Breaking News
Home / ਪੰਜਾਬ / ਪਿੰਡ ਕੋਠੇ ਹਿੰਮਤਪੁਰਾ ਦੇ ਲੋਕਾਂ ਨੇ ਪੇਸ਼ ਕੀਤੀ ਮਿਸਾਲ

ਪਿੰਡ ਕੋਠੇ ਹਿੰਮਤਪੁਰਾ ਦੇ ਲੋਕਾਂ ਨੇ ਪੇਸ਼ ਕੀਤੀ ਮਿਸਾਲ

ਪਹਿਲਾਂ ਪਿੰਡ ਦੇ ਹਰ ਘਰ ਦੇ ਬਾਹਰ ਲਗਾਈ ਬੀਬੀਆਂ ਦੀ ਨੇਮ ਪਲੇਟ, ਹੁਣ ਥਾਂ-ਥਾਂ ਬੋਰਡ ਲਗਾ ਕੇ ਕਿਹਾ ਨਸ਼ਾ ਕਰਨ ਵਾਲੇ ਦੀ ਪਿੰਡ ‘ਚ ਨੌ ਐਂਟਰੀ
ਬਠਿੰਡਾ : ਬੀਬੀਆਂ ਨੂੰ ਸਮਾਜ ‘ਚ ਬਣਦਾ ਹੱਕ ਦੇਣ ਦੇ ਲਈ ਪਿੰਡ ਦੇ ਹਰ ਘਰ ਦੇ ਬਾਹਰ ਬੀਬੀਆਂ ਦੀ ਨੇਮ ਪਲੇਟ ਲਗਾ ਕੇ ਆਪਣੀ ਅਲੱਗ ਪਹਿਚਾਣ ਬਣਾਉਣ ਵਾਲੇ ਜ਼ਿਲ੍ਹੇ ਦੇ ਪਿੰਡ ਕੋਠੇ ਹਿੰਮਤਪੁਰਾ ਦੇ ਲੋਕਾਂ ਨੇ ਨਸ਼ੇ ਦੇ ਖਿਲਾਫ਼ ਵੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪਿੰਡ ‘ਚ ਥਾਂ-ਥਾਂ ਲੱਗੇ ਨੋਟਿਸ ਬੋਰਡਾਂ ‘ਤੇ ਸਾਫ਼ ਲਿਖਿਆ ਹੈ ਕਿ ਇਸ ਪਿੰਡ ‘ਚ ਨਸ਼ਾ ਕਰਕੇ ਆਉਣ ਵਾਲੇ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਪਿੰਡ ਦੇ ਨੌਜਵਾਨਾਂ ਨੇ ਐਲਾਨ ਕੀਤਾ ਕਿ ਨਾ ਇਸ ਪਿੰਡ ‘ਚ ਕੋਈ ਨਸ਼ਾ ਕਰੇਗਾ ਅਤੇ ਨਾ ਹੀ ਕਿਸੇ ਨੂੰ ਵੇਚਣ ਦੀ ਆਗਿਆ ਦਿੱਤੀ ਜਾਵੇਗੀ। ਅਜਿਹੇ ਲੋਕਾਂ ਦੀ ਸੂਚਨਾ ਮਿਲਣ ‘ਤੇ ਉਨ੍ਹਾਂ ਨੂੰ ਤੁਰੰਤ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ। ਨੌਜਵਾਨ ਕਲੱਬ ਦੀ ਇਸ ਮੁਹਿੰਮ ਨੂੰ ਨਾ ਸਿਰਫ਼ ਪਿੰਡ ਦੀ ਪੰਚਾਇਤ ਦਾ ਪੂਰਾ ਸਮਰਥਨ ਹੈ ਬਲਕਿ ਪਿੰਡ ਦੇ ਲੋਕ ਵੀ ਇਸ ਮੁਹਿੰਮ ‘ਚ ਸ਼ਾਮਲ ਹੋਣ ਦੀ ਹਾਮੀ ਭਰ ਚੁੱਕੇ ਹਨ।
ਸਿਹਤਮੰਦ ਸਮਾਜ ‘ਚ ਨਸ਼ੇ ਦੀ ਕੋਈ ਥਾਂ ਨਹੀਂ
ਪਿੰਡ ਦੇ ਬਾਬਾ ਅਜੀਤ ਸਿੰਘ ਯੁਵਕ ਸੇਵਾਵਾਂ ਕਲੱਬ ਦੀ ਮੀਟਿੰਗ ਪ੍ਰਧਾਨ ਬੂਟਾ ਸਿੰਘ ਦੀ ਅਗਵਾਈ ‘ਚ ਪੰਚਾਇਤ ਘਰ ‘ਚ ਹੋਈ। ਇਸ ‘ਚ ਸੁਖਪਾਲ ਸਿੰਘ ਨੇ ਕਿਹਾ ਕਿ ਸਿਹਤਮੰਤ ਸਮਾਜ ‘ਚ ਨਸ਼ੇ ਦੀ ਕੋਈ ਥਾਂ ਨਹੀਂ ਹੈ। ਇਸ ਲਈ ਪਿੰਡ ‘ਚ ਕਿਸੇ ਨੂੰ ਨਸ਼ਾ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਹਾਲਾਂਕਿ ਪਿੰਡ ਦੇ ਲੋਕ ਪਹਿਲਾਂ ਹੀ ਨਸ਼ੇ ਤੋਂ ਦੂਰ ਹਨ ਫਿਰ ਵੀ ਫੈਸਲਾ ਲਿਆ ਗਿਆ ਹੈ ਕਿ ਜੇਕਰ ਕੋਈ ਨਸ਼ਾ ਵੇਚਣ ਦੇ ਲਈ ਆਉਂਦਾ ਹੈ ਤਾਂ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ‘ਤੇ ਸੁਖਪਾਲ ਸਿੰਘ, ਜਸਵੰਤ ਸਿੰਘ, ਬਲਵੰਤ ਸਿੰਘ, ਰੂਪ ਸਿੰਘ, ਮਲਕੀਤ ਸਿੰਘ ਵੀ ਸ਼ਾਮਲ ਹੋਏ।
ਪਿੰਡ ‘ਚ ਗਾਲ੍ਹ ਕੱਢਣ ‘ਤੇ ਵੀ 500 ਰੁਪਏ ਜੁਰਮਾਨਾ
ਪਿੰਡ ‘ਚ ਗਾਲ੍ਹ ਕੱਢਣ ਵਾਲੇ ‘ਤੇ ਵੀ ਜੁਰਮਾਨਾ ਲਗਾਉਣ ਦਾ ਮਤਾ ਵੀ ਪਾਸ ਕੀਤਾ ਗਿਆ ਹੈ। ਇਸ ਦੇ ਤਹਿਤ ਜੇਕਰ ਕੋਈ ਵੀ ਗਾਲ੍ਹ ਕੱਢੇਗਾ ਤਾਂ ਉਸ ਨੂੰ 500 ਰੁਪਏ ਜੁਰਮਾਨਾ ਤਾਂ ਕੀਤਾ ਹੀ ਜਾਵੇਗਾ ਅਤੇ ਨਾਲ ਹੀ ਉਸ ਵਿਅਕਤੀ ਨੂੰ ਗੁਰਦੁਆਰਾ ਸਾਹਿਬ ਵਿਖੇ ਲੈ ਕੇ ਜਾਇਆ ਜਾਵੇਗਾ ਤਾਂ ਕਿ ਉਹ ਮੁੜ ਤੋਂ ਗਾਲ੍ਹ ਨਾ ਕੱਢ ਸਕੇ। ਇਸ ਦੇ ਨਾਲ ਹੀ ਜੇਕਰ ਕੋਈ ਬਾਹਰਲਾ ਵਿਅਕਤੀ ਆ ਕੇ ਪਿੰਡ ‘ਚ ਗਾਲ੍ਹ ਕੱਢੇਗਾ ਤਾਂ ਪਹਿਲਾਂ ਉਸ ਨੂੰ ਜੁਰਮਾਨਾ ਕੀਤਾ ਜਾਵੇਗਾ, ਜੇਕਰ ਉਹ ਫਿਰ ਵੀ ਨਹੀਂ ਰੁਕਦਾ ਤਾਂ ਉਸ ਵਿਅਕਤੀ ਦਾ ਪਿੰਡ ‘ਚ ਵੜਨਾ ਬੰਦ ਕੀਤਾ ਜਾਵੇਗਾ। ਇਸ ਸਬੰਧੀ ਪਿੰਡ ‘ਚ ਪੋਸਟਰ ਚਿਪਕਾ ਦਿੱਤੇ ਗਏ ਹਨ।
ਲੜਕੀ ਦੇ ਵਿਆਹ ‘ਤੇ 5100 ਰੁਪਏ ਸ਼ਗਨ
ਬੀਬੀਆਂ ਦੀ 11 ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਪਿੰਡ ਦੀ ਹਰ ਲੜਕੀ ਦੇ ਵਿਆਹ ‘ਤੇ 5100 ਰੁਪਏ ਅਤੇ ਨਵਜਨਮੀ ਬੱਚੀ ਨੂੰ 1100 ਰੁਪਏ ਦਾ ਸ਼ਗਨ ਦਿੰਦੀ ਹੈ। ਜਦਕਿ ਕਮੇਟੀ ਦੀ ਚੇਅਰਪਰਸਨ ਪਿੰਡ ਦੀ ਸਾਬਕਾ ਸਰਪੰਚ ਮਲਕੀਤ ਕੌਰ ਹੈ। ਜਿਸ ਦੇ ਨਾਲ ਹੀ ਸਕੱਤਰ ਵੀਰਪਾਲ ਕੌਰ ਤੋਂ ਇਲਾਵਾ ਪਰਮਜੀਤ ਸਿੰਘ, ਹਮੀਰ ਕੌਰ, ਅਮਰਜੀਤ ਕੌਰ, ਬੇਅੰਤ ਕੌਰ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਸੁਖਜੀਤ ਕੌਰ, ਸਵਰਨਜੀਤ ਕੌਰ ਅਤੇ ਪਰਮਜੀਤ ਨੂੰ ਸ਼ਾਮਿਲ ਕੀਤਾ ਗਿਆ ਹੈ।
ਪਿੰਡ ਮਹਿਰਾਜ ਤੋਂ ਅਲੱਗ ਕਰਕੇ 1997 ‘ਚ ਬਣਾਇਆ ਪਿੰਡ ਹਿੰਮਤਪੁਰਾ ‘ਚ ਅਜੇ ਤੱਕ ਕਦੇ ਵੀ ਪੰਚਾਇਤ ਦੀ ਚੋਣ ਨਹੀਂ ਹੋਈ ਹੈ। ਹਰ ਵਾਰ ਸਰਬਸੰਮਤੀ ਨਾਲ ਹੀ ਸਰਪੰਚ ਬਣਾਇਆ ਜਾਂਦਾ ਹੈ। ਇਸ ਦੇ ਤਹਿਤ ਦੋ ਵਾਰ ਪੁਰਸ਼ ਤੇ ਦੋ ਵਾਰ ਮਹਿਲਾ ਸਰਪੰਚ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਪਿੀਂਡ ਦਾ ਕੋਈ ਵੀ ਵਿਅਕਤੀ ਮਾਮਲੇ ਥਾਣੇ ਲੈ ਕੇ ਜਾਣ ਦੀ ਬਜਾਏ ਪੰਚਾਇਤ ‘ਚ ਹੀ ਹੱਲ ਕਰਵਾਉਣਾ ਚਾਹੁੰਦਾ ਹੈ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …