ਪੁਣੇ ’ਚ ਇਕੋ ਮੰਚ ’ਤੇ ਇਕੱਠੇ ਨਜ਼ਰ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਰਦ ਪਵਾਰ
ਪ੍ਰਧਾਨ ਮੰਤਰੀ ਦਾ ਲੋਕਮਾਨਿਆ ਤਿਲਕ ਪੁਰਸਕਾਰ ਨਾਲ ਕੀਤਾ ਗਿਆ ਸਨਮਾਨ
ਮੁੰਬਈ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੁਣੇ ਦੌਰੇ ’ਤੇ ਪਹੁੰਚੇ ਜਿੱਥੇ ਉਨ੍ਹਾਂ ਸਭ ਤੋਂ ਪਹਿਲਾਂ ਸਵੇਰੇ 11 ਵਜੇ ਦਗੜੂਸੇਠ ਹਲਵਾਈ ਮੰਦਿਰ ’ਚ ਜਾ ਕੇ ਪੂਜਾ-ਅਰਚਨਾ ਕੀਤੀ। ਇਸ ਤੋਂ ਬਾਅਦ ਉਹ ਐਸਪੀ ਕਾਲਜ ਮੈਦਾਨ ਪਹੁੰਚੇ ਜਿੱਥੇ ਉਨ੍ਹਾਂ ਦਾ ਤਿਲਕ ਸਮਾਰਕ ਮੰਦਿਰ ਟਰੱਸਟ ਵੱਲੋਂ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਬਤੌਰ ਚੀਫ਼ ਗੈਸਟ ਮੌਜੂਦ ਸਨ। ਮੰਚ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਪਾਸੇ ਸ਼ਰਦ ਪਵਾਰ ਅਤੇ ਦੂਜੇ ਪਾਸੇ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਬੈਠੇ ਨਜ਼ਰ ਆਏ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੁਣੇ ਦੀ ਧਰਤੀ ’ਤੇ ਇਹ ਪੁਰਸਕਾਰ ਪਾਉਣਾ ਮੇਰੇ ਲਈ ਨਾ ਭੁੱਲਣਯੋਗ ਹੈ। ਉਨ੍ਹਾਂ ਕਿਹਾ ਕਿ ਮੈਂ ਪੁਰਸਕਾਰ ਵਜੋਂ ਮਿਲੀ ਸਾਰੀ ਰਾਸ਼ੀ ਮਾਂ ਗੰਗਾ ਨੂੰ ਸਮਰਪਿਤ ਕਰਦਾ ਹਾਂ। ਲੋਕਮਾਨਿਆ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਰਾਸ਼ਟਰੀ ਦੀ ਤਰੱਕੀ ਅਤੇ ਵਿਕਾਸ ਲਈ ਕੰਮ ਕੀਤਾ ਹੋਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਹਿਲਾਂ ਇਹ ਪੁਰਸਕਾਰ ਸਾਬਕਾ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ, ਪ੍ਰਣਾਬ ਮੁਖਰਜੀ, ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਅਟਲ ਬਿਹਾਰੀ ਵਾਜਪਾਈ ਅਤੇ ਮਨਮੋਹਨ ਨੂੰ ਦਿੱਤਾ ਜਾ ਚੱਕਿਆ ਹੈ। ਉਧਰ ਸ਼ਰਦ ਪਵਾਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੰਚ ਸਾਂਝਾ ਕਰਨਾ ਵਿਰੋਧੀ ਗੱਠਜੋੜ ‘ਇੰਡੀਆ’ ਦੇ ਆਗੂਆਂ ਨੂੰ ਬਿਲਕੁਲ ਵੀ ਰਾਸ ਨਹੀਂ ਆ ਰਿਹਾ। ਕਾਂਗਰਸੀ ਆਗੂਆਂ ’ਚ ਇਸ ਗੱਲ ਨੂੰ ਲੈ ਕੇ ਕਾਫ਼ੀ ਬੇਚੈਨੀ ਪਾਈ ਜਾ ਰਹੀ ਹੈ ਅਤੇ ਮੁੰਬਈ ’ਚ ਹੋਣ ਵਾਲੀ ਵਿਰੋਧੀ ਗੱਠਜੋੜ ‘ਇੰਡੀਆ’ ਦੀ ਮੀਟਿੰਗ ਤੋਂ ਪਹਿਲਾਂ ਸ਼ਰਦ ਪਵਾਰ ਦਾ ਮੋਦੀ ਨਾਲ ਇਸ ਤਰ੍ਹਾਂ ਨਜ਼ਰ ਆਉਣ ਨਾਲ ਗਲਤ ਸੰਦੇਸ਼ ਜਾਂਦਾ ਹੈ। ਜਦਕਿ ‘ਇੰਡੀਆ’ ਗੱਠਜੋੜ ਨੂੰ ਇਹ ਵੀ ਸ਼ੱਕ ਹੈ ਕਿ ਭਾਜਪਾ ਵੱਲੋਂ ਇਹ ਸਭ ਕੁੱਝ ਜਾਣ ਬੁੱਝ ਕੇ ਕੀਤਾ ਗਿਆ ਹੈ ਤਾਂ ਜੋ ‘ਇੰਡੀਆ’ ਗੱਠਜੋੜ ਵੰਡਿਆ ਹੋਇਆ ਨਜ਼ਰ ਆਵੇ।