-0.2 C
Toronto
Thursday, December 25, 2025
spot_img
Homeਪੰਜਾਬਸੰਤ ਬਲਬੀਰ ਸਿੰਘ ਸੀਚੇਵਾਲ ਮੁੜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਬਣਾਇਆ

ਸੰਤ ਬਲਬੀਰ ਸਿੰਘ ਸੀਚੇਵਾਲ ਮੁੜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਬਣਾਇਆ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੈਂਬਰੀ 24 ਘੰਟਿਆਂ ਵਿੱਚ ਬਹਾਲ ਕਰ ਦਿੱਤੀ ਹੈ। ਵਾਤਾਵਰਨ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਧੀਨ ਹੈ ਜਿਨ੍ਹਾਂ ਸੰਤ ਸੀਚੇਵਾਲ ਨੂੰ ਮੁੜ ਬੋਰਡ ਦਾ ਮੈਂਬਰ ਨਾਮਜ਼ਦ ਕਰਨ ਦਾ ਐਲਾਨ ਕੀਤਾ। ਸਰਕਾਰ ਵੱਲੋਂ ਪਿਛਲੇ ਦਿਨੀਂ ਲਏ ਫ਼ੈਸਲੇ ਮੁਤਾਬਕ ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਦੀ ਥਾਂ ਸੰਤ ਸੇਵਾ ਸਿੰਘ ਨੂੰ ਬੋਰਡ ਦਾ ਮੈਂਬਰ ਨਾਮਜ਼ਦ ਕਰਨ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਦੇ ਇਸ ਫ਼ੈਸਲੇ ਦਾ ਤਕੜਾ ਵਿਰੋਧ ਹੋਇਆ। ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਸਰਕਾਰ ਦੇ ਇਸ ਫ਼ੈਸਲੇ ਦੀ ਨਿਖੇਧੀ ਕੀਤੀ ਗਈ ਸੀ। ਸੂਤਰਾਂ ਦਾ ਦੱਸਣਾ ਹੈ ਕਿ ਵਿਵਾਦ ਭਖਦਾ ਦੇਖਦਿਆਂ ਸਰਕਾਰ ਵੱਲੋਂ ਫ਼ੈਸਲੇ ਨੂੰ ਮੁੜ ਤੋਂ ਵਿਚਾਰਿਆ ਗਿਆ ਤੇ ਸੰਤ ਸੀਚੇਵਾਲ ਨੂੰ ਮੈਂਬਰ ਨਾਮਜ਼ਦ ਕਰ ਦਿੱਤਾ ਗਿਆ। ਸਰਕਾਰ ਵੱਲੋਂ ਇੱਕ ਦਿਨ ਪਹਿਲਾਂ ਲਏ ਗਏ ਫ਼ੈਸਲੇ ਤੋਂ ਇਹ ਪ੍ਰਭਾਵ ਪਾਇਆ ਜਾ ਰਿਹਾ ਸੀ ਕਿ ਪਿਛਲੇ ਦਿਨਾਂ ਦੌਰਾਨ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਕੈਪਟਨ ਸਰਕਾਰ ਨੂੰ ਦਰਿਆਈ ਪਾਣੀਆਂ ਨੂੰ ਪਲੀਤ ਹੋਣ ਤੋਂ ਬਚਾਉਣ ਦੇ ਦੋਸ਼ਾਂ ਤਹਿਤ ਕੀਤੇ ਗਏ ਜੁਰਮਾਨੇ ਤੋਂ ਸਰਕਾਰ ਖ਼ਫਾ ਸੀ ਜਿਸ ਕਰਕੇ ਸੰਤ ਸੀਚੇਵਾਲ ਨੂੰ ਬੋਰਡ ਦੀ ਮੈਂਬਰੀ ਤੋਂ ਹਟਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜ਼ਾਰੀ ਸ਼ੱਕ ਦੇ ਦਾਇਰੇ ਵਿੱਚ ਆਈ ਹੋਈ ਹੈ। ਕਈ ਵੱਡੇ ਵਿਵਾਦਾਂ ਦੇ ਚੱਲਦਿਆਂ ਪਿਛਲੇ ਦਿਨੀਂ ਓਮ ਪ੍ਰਕਾਸ਼ ਸੋਨੀ ਤੋਂ ਵਾਤਾਵਰਨ ਵਿਭਾਗ ਵਾਪਸ ਲੈ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਮੁੱਖ ਮੰਤਰੀ ਅਧੀਨ ਕਰਨ ਦਾ ਫ਼ੈਸਲਾ ਲਿਆ ਗਿਆ ਸੀ।
ਉੱਚ ਪੱਧਰੀ ਸੂਤਰਾਂ ਦਾ ਦੱਸਣਾ ਹੈ ਕਿ ਬੋਰਡ ਦੇ ਇੱਕ ਹੋਰ ਅਹਿਮ ਮੈਂਬਰ ਦੀ ਕਾਰਗੁਜ਼ਾਰੀ ਅਤੇ ਗਤੀਵਿਧੀਆਂ ਸ਼ੱਕੀ ਹੋਣ ਕਾਰਨ ਸਰਕਾਰ ਵੱਲੋਂ ਇਸ ਮੈਂਬਰ ਦਾ ਬਦਲ ਲੱਭਿਆ ਜਾ ਰਿਹਾ ਹੈ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮੈਂਬਰ ਵੱਲੋਂ ਹੀ ਉਦਯੋਗਪਤੀਆਂ ਨੂੰ ਚੜ੍ਹਾਵਾ ਚਾੜ੍ਹਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਸਨ ਤੇ ਇਨ੍ਹਾਂ ਹਦਾਇਤਾਂ ਦੀਆਂ ਸ਼ਿਕਾਇਤਾਂ ਹੀ ਮੁੱਖ ਮੰਤਰੀ ਤੱਕ ਪਹੁੰਚੀਆਂ ਸਨ।
ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵਿੱਚ ਸਭ ਅੱਛਾ ਨਹੀਂ ਹੈ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਸਰਕਾਰ ਵੱਲੋਂ ਸੰਤ ਸੀਚੇਵਾਲ ਦੀ ਮੈਂਬਰੀ ਖ਼ਤਮ ਕਰਨ ਤੋਂ 24 ਘੰਟਿਆਂ ਦੇ ਅੰਦਰ ਹੀ ਫ਼ੈਸਲਾ ਬਦਲਣ ਸਬੰਧੀ ਕਿਹਾ ਗਿਆ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮੁੜ ਬੋਰਡ ਮੈਂਬਰ ਨਿਯੁਕਤ ਕਰ ਦਿੱਤਾ ਹੈ ਤੇ ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪੈਨਲ ਵਿੱਚ ਇੱਕ ਦੀ ਥਾਂ ਦੋ ਵਾਤਾਵਰਨ ਪ੍ਰੇਮੀ ਸ਼ਾਮਲ ਕਰਨ ਦੇ ਹੁਕਮ ਕੀਤੇ ਹਨ। ਬੋਰਡ ਦੇ ਪਹਿਲਾਂ ਤੋਂ ਤੈਅ ਨਿਯਮਾਂ ਅਨੁਸਾਰ ਪੈਨਲ ਵਿੱਚ ਇੱਕ ਵਾਤਾਵਰਨ ਪ੍ਰੇਮੀ ਲਿਆ ਜਾਂਦਾ ਸੀ ਪਰ ਹੁਣ ਬੋਰਡ ਦੇ ਪੈਨਲ ਵਿੱਚ ਦੋ ਵਾਤਾਵਰਨ ਪ੍ਰੇਮੀ ਹੋਣਗੇ।
ਸਰਕਾਰ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਰਾਜ ਭਰ ਵਿੱਚ ਵਾਤਾਵਰਨ ਪ੍ਰਦੂਸ਼ਣ ਦੇ ਫੈਲਾਅ ਨੂੰ ਹੋਰ ਪ੍ਰਭਾਵੀ ਢੰਗ ਨਾਲ ਠੱਲ੍ਹ ਪਾਉਣ ਦੇ ਮਕਸਦ ਨਾਲ ਲਿਆ ਗਿਆ ਹੈ। ਇਸ ਫ਼ੈਸਲੇ ਨਾਲ ਬੋਰਡ ਵਿੱਚ ਹੁਣ ਦੋ ਵਾਤਾਵਰਨ ਪ੍ਰੇਮੀ ਸ਼ਾਮਲ ਹੋ ਗਏ ਹਨ, ਜਿਨ੍ਹਾਂ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹਾਲ ਹੀ ਵਿੱਚ ਬੋਰਡ ਦੇ ਪੈਨਲ ਵਿੱਚ ਸ਼ਾਮਲ ਕੀਤੇ ਗਏ ਬਾਬਾ ਸੇਵਾ ਸਿੰਘ, ਚੇਅਰਮੈਨ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ, ਖਡੂਰ ਸਾਹਿਬ ਹਨ। ਬੋਰਡ ਵਿੱਚ ਚੇਅਰਮੈਨ ਸਮੇਤ 18 ਮੈਂਬਰ ਹਨ ਜਿਨ੍ਹਾਂ ਵਿੱਚੋਂ ਪੰਜ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰਬੰਧਕੀ ਸਕੱਤਰ, ਪੰਜ ਸਥਾਨਕ ਅਥਾਰਟੀ ਦੇ ਨੁਮਾਇੰਦੇ, ਚਾਰ ਨੁਮਾਇੰਦੇ ਉਦਯੋਗ, ਵਪਾਰ, ਵਣਜ ਅਤੇ ਮੱਛੀ ਪਾਲਣ ਤੋਂ, ਦੋ ਮੈਂਬਰ ਰਾਜ ਸਰਕਾਰ ਵੱਲੋਂ ਚਲਾਏ ਜਾਂਦੇ ਕਾਰਪੋਰੇਸ਼ਨਾਂ ਅਤੇ ਇੱਕ ਮੈਂਬਰ ਸੈਕਟਰੀ ਹੁੰਦਾ ਹੈ।

RELATED ARTICLES
POPULAR POSTS