Breaking News
Home / ਭਾਰਤ / ਆਈ.ਓ.ਏ. ਵਲੋਂ ਭਾਰਤੀ ਕੁਸ਼ਤੀ ਫੈੱਡਰੇਸ਼ਨ ਦਾ ਚਾਰਜ ਆਪਣੇ ਹੱਥ ਲੈਣਾ ਨਿਆਂ ਲਈ ਸਾਡੀ ਲੜਾਈ ‘ਚ ਪਹਿਲਾ ਕਦਮ : ਪਹਿਲਵਾਨ

ਆਈ.ਓ.ਏ. ਵਲੋਂ ਭਾਰਤੀ ਕੁਸ਼ਤੀ ਫੈੱਡਰੇਸ਼ਨ ਦਾ ਚਾਰਜ ਆਪਣੇ ਹੱਥ ਲੈਣਾ ਨਿਆਂ ਲਈ ਸਾਡੀ ਲੜਾਈ ‘ਚ ਪਹਿਲਾ ਕਦਮ : ਪਹਿਲਵਾਨ

ਜਿਨਸ਼ੀ ਸ਼ੋਸ਼ਣ ਦੇ ਆਰੋਪਾਂ ਵਿਚ ਘਿਰਿਆ ਹੈ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਮੁਖੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਬੀਤੇ ਕਈ ਦਿਨਾਂ ਤੋਂ ਨਵੀਂ ਦਿੱਲੀ ਵਿਖੇ ਜੰਤਰ ਮੰਤਰ ‘ਤੇ ਰੋਸ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਭਾਰਤੀ ਉਲੰਪਿਕ ਸੰਘ (ਆਈ.ਓ.ਏ.) ਵਲੋਂ ਐਤਵਾਰ ਨੂੰ ਭਾਰਤੀ ਕੁਸ਼ਤੀ ਮਹਾਂਸੰਘ ਦੀਆਂ ਸਭ ਗਤੀਵਿਧੀਆਂ ਦੀ ਕਮਾਨ ਸੰਭਾਲਣ ਦੇ ਫ਼ੈਸਲੇ ਨੂੰ ਉਨ੍ਹਾਂ ਦੀ ਕੁਸ਼ਤੀ ਮਹਾਂਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਖ਼ਿਲਾਫ਼ ਲੜਾਈ ‘ਚ ਪਹਿਲਾ ਜੇਤੂ ਕਦਮ ਕਰਾਰ ਦਿੱਤਾ ਹੈ।
ਬਜਰੰਗ ਪੂਨੀਆ, ਸਾਕਸ਼ੀ ਮਲਿਕ ਤੇ ਵਿਨੇਸ਼ ਫੋਗਾਟ ਦੀ ਅਗਵਾਈ ‘ਚ ਦੇਸ਼ ਦੇ ਚੋਟੀ ਦੇ ਪਹਿਲਵਾਨ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।
ਆਈ.ਓ.ਏ. ਨੇ ਭਾਰਤੀ ਕੁਸ਼ਤੀ ਮਹਾਂਸੰਘ ਦੇ ਸਕੱਤਰ ਜਨਰਲ ਨੂੰ ਲਿਖੇ 12 ਮਈ ਦੇ ਆਪਣੇ ਪੱਤਰ ‘ਚ ਸਭ ਵਿੱਤੀ ਅਖਤਿਆਰਾਂ ਸਮੇਤ ਅਧਿਕਾਰਤ ਦਸਤਾਵੇਜ਼ ਉਨ੍ਹਾਂ ਦੇ ਐਡਹਾਕ ਪੈਨਲ ਨੂੰ ਸੌਂਪਣ ਲਈ ਆਖਦਿਆਂ ਸਪੱਸ਼ਟ ਕੀਤਾ ਹੈ ਕਿ ਬਾਹਰ ਜਾ ਰਹੇ ਅਹੁਦੇਦਾਰਾਂ ਦੀ ਕੁਸ਼ਤੀ ਫੈਡਰੇਸ਼ਨ ਨੂੰ ਚਲਾਉਣ ‘ਚ ਕੋਈ ਭੂਮਿਕਾ ਨਹੀਂ ਹੋਵੇਗੀ।
ਇਸ ਦੌਰਾਨ ਕੁਸ਼ਤੀ ਮਹਾਂਸੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਭਾਰਤੀ ਉਲੰਪਿਕ ਸੰਘ ਦੇ ਹੁਕਮਾਂ ਦੀ ਪਾਲਣਾ ਕਰਨ ‘ਚ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਉਹ ਪਹਿਲਾਂ ਹੀ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਨ। ਬਜਰੰਗ ਪੂਨੀਆ ਨੇ ਮੌਜੂਦਾ ਭਾਰਤੀ ਕੁਸ਼ਤੀ ਮਹਾਂਸੰਘ ਨੂੰ ਭੰਗ ਕੀਤੇ ਜਾਣ ਨੂੰ ਨਿਆਂ ‘ਚ ਉਨ੍ਹਾਂ ਦੀ ਲੜਾਈ ‘ਚ ਪਹਿਲਾ ਕਦਮ ਦੱਸਦਿਆਂ ਕਿਹਾ ਹੈ ਕਿ ਸਾਡੀ ਲੜਾਈ ਸਹੀ ਅਰਥਾਂ ‘ਚ ਹੁਣ ਸ਼ੁਰੂ ਹੋਈ ਹੈ ਅਤੇ ਅਸੀਂ ਇਨਸਾਫ ਮਿਲਣ ਤੱਕ ਇਸ ਨੂੰ ਜਾਰੀ ਰੱਖਾਂਗੇ।

ਪਹਿਲਵਾਨਾਂ ਵੱਲੋਂ ਧਰਨਾ ਰਾਮ ਲੀਲਾ ਮੈਦਾਨ ‘ਚ ਲਿਜਾਣ ਦੇ ਸੰਕੇਤ
ਸੰਘਰਸ਼ ਨੂੰ ਦਿੱਤਾ ਜਾ ਸਕਦੈ ‘ਕੌਮੀ ਅੰਦੋਲਨ’ ਦਾ ਰੂਪ
ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੇ ਪਹਿਲਵਾਨਾਂ ਨੇ ਸੰਕੇਤ ਦਿੱਤੇ ਕਿ ਉਹ ਆਪਣੇ ਅੰਦੋਲਨ ਨੂੰ ਰਾਮ ਲੀਲਾ ਮੈਦਾਨ ‘ਚ ਲਿਜਾ ਸਕਦੇ ਹਨ ਤਾਂ ਜੋ ਇਸ ਨੂੰ ਕੌਮੀ ਅੰਦੋਲਨ ਬਣਾਇਆ ਜਾ ਸਕੇ। ਓਲੰਪਿਕ ਤਗਮਾ ਜੇਤੂ ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਅਤੇ ਏਸ਼ਿਆਈ ਖੇਡਾਂ ‘ਚ ਸੋਨ ਤਗ਼ਮਾ ਜੇਤੂ ਵਿਨੇਸ਼ ਫੋਗਾਟ ਸਮੇਤ ਭਾਰਤ ਦੇ ਸਿਖਰਲੇ ਪਹਿਲਵਾਨ ਕਈ ਦਿਨਾਂ ਤੋਂ ਨਵੀਂ ਦਿੱਲੀ ਵਿਖੇ ਜੰਤਰ ਮੰਤਰ ‘ਤੇ ਧਰਨੇ ‘ਤੇ ਬੈਠੇ ਹੋਏ ਹਨ। ਉਹ ਬ੍ਰਿਜਭੂਸ਼ਨ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ, ਜਿਸ ‘ਤੇ ਇੱਕ ਨਾਬਾਲਗ ਸਮੇਤ ਸੱਤ ਮਹਿਲਾ ਪਹਿਲਵਾਨਾਂ ਨੇ ਕਥਿਤ ਜਿਨਸੀ ਸ਼ੋਸ਼ਣ ਦਾ ਆਰੋਪ ਲਾਇਆ ਹੈ। ਮੌਜੂਦਾ ਧਰਨੇ ਨੂੰ ਜੰਤਰ-ਮੰਤਰ ਤੋਂ ਕਿਤੇ ਵੱਡੀ ਥਾਂ ਰਾਮਲੀਲਾ ਮੈਦਾਨ ‘ਤੇ ਲਿਜਾ ਕੇ ਇਸ ਨੂੰ ਕੌਮੀ ਅੰਦੋਲਨ ਬਣਾਉਣ ਸਬੰਧੀ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਦੇ ਸੁਝਾਅ ‘ਤੇ ਪ੍ਰਤੀਕਿਰਿਆ ਦਿੰਦਿਆਂ ਸਾਕਸ਼ੀ ਮਲਿਕ ਨੇ ਕਿਹਾ, ‘ਅਸੀਂ ਆਪਸ ‘ਚ ਚਰਚਾ ਕਰਾਂਗੇ (ਰਾਮ ਲੀਲਾ ਮੈਦਾਨ ‘ਚ ਵਿਰੋਧ ਪ੍ਰਦਰਸ਼ਨ ਬਾਰੇ) ਅਤੇ ਜਲਦੀ ਹੀ ਇਸ ਬਾਰੇ ਫ਼ੈਸਲਾ ਕਰਾਂਗੇ।’ ਉਨ੍ਹਾਂ ਪਹਿਲਵਾਨਾਂ ਨੂੰ ਅਪੀਲ ਕੀਤੀ ਕਿ ਉਹ 21 ਮਈ ਮਗਰੋਂ ਆਪਣੇ ਅੰਦੋਲਨ ਨੂੰ ਰਾਮਲੀਲਾ ਮੈਦਾਨ ‘ਚ ਲਿਜਾ ਕੇ ਇਸ ਨੂੰ ਵੱਡਾ ਬਣਾਉਣ ਦਾ ਫ਼ੈਸਲਾ ਕਰਨ। ਖਾਪ ਪੰਚਾਇਤਾਂ ਨੇ ਬ੍ਰਿਜਭੂਸ਼ਨ ਖਿਲਾਫ ਕਾਰਵਾਈ ਲਈ ਸਰਕਾਰ ਨੂੰ ਵੀ ਇਹੀ ਸਮਾਂ ਦਿੱਤਾ ਹੈ।

 

Check Also

ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ

ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …