-16 C
Toronto
Saturday, January 24, 2026
spot_img
Homeਪੰਜਾਬਕਰਤਾਰਪੁਰ ਲਾਂਘੇ ਨੂੰ ਪਾਕਿਸਤਾਨੀ ਮੀਡੀਆ ਨੇ ਅਮਨ ਸ਼ਾਂਤੀ ਦੀ ਸ਼ੁਰੂਆਤ ਵਜੋਂ ਕੀਤਾ...

ਕਰਤਾਰਪੁਰ ਲਾਂਘੇ ਨੂੰ ਪਾਕਿਸਤਾਨੀ ਮੀਡੀਆ ਨੇ ਅਮਨ ਸ਼ਾਂਤੀ ਦੀ ਸ਼ੁਰੂਆਤ ਵਜੋਂ ਕੀਤਾ ਪੇਸ਼

ਚੰਡੀਗੜ੍ਹ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਫੈਸਲੇ ਨੇ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਬਾਰੇ ਚਰਚਾ ਮੁੜ ਛੇੜ ਦਿੱਤੀ ਹੈ। ਭਾਰਤ ਵਾਲੇ ਪਾਸੇ ਲਾਂਘਾ ਖੁੱਲ੍ਹਵਾਉਣ ਲਈ ਸਿਆਸੀ ਸਿਹਰਾ ਲੈਣ ਦੀ ਹੋੜ ਵੀ ਲੱਗ ਰਹੀ ਹੈ ਅਤੇ ਇਸ ਨੂੰ ਪਾਕਿਸਤਾਨ ਨਾਲ ਸਬੰਧਾਂ ਤੋਂ ਅਲੱਗ ਰੱਖਣ ਦੀ ਦਲੀਲ ਵੀ ਪੇਸ਼ ਕੀਤੀ ਜਾ ਰਹੀ ਹੈ। ਭਾਰਤੀ ਮੀਡੀਆ ਦੇ ਇੱਕ ਹਿੱਸੇ ਨੇ ਇਸ ਕਦਮ ਦਾ ਸੁਆਗਤ ਕੀਤਾ ਹੈ ਜਦੋਂਕਿ ਇੱਕ ਹਿੱਸਾ ਪਾਕਿਸਤਾਨ ਨਾਲ ਸਬੰਧਾਂ ਦੀ ਕੜਵਾਹਟ ਨੂੰ ਬਰਕਰਾਰ ਰੱਖਣ ਦੇ ਪੱਖ ਵਿੱਚ ਜ਼ੋਰ-ਅਜ਼ਮਾਈ ਕਰਦਾ ਦਿੱਖ ਰਿਹਾ ਹੈ। ਪਾਕਿਸਤਾਨੀ ਮੀਡੀਆ ਨੇ ਇਸ ਮੁੱਦੇ ਨੂੰ ਬਹੁਤਾ ਨਹੀਂ ਉਭਾਰਿਆ ਪਰ ਇਸ ਫੈਸਲੇ ਨੂੰ ਦੋਵਾਂ ਦੇਸ਼ਾਂ ਦਰਮਿਆਨ ਅਮਨ-ਸ਼ਾਂਤੀ ਦੀ ਸ਼ੁਰੂਆਤ ਵਜੋਂ ਪੇਸ਼ ਕੀਤਾ ਹੈ। ਲ2ਾਂਘੇ ਦਾ ਮਾਮਲਾ ਨਵਜੋਤ ਸਿੱਧੂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਸਮੇਂ ਸਾਹਮਣੇ ਆਇਆ ਸੀ। ਨਵਜੋਤ ਸਿੰਘ ਸਿੱਧੂ ਅਨੁਸਾਰ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਬਾਜਵਾ ਨੇ ਦੱਸਿਆ ਸੀ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਲਾਂਘਾ ਖੋਲ੍ਹਣਾ ਚਾਹੁੰਦੀ ਹੈ। ਇਸ ਮੌਕੇ ਜਨਰਲ ਬਾਜਵਾ ਨਾਲ ਜੱਫੀ ਪਾਉਣ ਕਰ ਕੇ ਸਿੱਧੂ, ਭਾਰਤੀ ਮੀਡੀਆ ਤੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਸਨ ਤੇ ਲਾਂਘੇ ਦੀ ਗੱਲ ਹਵਾ ਵਿੱਚ ਉੱਡ ਗਈ ਸੀ। ਪਰ ਪਾਕਿਸਤਾਨੀ ਸਰਕਾਰ ਦੇ ਇਰਾਦੇ ਦਾ ਪਤਾ ਚੱਲਦਿਆਂ ਭਾਰਤ ਸਰਕਾਰ ਨੇ 22 ਨਵੰਬਰ ਨੂੰ ਐਲਾਨ ਕੀਤਾ ਕਿ ਉਹ ਗੁਰਦੁਆਰਾ ਸਾਹਿਬ ਵਾਸਤੇ ਲਾਂਘਾ ਬਣਾਉਣਾ ਚਾਹੁੰਦੀ ਹੈ, ਜਿਸ ਦਾ ਨੀਂਹ ਪੱਥਰ 26 ਨਵੰਬਰ ਨੂੰ ਰੱਖਿਆ ਗਿਆ। ਜਾਣਕਾਰੀ ਅਨੁਸਾਰ 26 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਚ ਭਾਰਤ ਦੇ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਨੀਂਹ ਪੱਥਰ ਰੱਖਿਆ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਪਾਕਿਸਤਾਨ ਦੇ ਫੌਜ ਮੁਖੀ ਨੂੰ ਕਈ ਤਰ੍ਹਾਂ ਦੀਆਂ ਚੇਤਾਵਨੀਆਂ ਅਤੇ ਚੁਣੌਤੀਆਂ ਦੇ ਦਿੱਤੀਆਂ।
ਦੂਜੇ ਪਾਸੇ 28 ਨਵੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਸੀ, ਜਿਸ ਸਮਾਗਮ ਵਿੱਚ ਨਵਜੋਤ ਸਿੰਘ ਸਿੱਧੂ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ ਨੇ ਸ਼ਿਰਕਤ ਕੀਤੀ। ਲੋਕਾਂ ਨੇ ਨੀਂਹ ਪੱਥਰ ਰੱਖਣ ਦੇ ਮਾਮਲੇ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਨਾਲ ਭਾਰਤ-ਪਾਕਿਸਤਾਨ ਵਿਚਾਲੇ ਗੱਲਬਾਤ ਮੁੜ ਸ਼ੁਰੂ ਹੋਣ ਦੀ ਉਮੀਦ ਵੀ ਜਾਗੀ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਜੰਗ ਦੇ ਬਜਾਇ ਅਮਨ ਨੂੰ ਇੱਕੋ-ਇੱਕ ਰਾਹ ਦੱਸਿਆ। ਪਾਕਿਸਤਾਨ ਦੇ ਅਖ਼ਬਾਰ ਡਾਨ ਨੇ ਕਰਤਾਰਪੁਰ ਲਾਂਘੇ ਬਾਰੇ ਫੈਸਲੇ ਨੂੰ ਵੱਡਾ ਅਤੇ ਅਮਨ ਵੱਲ ਕਦਮ ਕਰਾਰ ਦਿੱਤਾ ਹੈ। ਇਨ੍ਹਾਂ ਬਾਰੇ ਬਕਾਇਦਾ ਸੰਪਾਦਕੀ ਲਿਖੇ ਗਏ ਹਨ।
ਅਖ਼ਬਾਰਾਂ ਨੇ ਇਮਰਾਨ ਖਾਨ ਦੀ ਸ਼ਲਾਘਾ ਕਰਦਿਆਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਉਸੇ ਦਿਨ ਦਿੱਤੇ ਗਏ ਬਿਆਨ ਦੀ ਨਿਖੇਧੀ ਵੀ ਕੀਤੀ, ਜਿਸ ਬਿਆਨ ਵਿੱਚ ਸੁਸ਼ਮਾ ਨੇ ਕਿਹਾ ਸੀ ਕਿ ਕਰਤਾਰਪੁਰ ਲਾਂਘੇ ਦਾ ਮਤਲਬ ਭਾਰਤ ਅਤੇ ਪਾਕਿਸਤਾਨ ਦਰਮਿਆਨ ਗੱਲਬਾਤ ਮੁੜ ਸ਼ੁਰੂ ਹੋਣਾ ਨਹੀਂ ਹੈ। ਜਿੰਨੀ ਦੇਰ ਪਾਕਿਸਤਾਨ ਆਪਣੀ ਧਰਤੀ ਉੱਤੇ ਭਾਰਤ ਵਿਰੋਧੀ ਅੱਤਵਾਦੀ ਗਤੀਵਿਧੀਆਂ ਨੂੰ ਨਹੀਂ ਰੋਕਦਾ, ਉਦੋਂ ਤੱਕ ਗੱਲਬਾਤ ਨਹੀਂ ਹੋ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਾਰਕ ਦੇ ਸਮਾਗਮ ਵਿੱਚ ਵੀ ਹਿੱਸਾ ਨਹੀਂ ਲਵੇਗਾ। ‘ਡਾਨ’ ਦੇ ਐਡੀਟੋਰੀਅਲ ਵਿੱਚ ਕਿਹਾ ਗਿਆ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਦੋਵੇਂ ਦੇਸ਼ਾਂ ਨੂੰ ਮਜਬੂਰੀ ਵਿੱਚ ਹੀ ਸਹੀ ਪਰ ਨੇੜੇ ਖਿੱਚ ਲਿਆਇਆ ਹੈ। ‘ਐਕਸਪ੍ਰੈੱਸ ਟ੍ਰਿਬਿਊਨ’ ਨੇ ਕਿਹਾ ਕਿ ਇਸ ਨਾਲ ਰਿਸ਼ਤਿਆਂ ਨੂੰ ਆਮ ਵਰਗੇ ਬਣਾਉਣ ਵਿੱਚ ਮਦਦ ਮਿਲੇਗੀ। ਇਨ੍ਹਾਂ ਅਖ਼ਬਾਰਾਂ ਤੋਂ ਇਲਾਵਾ ਕੁਝ ਟੀਵੀ ਚੈਨਲਾਂ ਨੇ ਸ਼ੋਅ ਵੀ ਕੀਤੇ। ਉਰਦੂ ਜ਼ੁਬਾਨ ਦੇ ਚੈਨਲਾਂ ਦੀਆਂ ਖ਼ਬਰਾਂ ਦੀ ਸੁਰ ਵੀ ਕਰਤਾਰਪੁਰ ਲਾਂਘੇ ਬਾਰੇ ਜ਼ਿਆਦਾਤਰ ਹਾਂ-ਪੱਖੀ ਰਹੀ ਅਤੇ ਭਾਰਤ ਵਾਲੇ ਪਾਸੇ ਦੀ ਤਨਕੀਦ ਕੀਤੀ ਗਈ। ਇੱਕ ਅਖ਼ਬਾਰ ਨੇ ਲਿਖਿਆ ਹੈ ਕਿ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਉਦੋਂ ਰੱਖੇ ਗਏ ਜਦੋਂ ਭਾਰਤ-ਪਾਕਿਸਤਾਨ ਦਰਮਿਆਨ ਗੱਲਬਾਤ ਪੂਰੀ ਤਰ੍ਹਾਂ ਬੰਦ ਹੈ।

RELATED ARTICLES
POPULAR POSTS