖ ਮੰਤਰਾਲਿਆਂ ਤੇ ਮਹਿਕਮਿਆਂ ਵਿੱਚ ਨਵੇਂ ਨਿਯੁਕਤ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਦੌਰਾਨ ਨੌਕਰੀਆਂ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨਾਲ ਸੰਖੇਪ ਰੂਬਰੂ ਦੌਰਾਨ ਸੀਤਾਰਾਮਨ ਨੇ ਕਿਹਾ ਕਿ ਰੁਜ਼ਗਾਰ ਮੇਲਾ ਸਕੀਮ ਦੇ ਫਾਇਦਿਆਂ ਬਾਰੇ ਸਾਰਿਆਂ ਨੂੰ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਰੁਜ਼ਗਾਰ ਮੇਲੇ ਨੌਕਰੀਆਂ ਦੇ ਮੌਕੇ, ਨੌਜਵਾਨਾਂ ਨੂੰ ਸਸ਼ਕਤ ਕਰਨ ਅਤੇ ਦੇਸ਼ ਦੀ ਤਰੱਕੀ ਵਿੱਚ ਉਨ੍ਹਾਂ ਦੀ ਸਰਗਰਮ ਹਿੱਸੇਦਾਰੀ ਨੂੰ ਹੁਲਾਰਾ ਦੇਣ ਲਈ ਕਾਰਗਰ ਹਨ।
ਕਾਂਗਰਸ ਨੇ ਰੁਜ਼ਗਾਰ ਮੇਲਿਆਂ ਦੇ ਮੁੱਦੇ ‘ਤੇ ਮੋਦੀ ਨੂੰ ਭੰਡਿਆ
ਨਵੀਂ ਦਿੱਲੀ : ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੁਜ਼ਗਾਰ ਦੇ ਮੌਕਿਆਂ ਦੀ ਕਥਿਤ ਘਾਟ ਲਈ ਭੰਡਿਆ। ਵਿਰੋਧੀ ਧਿਰ ਨੇ ਆਰੋਪ ਲਾਇਆ ਕਿ ਰੁਜ਼ਗਾਰ ਮੇਲਿਆਂ ਦੇ ਨਾਮ ‘ਤੇ ਸ਼ਾਸਨ ਦੇ ਪੱਧਰ ਨੂੰ ਹੇਠਾਂ ਡੇਗਿਆ ਗਿਆ ਹੈ। ਵਿਰੋਧੀ ਧਿਰ ਨੇ ਦਾਅਵਾ ਕੀਤਾ ਕਿ ਦੇਸ਼ ਦੇ ਨੌਕਰੀਆਂ ਮੰਗਦੇ ਨੌਜਵਾਨਾਂ ਨੂੰ ਪਤਾ ਹੈ ਕਿ ਉਹ ਪ੍ਰਧਾਨ ਮੰਤਰੀ ਹੀ ਸਨ ਜਿਨ੍ਹਾਂ ਨੇ ਲੱਖਾਂ ਨੌਕਰੀਆਂ ਖ਼ਤਮ ਕਰ ਦਿੱਤੀਆਂ ਹਨ। ਕਾਂਗਰਸ ਨੇ ਇਹ ਹਮਲਾ ਰੁਜ਼ਗਾਰ ਮੇਲੇ ਦੌਰਾਨ ਮੋਦੀ ਵੱਲੋਂ 71 ਹਜ਼ਾਰ ਲੋਕਾਂ ਨੂੰ ਨਿਯੁਕਤੀ ਪੱਤਰ ਦੇਣ ਸਬੰਧੀ ਕੀਤਾ ਹੈ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕੀਤਾ,’ਸਾਲਾਨਾ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੇ ਮੋਦੀ ਜੀ ਨੇ ਨੌਂ ਸਾਲਾਂ ਵਿੱਚ ਹੁਣ ਤੱਕ 18 ਕਰੋੜ ਨੌਜਵਾਨਾਂ ਦੇ ਸੁਫਨੇ ਰੋਲੇ ਹਨ।’ ਉਨ੍ਹਾਂ ਕਿਹਾ,’ਸਰਕਾਮੀ ਮਹਿਕਮਿਆਂ ਵਿੱਚ ਤੀਹ ਲੱਖ ਅਹੁਦੇ ਖਾਲੀ ਪਏ ਹਨ ਪਰ ਸਿਰਫ 71 ਹਜ਼ਾਰ ਨਿਯੁਕਤੀ ਵੰਡਣ ਦਾ ਸਮਾਗਮ ਕਰਵਾਇਆ ਗਿਆ ਹੈ।’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਪ੍ਰਧਾਨ ਮੰਤਰੀ ਦੀ ਰੁਜ਼ਗਾਰ ਮੇਲਿਆਂ ਸਬੰਧੀ ਨਿੰਦਾ ਕੀਤੀ।

RELATED ARTICLES
POPULAR POSTS