Breaking News
Home / ਪੰਜਾਬ / ਕੇਜਰੀਵਾਲ ਪੰਜਾਬ ਵਿਚ ਜਨਵਰੀ ‘ਚ ਵਜਾਉਣਗੇ ਚੋਣ ਬਿਗਲ

ਕੇਜਰੀਵਾਲ ਪੰਜਾਬ ਵਿਚ ਜਨਵਰੀ ‘ਚ ਵਜਾਉਣਗੇ ਚੋਣ ਬਿਗਲ

ਅਗਲੇ ਮਹੀਨੇ ਸੂਬੇ ਵਿਚ ਚਾਰ ਰੈਲੀਆਂ ਨੂੰ ਸੰਬੋਧਨ ਕਰਨਗੇ ‘ਆਪ’ ਸੁਪਰੀਮੋ ਕੇਜਰੀਵਾਲ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਨਵਰੀ ਵਿਚ ਪੰਜਾਬ ਦੌਰਾ ਕਰ ਕੇ ਚੋਣ ਪ੍ਰਚਾਰ ਭਖ਼ਾਉਣਗੇ। ਸੂਤਰਾਂ ਅਨੁਸਾਰ ਕੇਜਰੀਵਾਲ ਲੋਕ ਸਭਾ ਚੋਣਾਂ ਲਈ ਪੰਜਾਬ ਨੂੰ ਬੜੀ ਗੰਭੀਰਤਾ ਨਾਲ ਲੈ ਰਹੇ ਹਨ ਤੇ ਉਹ ਪਾਰਟੀ ਦੀ ‘ਆਪ’ ਇਕਾਈ ਵਿਚ ਬਗ਼ਾਵਤ ਤੋਂ ਬਾਅਦ ਪਹਿਲੀ ਵਾਰ ਜਨਵਰੀ ਵਿਚ ਸੂਬੇ ਵਿਚ ਰੈਲੀਆਂ ਨੂੰ ਸੰਬੋਧਨ ਕਰਨਗੇ। ਸੂਤਰਾਂ ਅਨੁਸਾਰ ਕੇਜਰੀਵਾਲ ਨੇ ਦਿੱਲੀ ਸਥਿਤ ਆਪਣੀ ਰਿਹਾਇਸ਼ ਵਿਚ ਪੰਜਾਬ ਦੇ ਐਲਾਨੇ ਉਮੀਦਵਾਰਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ (ਜਗਦੇਵ ਕਲਾਂ), ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਤੇ ਹੁਸ਼ਿਆਰਪੁਰ ਹਲਕੇ ਦੇ ਉਮੀਦਵਾਰ ਡਾਕਟਰ ਰਵਜੋਤ ਸਿੰਘ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਕਿਸੇ ਕਾਰਨ ਫ਼ਰੀਦਕੋਟ ਹਲਕੇ ਦੇ ਉਮੀਦਵਾਰ ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਹਾਜ਼ਰ ਨਹੀਂ ਹੋ ਸਕੇ, ਪਰ ਉਨ੍ਹਾਂ ਦੇ ਚੋਣ ਮੈਨੇਜਰ ਮੌਜੂਦ ਸਨ। ਇਸ ਮੀਟਿੰਗ ਵਿਚ ਦਿੱਲੀ ਦੇ ਮੰਤਰੀ ਗੋਪਾਲ ਰਾਏ ਸਮੇਤ ਦਿੱਲੀ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਸੰਭਾਵੀ ਸਮੂਹ 7 ਉਮੀਦਵਾਰ ਵੀ ਸ਼ਾਮਲ ਸਨ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਜਨਵਰੀ 2019 ਦੌਰਾਨ ਪੰਜਾਬ ਵਿਚ ‘ਆਪ’ ਦੀ ਚੋਣ ਮੁਹਿੰਮ ਮਘਾ ਦਿੱਤੀ ਜਾਵੇਗੀ, ਜਿਸ ਤਹਿਤ ਕੇਜਰੀਵਾਲ ਨੇ ਜਨਵਰੀ 2019 ਤੋਂ ਪੰਜਾਬ ਦਾ ਚੋਣ ਦੌਰਾ ਕਰਨ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਕੇਜਰੀਵਾਲ ਪੰਜਾਬ ਵਿਚ ਚੋਣ ਦਾ ਮਹੂਰਤ ਭਗਵੰਤ ਮਾਨ ਦੇ ਹਲਕੇ ਸੰਗਰੂਰ ਤੋਂ ਕਰਨਗੇ। ਉਨ੍ਹਾਂ ਦੇ ਜਨਵਰੀ ਦੇ ਅੱਧ ਵਿਚ ਹਲਕਾ ਹੁਸ਼ਿਆਰਪੁਰ ਤੇ ਅਖ਼ੀਰ ਵਿਚ ਅੰਮ੍ਰਿਤਸਰ ਹਲਕੇ ਦਾ ਦੌਰਾ ਕੀਤਾ ਜਾਵੇਗਾ। ਹੋਰ ਜਾਣਕਾਰੀ ਅਨੁਸਾਰ, ਫਿਲਹਾਲ ਪਾਰਟੀ ਦੇ ਬਾਕੀ 8 ਉਮੀਦਵਾਰਾਂ ਬਾਰੇ ਨੇੜ ਭਵਿੱਖ ਵਿਚ ਫ਼ੈਸਲਾ ਕਰਨ ਦੀ ਸੰਭਾਵਨਾ ਨਹੀਂ ਹੈ ਅਤੇ ਕੇਜਰੀਵਾਲ ਬਾਕੀ ਉਮੀਦਵਾਰਾਂ ਦਾ ਐਲਾਨ ਜਨਵਰੀ ਵਿਚ ਪੰਜਾਬ ਦੀ ਫੇਰੀ ਤੋਂ ਬਾਅਦ ਹੀ ਕਰਨਗੇ। ਸੂਤਰਾਂ ਅਨੁਸਾਰ ਕੇਜਰੀਵਾਲ ਨੇ ਪੰਜਾਬ ਦੇ ਉਮੀਦਵਾਰਾਂ ਤੋਂ ਹੁਣ ਤਕ ਕੀਤੇ ਚੋਣ ਪ੍ਰਚਾਰ ਦੀ ਜਾਣਕਾਰੀ ਹਾਸਲ ਕੀਤੀ ਤੇ ਭਵਿੱਖ ਦੀ ਚੋਣ ਰਣਨੀਤੀ ਉਪਰ ਚਰਚਾ ਕੀਤੀ। ਇਸ ਦੌਰਾਨ ਹਰੇਕ ਉਮੀਦਵਾਰ ਨੂੰ ਆਪੋ-ਆਪਣੇ ਹਲਕੇ ਦਾ ਸਿਆਸੀ ਖਾਕਾ ਤਿਆਰ ਕਰਨ ਤੇ ਚੋਣ ਪ੍ਰਚਾਰ ਦੀ ਕਾਰਗੁਜ਼ਾਰੀ ਦੀ ਰਿਪੋਰਟ ਹਰੇਕ 15 ਦਿਨਾਂ ਬਾਅਦ ਹਾਈਕਮਾਂਡ ਨੂੰ ਭੇਜਣ ਲਈ ਕਿਹਾ ਹੈ। ਇਸ ਤੋਂ ਇਲਾਵਾ ਹਰੇਕ ਵਿਧਾਨ ਸਭਾ ਹਲਕੇ ਲਈ ਚੋਣ ਪ੍ਰਚਾਰ ਲਈ 10-10 ਆਗੂਆਂ ਦੇ ਅਧਾਰਿਤ ਟੀਮਾਂ ਬਣਾਉਣ ਦਾ ਵੀ ਫ਼ੈਸਲਾ ਕੀਤਾ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਲੋਕ ਸਭਾ ਸੀਟ ਲਈ ਵੀ ਭਾਜਪਾ ਛੱਡ ਕੇ ਆਏ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੂੰ ਤਕਰੀਬਨ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਨਵੀਂ ਪਾਰਟੀ ਲਈ ਪਰ ਤੋਲਣ ਲੱਗਿਆ ਬਾਗ਼ੀ ਧੜਾ
‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਲਈ ਜਿੱਥੇ ਆਪਣਾ ਪ੍ਰਚਾਰ ਪ੍ਰੋਗਰਾਮ ਉਲੀਕ ਦਿੱਤਾ ਹੈ, ਉਥੇ ਬਾਗ਼ੀ ਧੜਾ ਨਵੀਂ ਪਾਰਟੀ ਬਣਾਉਣ ਲਈ ਪਰ ਤੋਲ ਰਿਹਾ ਹੈ। ਬਾਗ਼ੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਅਤੇ ‘ਆਪ’ ਵਿਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨਾਲ ਰਲ ਕੇ 8 ਤੋਂ 16 ਦਸੰਬਰ ਤੱਕ ਪੰਜਾਬ ਵਿਚ ਇਨਸਾਫ਼ ਮਾਰਚ ਕਰਕੇ ਆਪਣੇ ਪਰ ਤੋਲੇ ਜਾ ਰਹੇ ਹਨ। ਖਹਿਰਾ ਨੇ ਮਾਰਚ ਤੋਂ ਬਾਅਦ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ ਹਨ।

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …