ਸਿਆਸਤ ਤੋਂ ਸੰਨਿਆਸ ਲੈਣ ਦੀ ਦਿੱਤੀ ਸਲਾਹ; ਭਗਵੰਤ ਮਾਨ ਵੱਲੋਂ ਮੁੱਦਾ ਲੋਕ ਸਭਾ ਵਿੱਚ ਉਠਾਉਣ ਦਾ ਭਰੋਸਾ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਨੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਸਵਿਸ ਬੈਂਕ ਵਿਚਲੇ ਖ਼ਾਤਿਆਂ ਦਾ ਖ਼ੁਲਾਸਾ ਕਰਦਿਆਂ ਦੋਸ਼ ਲਾਇਆ ਕਿ ਕੈਪਟਨ ਨੇ ਆਪਣੇ ਰਾਜ (2002-07) ਦੌਰਾਨ ਪੰਜਾਬ ਦੀ ਜਨਤਾ ਦੀ ਲੁੱਟ ਕਰਕੇ ਵਿਦੇਸ਼ਾਂ ਵਿੱਚ ਲੱਖਾਂ ਡਾਲਰ ਜਮ੍ਹਾਂ ਕਰਵਾਏ ਹਨ।
‘ਆਪ’ ਦੇ ਕੌਮੀ ਆਗੂਆਂ ਆਸ਼ੀਸ਼ ਖੈਤਾਨ ਨੇ ਪੰਜਾਬ ਦੀ ਲੀਡਰਸ਼ਿਪ ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ, ਹਿੰਮਤ ਸਿੰਘ ਸ਼ੇਰਗਿੱਲ, ਗੁਰਪ੍ਰੀਤ ਘੁੱਗੀ, ਹਰਦੀਪ ਕਿੰਗੜਾ ਅਤੇ ਸੁਖਪਾਲ ਖਹਿਰਾ ਸਮੇਤ ਪੱਤਰਕਾਰਾਂ ਨੂੰ ਕੈਪਟਨ ਪਰਿਵਾਰ ਦੇ ਵਿਦੇਸ਼ੀ ਖ਼ਾਤਿਆਂ ਬਾਰੇ ਦਸਤਾਵੇਜ਼ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਇਸ ਪਰਿਵਾਰ ਨੇ ਸਵਿਟਜ਼ਰਲੈਂਡ ਵਿੱਚ ਟਰੱਸਟ ਅਤੇ ਕੰਪਨੀਆਂ ਬਣਾ ਕੇ ਲੱਖਾਂ ਡਾਲਰ ਜਮ੍ਹਾਂ ਕਰਵਾਏ ਹਨ। ਖੈਤਾਨ ਨੇ ਕੈਪਟਨ ਦੀ ਪਤਨੀ ਤੇ ਵਿਧਾਇਕਾ ਪ੍ਰਨੀਤ ਕੌਰ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਦੇ ਖਾਤਿਆਂ ਦੇ ਨੰਬਰ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਖਾਤਿਆਂ ਵਿੱਚ ਕੈਪਟਨ ਦੇ ਪੰਜਾਬ ਦੇ ਮੁੱਖ ਮੰਤਰੀ ਕਾਲ ਦੌਰਾਨ ਵੱਡੀ ਮਾਤਰਾ ਵਿੱਚ ਡਾਲਰ ਜਮ੍ਹਾਂ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਪਰਿਵਾਰ ਵੱਲੋਂ ਬਣਾਏ ਗਏ ਟਰੱਸਟ ਅਤੇ ਕੰਪਨੀਆਂ ਵਿੱਚ ਉਨ੍ਹਾਂ ਦੇ ਬੱਚੇ ਅਤੇ ਰਣਇੰਦਰ ਦੇ ਸਹੁਰਾ ਵੀ ਲਾਭਕਾਰੀ ਦਿਖਾਏ ਗਏ ਹਨ। ਇਨ੍ਹਾਂ ਵਿੱਚੋਂ ਕੁਝ ਖਾਤੇ 4 ਜੁਲਾਈ ਅਤੇ 26 ਜੁਲਾਈ 2005 ਨੂੰ ਖੋਲ੍ਹੇ ਗਏ ਹਨ। ਉਨ੍ਹਾਂ ਸਵਿਟਜ਼ਰਲੈਂਡ ਦੇ ਬੈਂਕ ਦੀ ਇੱਕ ਮੀਟਿੰਗ ਦੇ ਵੇਰਵੇ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਬੈਂਕ ਅਧਿਕਾਰੀਆਂ ਨੇ ਖਾਤੇ ਖੋਲ੍ਹਣ ਵੇਲੇ ਰਣਇੰਦਰ ਅਤੇ ਉਨ੍ਹਾਂ ਦੇ ਸਹੁਰਾ ਕੋਲੋਂ ਸਵਾਲ ਪੁੱਛੇ। ਫਿਰ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕੁਝ ਘਪਲਿਆਂ ਦੇ ਕੇਸ ਚੱਲਣ ਦੀ ਸੂਚਨਾ ਮਿਲਣ ਕਾਰਨ ਸਵਾਲ ਕਰਨੇ ਲਾਜ਼ਮੀ ਹਨ। ਇਸ ‘ਤੇ ਰਣਇੰਦਰ ਨੇ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਘਪਲਿਆਂ ਵਿੱਚੋਂ ਕਲੀਨ ਚਿੱਟ ਮਿਲ ਚੁੱਕੀ ਹੈ। ਖੈਤਾਨ ਨੇ ਦਾਅਵਾ ਕੀਤਾ ਕਿ ਇਨ੍ਹਾਂ ਖਾਤਿਆਂ ਵਿੱਚ ਨਵੰਬਰ 2005 ਤੋਂ ਲੈ ਕੇ ਅਪਰੈਲ 2006 ਤੱਕ ਨਿਰੰਤਰ ਲੱਖਾਂ ਡਾਲਰ ਜਮ੍ਹਾਂ ਹੁੰਦੇ ਰਹੇ ਹਨ।ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਪਰਿਵਾਰ ਨੇ ਇਸ ਸਮੇਂ ਦੌਰਾਨ ਲੰਡਨ ਅਤੇ ਦੁਬਈ ਵਿੱਚ ਵੀ ਜਾਇਦਾਦਾਂ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਆਮਦਨ ਕਰ ਵਿਭਾਗ ਵੱਲੋਂ ਹੁਣ ਲੁਧਿਆਣਾ ਦੀ ਅਦਾਲਤ ਵਿੱਚ ਰਣਇੰਦਰ ਸਿੰਘ ਵਿਰੁੱਧ ਦਾਇਰ ਕੇਸ ਤੋਂ ਵੀ ਅਜਿਹੇ ਖ਼ੁਲਾਸਿਆਂ ਦੇ ਸੰਕੇਤ ਮਿਲਦੇ ਹਨ, ਜਿਸ ਕਰਕੇ ਹੁਣ ਕੈਪਟਨ ਨੂੰ ਜਨਤਕ ਤੌਰ ‘ਤੇ ਇਨ੍ਹਾਂ ਘਪਲਿਆਂ ਬਾਰੇ ਸਫ਼ਾਈ ਦੇਣੀ ਚਾਹੀਦੀ ਹੈ ਜਾਂ ਸਿਆਸਤ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ। ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਉਹ ਕੈਪਟਨ ਦਾ ਕੱਚਾ ਚਿੱਠਾ ਲੋਕ ਸਭਾ ਵਿੱਚ ਨਸ਼ਰ ਕਰਕੇ ਇਸ ਘਪਲੇ ਨੂੰ ਲੋਕ ਸਭਾ ਦੀ ਮਰਿਆਦਾ ਕਮੇਟੀ ਹਵਾਲੇ ਕਰਨ ਦੀ ਮੰਗ ਉਠਾਉਣਗੇ।
Check Also
ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਬੋਲੇ ਸੁਖਬੀਰ ਬਾਦਲ
ਕਿਹਾ : ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਇਹ ਪੰਜਾਬ ਦੀ ਅਸਲ ਪਾਰਟੀ …