
ਕਿਹਾ : ਇੱਥੇ ਕਦੇ ਵੀ ਮਰਿਆਦਾ ਭੰਗ ਨਹੀਂ ਹੋਈ
ਬੰਗਾ/ਬਿਊਰੋ ਨਿਊਜ਼
ਬੰਗਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਡਾ. ਸੁਖਵਿੰਦਰ ਸੁੱਖੀ ਨੇ ਧੰਨ-ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਪਵਿੱਤਰ ਅਸਥਾਨ ’ਤੇ ਨਤਮਸਤਕ ਹੋ ਕੇ ਆਪਣਾ ਪੱਖ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਉਨ੍ਹਾਂ ਦੇ ਧਿਆਨ ਵਿਚ ਆਈ ਸੀ ਕਿ ਕੁਝ ਲੋਕਾਂ ਵਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਰਿਆਦਾ ਮੁਤਾਬਕ ਸਤਿਕਾਰ ਨਹੀਂ ਹੋਇਆ। ਡਾ. ਸੁੱਖੀ ਨੇ ਦੱਸਿਆ ਕਿ ਉਹ ਪਿਛਲੇ 65 ਸਾਲਾਂ ਤੋਂ ਇਸ ਅਸਥਾਨ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਦਾਦਾ-ਦਾਦੀ ਅਤੇ ਮਾਤਾ-ਪਿਤਾ ਵੀ ਇਸ ਸਥਾਨ ਦੀ ਮਹਿਮਾ ਬਾਰੇ ਗੱਲ ਕਰਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਉਹ ਪਵਿੱਤਰ ਅਸਥਾਨ ਹੈ, ਜਿੱਥੇ ਕਦੇ ਵੀ ਮਰਿਆਦਾ ਭੰਗ ਨਹੀਂ ਹੋ ਸਕਦੀ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਪਾਵਨ ਸਰੂਪਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਨਵਾਂਸ਼ਹਿਰ ਦੇ ਬੰਗਾ ਤੋਂ 169 ਸਰੂੁਪ ਮਿਲੇ ਹਨ ਅਤੇ ਇਹ ਸਰੂਪ ਇਕ ਡੇਰੇ ਵਿਚੋਂ ਮਿਲੇ ਹਨ। ਸੀਐਮ ਮਾਨ ਨੇ ਕਿਹਾ ਸੀ ਕਿ 139 ਸਰੂਪਾਂ ਦਾ ਕੋਈ ਰਿਕਾਰਡ ਨਹੀਂ ਹੈ ਅਤੇ ਇਹ 139 ਸਰੂਪ ਅਣ ਅਧਿਕਾਰਤ ਹਨ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸਿਰਫ 30 ਸਰੂਪਾਂ ਦਾ ਰਿਕਾਰਡ ਮਿਲਿਆ ਹੈ ਅਤੇ ਇਹ 30 ਸਰੂਪ ਗੁਰੂੁ ਘਰ ਦੇ ਨਾਮ ਹਨ।

