ਰੋਪੜ ’ਚ ਕਿਸਾਨਾਂ ਨੇ ਕੰਗਨਾ ਦਾ ਕੀਤਾ ਡਟਵਾਂ ਵਿਰੋਧ
ਰੋਪੜ/ਬਿਊਰੋ ਨਿਊਜ਼
ਕਿਸਾਨਾਂ ਨੂੰ ਮੰਦੀ ਸ਼ਬਦਾਵਲੀ ਬੋਲਣ ਵਾਲੀ ਅਦਾਕਾਰਾ ਕੰਗਨਾ ਰਣੌਤ ਦਾ ਅੱਜ ਰੋਪੜ ਵਿਚ ਕਿਸਾਨਾਂ ਨੇ ਡੱਟਵਾਂ ਵਿਰੋਧ ਕੀਤਾ। ਵਿਰੋਧ ਵਧਦਾ ਦੇਖ ਕੇ ਕੰਗਨਾ ਨੇ ਕਿਸਾਨਾਂ ਕੋਲੋਂ ਮੁਆਫੀ ਵੀ ਮੰਗ ਲਈ। ਇਸ ਦੌਰਾਨ ਕੰਗਨਾ ਨੇ ਪੰਜਾਬ ਪੁਲਿਸ ਅਤੇ ਸੀਆਰਪੀਐਫ ਦੇ ਮੁਲਾਜ਼ਮਾਂ ਦਾ ਧੰਨਵਾਦ ਵੀ ਕੀਤਾ।
ਜ਼ਿਕਰਯੋਗ ਹੈ ਕਿ ਕਿਸਾਨ ਕਹਿ ਰਹੇ ਸਨ ਕਿ ਕੰਗਨਾ ਆਪਣੀ ਗਲਤੀ ਲਈ ਕਿਸਾਨਾਂ ਕੋਲੋਂ ਮੁਆਫੀ ਮੰਗੇ। ਧਿਆਨ ਰਹੇ ਕਿ ਕੰਗਨਾ ਜਦੋਂ ਮਨਾਲੀ ਤੋਂ ਵਾਪਸ ਚੰਡੀਗੜ੍ਹ ਜਾ ਰਹੀ ਸੀ ਤਾਂ ਕਿਸਾਨਾਂ ਨੇ ਰੋਪੜ ਵਿਖੇ ਕੰਗਨਾ ਦਾ ਡਟਵਾਂ ਵਿਰੋਧ ਕੀਤਾ, ਵਿਰੋਧ ਕਰਨ ਵਾਲਿਆਂ ਵਿਚ ਜ਼ਿਆਦਾਤਰ ਕਿਸਾਨ ਬੀਬੀਆਂ ਸ਼ਾਮਲ ਸਨ। ਕਿਸਾਨਾਂ ਨੇ ਕੰਗਨਾ ਰਣੌਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਕੰਗਨਾ ਨਾਲ ਤਾਇਨਾਤ ਸੁਰੱਖਿਆ ਮੁਲਾਜ਼ਮ ਵੀ ਕਿਸਾਨਾਂ ਦੀਆਂ ਮਿੰਨਤਾਂ ਕਰਦੇ ਦੇਖੇ ਗਏ। ਇਸ ਤੋਂ ਬਾਅਦ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ’ਤੇ ਲਿਖਿਆ ਕਿ ਜਦੋਂ ਮੈਂ ਪੰਜਾਬ ਵਿਚ ਦਾਖਲ ਹੋਈ ਤਾਂ ਭੀੜ ਨੇ ਮੇਰੀ ਕਾਰ ’ਤੇ ਹਮਲਾ ਕਰ ਦਿੱਤਾ ਅਤੇ ਉਹ ਕਹਿ ਰਹੇ ਸਨ ਕਿ ਉਹ ਕਿਸਾਨ ਹਨ। ਧਿਆਨ ਰਹੇ ਕਿ ਕੰਗਨਾ ਨੂੰ ਕਿਸਾਨਾਂ ਦੇ ਗੁੱਸੇ ਦਾ ਇਸ ਲਈ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਪ੍ਰਤੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਸਨ।
Check Also
‘ਆਪ’ ਸਰਕਾਰ ਨੇ ਬਜਟ ਦੀ ਕੀਤੀ ਤਾਰੀਫ ਅਤੇ ਵਿਰੋਧੀਆਂ ਨੇ ਬਜਟ ਨੂੰ ਭੰਡਿਆ
ਬਾਜਵਾ ਨੇ ਕਿਹਾ : ਪੰਜਾਬ ਸਰਕਾਰ ਨੇ ਬਜਟ ’ਚ ਹਰ ਵਰਗ ਨੂੰ ਅਣਡਿੱਠ ਕੀਤਾ ਚੰਡੀਗੜ੍ਹ/ਬਿਊਰੋ …